Tuesday, 23 June 2026

ਗਿ੍ਫਤਾਰੀ ਤੇ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ’ਚੋਂ ਲਈ ਵਾਪਸ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਜ਼ਮਾਨਤ ਲੈਣ ਲਈ ਹੁਣ ਪੰਜਾਬ-ਹਰਿਆਣਾ ਹਾਈ ਕੋਰਟ ਦੀ ਸ਼ਰਣ ਲੈਣਗੇ। ਗੱਜਣ ਮਾਜਰਾ ਨੇ ਬੈਂਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਆਪਣੀ ਗਿ੍ਰਫ਼ਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਿਚੋਂ ਵਾਪਸ ਲੈ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਮਾਨਤ ਲੈਣ ਲਈ ਹੁਣ ਪੰਜਾਬ-ਹਰਿਆਣਾ ਹਾਈ ਕੋਰਟ ਜਾਣ ਦੀ ਛੋਟ ਮਿਲ ਗਈ ਹੈ। ਜਸਵੰਤ ਸਿੰਘ ਗੱਜਣ ਮਾਜਰਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ 6 ਦਸੰਬਰ 2023 ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਹੀ ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ’ਚ ਬੰਦ ਹਨ। ਜ਼ਮਾਨਤ ਲੈਣ ਲਈ ਗੱਜਣ ਮਾਜਰਾ 29 ਮਈ ਨੂੰ ਮਾਨਯੋਗ ਸੁਪਰੀਮ ਕੋਰਟ ਵੀ ਪਹੁੰਚੇ ਸਨ ਪਰ ਸੁਪਰੀਮ ਕੋਰਟ ਗੱਜਣ ਮਾਜਰਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਟੋਲ ਪਲਾਜ਼ੇ ਨੂੰ ਫਰੀ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ

ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਬੁੱਧਵਾਰ ਨੂੰ ਹਾਈਕੋਰਟ ਦੇ ਹੁਕਮਾਂ ਤੋਂ ਮੁੜ ਸ਼ੁਰੂ ਹੋ ਗਿਆ। ਕਿਸਾਨ ਆਗੂ ਜਦੋਂ ਅੱਜ ਮੁੜ ਤੋਂ ਟੋਲ ਪਲਾਜ਼ੇ ਨੂੰ ਫਰੀ ਕਰਨ ਲਈ ਇਕੱਤਰ ਹੋਏ ਤਾਂ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਏਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਟੋਲ ਪਲਾਜ਼ੇ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ’ਤੇ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਟੋਲ ਪਲਾਜ਼ਾ ਪਿਛਲੇ 45 ਦਿਨਾਂ ਤੋਂ ਬੰਦ ਪਿਆ ਸੀ, ਜਿਸ ਨੂੰ ਅੱਜ ਪੁਲਿਸ ਦੀ ਮਦਦ ਨਾਲ ਖੋਲ੍ਹਿਆ ਗਿਆ। ਧਿਆਨ ਰਹੇ ਕਿ ਕਿਸਾਨਾਂ ਵਲੋਂ ਵਧੇ ਹੋਏ ਟੋਲ ਰੇਟਾਂ ਦੇ ਵਿਰੋਧ ਵਿਚ ਇਥੇ ਮੋਰਚਾ ਲਗਾਇਆ ਗਿਆ ਸੀ ਅਤੇ ਕਿਸਾਨ ਆਗੂਆਂ ਵਲੋਂ ਇਨ੍ਹਾਂ ਰੇਟਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਸੀ।

ਇਜ਼ਰਾਈਲ ਵੱਲੋਂ ਹਾਨੀਏ ਦੇ ਘਰ ’ਤੇ ਮਿਜ਼ਾਇਲ ਨਾਲ ਕੀਤਾ ਗਿਆ ਹਮਲਾ

ਹਮਾਸ/ਬਿਊਰੋ ਨਿਊਜ਼ : ਹਮਾਸ ਦੇ ਸਿਆਸੀ ਚੀਫ਼ ਇਸਮਾਈਲ ਹਾਨੀਏ ਦੀ ਈਰਾਨ ਵਿਚ ਮੌਤ ਹੋ ਗਈ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਵੱਲੋਂ ਇਸ ਸਬੰਧੀ ਪੁਸ਼ਟੀ ਕੀਤੀ ਗਈ। ਆਈ ਆਰ ਜੀ ਸੀ ਨੇ ਦੱਸਿਆ ਕਿ ਤੇਹਰਾਨ ’ਚ ਹਾਨੀਏ ਦੇ ਘਰ ’ਤੇ ਲੰਘੀ ਰਾਤ 2 ਵਜੇ ਮਿਜ਼ਾਇਲ ਨਾਲ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ’ਚ ਇਸਮਾਈਲ ਹਾਨੀਏ ਸਮੇਤ ਉਸ ਦੇ ਇਕ ਬਾਡੀਗਾਰਡ ਦੀ ਵੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਾਨੀਏ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਆਨ ਦੇ ਸਹੁੰ ਚੁੱਕ ਸਮਾਗਮ ’ਚ ਹਿੱਸਾ ਲੈਣ ਲਈ ਤਹਿਰਾਨ ਪਹੁੰਚੇ ਸਨ। ਹਾਨੀਏ ਦੀ ਮੌਤ ਤੋਂ ਬਾਅਦ ਕਈ ਦੇਸ਼ਾਂ ਵੱਲੋਂ ਵੱਖ-ਵੱਖ ਪ੍ਰਤੀਕਿਰਆਵਾਂ ਦਿੱਤੀਆਂ ਗਈਆਂ ਹਨ। ਰੂਸ ਨੇ ਹਾਨੀਏ ਦੀ ਮੌਤ ਨੂੰ ਰਾਜਨੀਤਿਕ ਹੱਤਿਆ ਕਰਾਰ ਦਿੰਦਿਆ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਧਰ ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਾਨੀਏ ਦੀ ਮੌਤ ਦੱਸਦੀ ਹੈ ਕਿ ਇਜ਼ਰਾਈਲ ਦੀ ਨੇਤਨਯਾਹੂ ਸਰਕਾਰ ਸ਼ਾਂਤੀ ਕਾਇਮ ਨਹੀਂ ਕਰਨਾ ਚਾਹੁੰਦੀ।

 

‘ਆਪ’ ਬੋਲੀ : ਭਾਜਪਾ ਵੱਲੋਂ ਕੇਜਰੀਵਾਲ ਦੀ ਹੱਤਿਆ ਦੀ ਰਚੀ ਜਾ ਰਹੀ ਹੈ ਸਾਜਿਸ਼

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰ ਦੇ ਖਿਲਾਫ਼ ‘ਇੰਡੀਆ ਗੱਠਜੋੜ’ ਵੱਲੋਂ ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਨੌਂ ਹੋਰ ਪਾਰਟੀ ਦੇ ਆਗੂ ਸ਼ਾਮਲ ਹੋਏ। ਇਸ ਮੌਕੇ ‘ਆਪ’ ਆਗੂਆਂ ਨੇ ਭਾਜਪਾ ’ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਅੰਦਰ ਹੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਕੇਜਰੀਵਾਲ ਦੀ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ‘ਆਪ’ ਆਗੂਆਂ ਨੇ ਦਾਅਵਾ ਕੀਤਾ ਕਿ 3 ਜੂਨ ਤੋਂ 7 ਜੁਲਾਈ ਤੱਕ ਉਨ੍ਹਾਂ ਦਾ ਸ਼ੂਗਰ ਲੈਵਲ 34 ਵਾਰ ਘਟਿਆ ਹੈ। ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਕੇਜਰੀਵਾਲ ਦੀ ਹਾਲਤ ਚਿੰਤਾਜਨਕ ਹੈ। ਉਹ ਲੋਕਾਂ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਹਨ ਅਤੇ ਉਨ੍ਹਾਂ ’ਤੇ ਦਿੱਲੀ ਦੇ ਲੋਕਾਂ ਦਾ ਭਰੋਸਾ ਟਿਕਿਆ ਹੋਇਆ। ਅਜਿਹੇ ’ਚ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਨਹੀਂ ਰੱਖਿਆ ਜਾਣਾ ਚਾਹੀਦਾ। ਉਧਰ ਪੰਜਾਬ ਦੇ ਮੋਹਾਲੀ ਵਿਚ ਵੀ ਕੇਜਰੀਵਾਲ ਦੀ ਗਿ੍ਰਫ਼ਤਾਰੀ ਖਿਲਾਫ਼ ‘ਆਪ’ ਆਗੂ ਵੱਲੋਂ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਵਿਧਾਇਕ ਅਤੇ ਵਰਕਰ ਸ਼ਾਮਲ ਹੋਏ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.