Friday, 17 April 2026

ਵੈਨਕੂਵਰ : ਸੋਮਵਾਰ ਨੂੰ ਹੋਈਆਂ ਤਿੰਨ ਸੰਸਦੀ ਉਪ ਚੋਣਾਂ ਲਿਬਰਲ ਪਾਰਟੀ ਦੀ ਝੋਲੀ ਪੈਣ ਨਾਲ ਮਾਰਕ ਕਾਰਨੀ ਸਰਕਾਰ ਨੇ ਬਹੁਮੱਤ ਹਾਸਲ ਕਰ ਲਿਆ ਹੈ। ਆਪਣੇ ਕਾਰਜਕਾਲ ਦਾ ਪਹਿਲਾ ਸਾਲ ਬਿੱਲ ਪਾਸ ਕਰਾਉਣ ਲਈ ਹੋਰ ਪਾਰਟੀਆਂ ਵੱਲ ਝਾਕਣ ਤੋਂ ਬਾਦ ਹੁਣ ਸਰਕਾਰ ਵਲੋਂ ਰਹਿੰਦਾ ਕਾਰਜਕਾਲ (ਤਿੰਨ ਸਾਲ) ਅਸਾਨੀ ਨਾਲ ਪੂਰਾ ਕਰ ਲਿਆ ਜਾਏਗਾ ਅਤੇ ਕਿਸੇ ਵੀ ਸਮੇਂ ਮੱਧਕਾਲੀ ਚੋਣਾਂ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਦੇਰ ਰਾਤ ਆਏ ਨਤੀਜਿਆਂ ਚੋਂ ਪਹਿਲਾ ਨਤੀਜਾ ਯੂਨੀਵਰਸਿਟੀ ਰੋਜ਼ਡੇਲ (ਉਂਟਾਰੀਓ) ਦਾ ਆਇਆ ਜਿਸ ਵਿੱਚ ਲਿਬਰਲ ਪਾਰਟੀ ਦੀ ਉਮੀਦਵਾਰ ਡੈਨੀਅਲ ਮਾਰਟਿਨ ਨੇ ਜਿੱਤ ਹਾਸਲ ਕਰਕੇ ਪਾਰਟੀ ਨੂੰ 172 ਦੇ ਬਹੁਮੱਤ ਵਾਲੇ ਅੰਕੜੇ ’ਤੇ ਜਾ ਖੜਾਇਆ। ਉਸਤੋਂ ਬਾਦ ਸਕਾਰਬਰੋ ਦੀ ਸੀਟ ਤੋਂ ਡੌਲੀ ਬੇਗਮ ਦੀ ਜਿੱਤ ਦਾ ਐਲਾਨ ਹੋ ਗਿਆ।

ਡੌਲੀ ਨੇ ਫਰਵਰੀ ’ਚ ਉਂਟਾਰੀਓ ਐਨਡੀਪੀ ਦੀ ਉਪ ਪ੍ਰਧਾਨਗੀ ਛੱਡ ਕੇ ਲਿਬਰਲ ਪਾਰਟੀ ਦਾ ਪੱਲਾ ਫੜਿਆ ਸੀ ਤੇ ਪਹਿਲੀ ਸੰਸਦੀ ਚੋਣ ਵਿੱਚ ਜਿੱਤ ਹਾਸਲ ਕਰ ਲਈ ਹੈ। ਉਪ ਚੋਣ ਵਾਲੀ ਤੀਜੀ ਸੀਟ ਕੁਬੈਕ ਦੇ ਹਲਕਾ ਟੈਰੀਬੌਨ ਸੀ ਜਿੱਥੇ ਪਿਛਲੀ ਚੋਣ ਵਿੱਚ ਇੱਕ ਵੋਟ ਦੀ ਹਾਰ ਜਿੱਤ ਨੂੰ ਅਦਾਲਤ ਨੇ ਰੱਦ ਕਰਕੇ ਦੁਬਾਰਾ ਚੋਣ ਦਾ ਹੁਕਮ ਸੁਣਾਇਆ ਸੀ। ਲਿਬਰਲ ਪਾਰਟੀ ਦੇ ਉਮੀਦਵਾਰ ਟੈਟਿਆਨਾ ਅਗਸਤੀ ਨੇ ਇਹ ਸੀਟ ਬਲਾਕ ਪਾਰਟੀ ਤੋਂ ਖੋਹ ਕੇ 338 ਮੈਂਬਰੀ ਕੈਨੇਡਿਆਈ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਅੰਕੜਾ 174 ਤੇ ਪਹੁੰਚਾ ਦਿੱਤਾ ਹੈ।

ਬੇਸ਼ੱਕ ਸਿਆਸੀ ਸੂਝ ਵਾਲੇ ਲੋਕ ਪਹਿਲਾਂ ਤੋਂ ਮੰਨ ਰਹੇ ਕਿ ਦੋ ਸੀਟਾਂ ਲਿਬਰਲ ਦੀ ਝੋਲੀ ਪੈ ਸਕਦੀਆਂ ਹਨ, ਪਰ ਨਤੀਜਿਆਂ ਨੇ ਕੁਬੈਕ ਵਾਲੀ ਤੀਜੀ ਸੀਟ ਬਾਰੇ ਕਿਆਸ ਅਰਾਈਆਂ ਨੂੰ ਗਲਤ ਸਾਬਤ ਕਰ ਦਿੱਤਾ ਤੇ ਸੀਟ ਬਲਾਕ ਦੀ ਥਾਂ ਲਿਬਰਲ ਉਮੀਦਵਾਰ ਜੇਤੂ ਰਿਹਾ। ਚੋਣਾਂ ਤੋਂ ਪਹਿਲਾਂ ਪਿਛਲੇ 4-5 ਮਹੀਨਿਆਂ ਵਿੱਚ ਟੋਰੀ ਪਾਰਟੀ ਦੇ ਚਾਰ ਅਤੇ ਐਨਡੀਪੀ ਦੇ ਇੱਕ ਮੈਂਬਰ ਨੇ ਪਾਰਟੀਆਂ ਛੱਡ ਕੇ ਲਿਬਰਲ ਪਾਰਟੀ ਦਾ ਪੱਲਾ ਫੜ ਕੇ ਉਸਨੂੰ ਬਹੁਮੱਤ ਦੇ ਐਨ ਕੋਲ (ਸਿਰਫ ਇੱਕ ਘੱਟ) ਪਹੁੰਚਾ ਦਿੱਤਾ ਸੀ, ਜਿਸ ਕਾਰਣ ਮਾਰਕ ਕਾਰਨੀ ਸਰਕਾਰ ਵਲੋਂ ਸੰਸਦ ਚ ਪੇਸ਼ ਸਾਰੇ ਬਿੱਲ ਪਾਸ ਹੁੰਦੇ ਆਏ। ਦੱਸਣਾ ਬਣਦਾ ਹੈ ਕਿ ਜੇਕਰ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਵਲੋਂ ਪੇਸ਼ ਕੋਈ ਵਿੱਤੀ ਬਿੱਲ ਪਾਸ ਨਾ ਹੁੰਦਾ ਤਾਂ ਗਵਨਰ ਜਨਰਲ ਨੂੰ ਉਸੇ ਵੇਲੇ ਸਰਕਾਰ ਤੋੜ ਕੇ ਸੰਸਦੀ ਚੋਣਾਂ ਦਾ ਐਲਾਨ ਕਰਨਾ ਪੈਣਾ ਸੀ

ਬ੍ਰਿਟਿਸ਼ ਕੋਲੰਬੀਆ : ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰਸਿ਼ਪ ਉਮੀਦਵਾਰ Peter Milobar  ਦੇ ਕੈਂਪੇਨ `ਤੇ ਨਿਯਮਾਂ ਦੀ ਉਲੰਘਣਾ ਲਈ ਜੁਰਮਾਨਾ ਲਗਾਇਆ ਗਿਆ ਹੈ। ਪਾਰਟੀ ਅਨੁਸਾਰ, ਲੀਡਰਸਿ਼ਪ ਦੌੜ ਵਿੱਚ ਬਣੇ ਰਹਿਣ ਲਈ ਉਮੀਦਵਾਰਾਂ ਨੂੰ ਨਿਰਧਾਰਿਤ ਫੀਸ ਸਮੇਂ `ਤੇ ਜਮ੍ਹਾਂ ਕਰਵਾਉਣੀ ਹੁੰਦੀ ਹੈ। ਤੀਜੀ ਫੀਸ 40,000 ਡਾਲਰ ਦੀ 1 ਅਪ੍ਰੈਲ ਤੱਕ ਜਮ੍ਹਾਂ ਹੋਣੀ ਸੀ, ਪਰ ਮਿਲੋਬਾਰ ਦਾ ਭੁਗਤਾਨ 2 ਅਪ੍ਰੈਲ ਨੂੰ ਮਿਲਿਆ। ਕੈਂਪੇਨ ਵੱਲੋਂ 29 ਮਾਰਚ ਨੂੰ ਚੈਕ ਦੀ ਤਸਵੀਰ ਭੇਜੀ ਗਈ ਸੀ, ਪਰ ਇਹ ਆਮ ਡਾਕ ਰਾਹੀਂ ਦੇਰ ਨਾਲ ਪਹੁੰਚਿਆ। ਇਸ ਮਾਮਲੇ ਨੂੰ ਲੀਡਰਸਿ਼ਪ ਇਲੈਕਸ਼ਨ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ।    

ਵਿਨੀਪੈਗ : ਕੈਨੇਡਾ ਵਿੱਚ ਕ੍ਰਿਕਟ ਦੀ ਗਵਰਨਿੰਗ ਬਾਡੀ, ਕ੍ਰਿਕੇਟ ਕੈਨੇਡਾ ਨੇ ਅਰਵਿੰਦਰ ਖੋਸਾ ਨੂੰ ਆਪਣਾ ਨਵਾਂ ਪ੍ਰਧਾਨ ਚੁਣਨ ਦਾ ਐਲਾਨ ਕੀਤਾ। ਅਰਵਿੰਦਰ ਸਿੰਘ ਖੋਸਾ ਉਰਫ਼ ਅਫ਼ਰੀਦੀ ਨੇ ਕ੍ਰਿਕੇਟ ਕੈਨੇਡਾ ਦੇ ਪ੍ਰਧਾਨ ਦੀ ਚੋਣ ਜਿੱਤਣ ਵਿਚ ਕਾਮਯਾਬੀ ਹਾਸਲ ਕਰ ਲਈ। ਕ੍ਰਿਕਟ ਕੈਨੇਡਾ ਕੈਨੇਡਾ ਵਿੱਚ ਕ੍ਰਿਕਟ ਦੀ ਖੇਡ ਲਈ ਅਧਿਕਾਰਤ ਪ੍ਰਬੰਧਕ ਸੰਸਥਾ ਹੈ। ਖੋਸਾ ਦੀ ਇਸ ਟੀਮ ਵਿਚ ਸ਼ਾਮਲ ਹੋਣ ਵਾਲੇ ਨਵੇਂ ਚੁਣੇ ਗਏ ਸਕੱਤਰ ਪਰਮਜੀਤ ਸ਼ਾਹੀ ਹਨ, ਜੋ ਵਿਨੀਪੈਗ, ਮੈਨੀਟੋਬਾ ਤੋਂ ਇੱਕ ਕਮਿਊਨਿਟੀ ਆਗੂ ਹਨ, ਜੋ ਕ੍ਰਿਕਟ ਮੈਨੀਟੋਬਾ ਵਿਚ ਕ੍ਰਿਕੇਟ ਦੇ ਵਿਕਾਸ ਵਿੱਚ ਸਰਗਰਮੀ ਨਾਲ ਸ਼ਾਮਲ ਹਨ, ਜਿਸ ਵਿੱਚ ਬੁਨਿਆਦੀ ਢਾਂਚੇ ਅਤੇ ਯੂਥ ਪ੍ਰੋਗਰਾਮਿੰਗ ਦਾ ਸਮਰਥਨ ਕਰਨਾ ਸ਼ਾਮਲ ਹੈ।

ਇਹ ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ, ਕੈਨੇਡਾ ਸਰਕਾਰ ਅਤੇ ਕੈਨੇਡੀਅਨ ਓਲੰਪਿਕ ਕਮੇਟੀ ਦੁਆਰਾ ਮਾਨਤਾ ਪ੍ਰਾਪਤ ਇੱਕ ਗੈਰ-ਮੁਨਾਫ਼ਾ ਸੰਸਥਾ ਹੈ। ਕੈਨੇਡੀਅਨ ਕ੍ਰਿਕੇਟ ਟੀਮ ਦੀ ਕਪਤਾਨੀ ਪੰਜਾਬੀ ਨੌਜਵਾਨ ਦੇ ਹੱਥਾਂ ਵਿਚ ਜਾਣ ਮਗਰੋਂ ਕ੍ਰਿਕੇਟ ਕੈਨੇਡਾ ਦੀ ਵਾਗਡੋਰ ਫ਼ਿਰੋਜ਼ਪੁਰ ਦੇ ਅਰਵਿੰਦਰ ਸਿੰਘ ਖੋਸਾ ਨੇ ਸੰਭਾਲ ਲਈ ਹੈ। ਖੋਸਾ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ ਇੱਕ ਬਹੁਤ ਹੀ ਸਤਿਕਾਰਤ ਕ੍ਰਿਕੇਟ ਪ੍ਰਸ਼ਾਸਕ ਅਤੇ ਕਮਿਊਨਿਟੀ ਆਗੂ ਹੈ, ਜਿਸ ਦੀ ਖੇਡ ਵਿੱਚ ਲੰਬੇ ਸਮੇਂ ਤੋਂ ਸ਼ਮੂਲੀਅਤ ਹੈ।

ਕੈਨੇਡਾ ਵਿਚ ਅਫ਼ਰੀਦੀ ਵਜੋਂ ਪ੍ਰਸਿੱਧ ਅਰਵਿੰਦਰ ਖੋਸਾ ਨੇ ਦੱਸਿਆ ਕਿ ਕ੍ਰਿਕੇਟ ਕੈਨੇਡਾ ਦੀਆਂ ਚੋਣਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਸਨ ਅਤੇ ਕੌਮਾਂਤਰੀ ਕ੍ਰਿਕੇਟ ਕੌਂਸਲ ਵੀ ਜਲਦ ਤੋਂ ਜਲਦ ਚੋਣਾਂ ਕਰਵਾਉਣ ਦਾ ਦਬਾਅ ਪਾ ਰਹੀ ਸੀ ਪਰ ਕੋਈ ਵਾਹ ਨਾ ਚਲਦੀ ਵੇਖ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬੀਤੇ ਦਿਨੀਂ ਹੋਈਆਂ ਚੋਣਾਂ ਦੌਰਾਨ ਕੈਨੇਡਾ ਦੇ 10 ਸੂਬਿਆਂ ਵਿਚੋਂ ਅੱਠ ਅਰਵਿੰਦਰ ਸਿੰਘ ਖੋਸਾ ਦੇ ਹੱਕ ਵਿਚ ਭੁਗਤੇ ਅਤੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ।

ਅਰਵਿੰਦਰ ਸਿੰਘ ਖੋਸਾ ਨੇ ਕਿਹਾ ਕਿ ਕੈਨੇਡੀਅਨ ਕ੍ਰਿਕੇਟ ਨੂੰ ਕੌਮਾਂਤਰੀ ਬੁਲੰਦੀਆਂ ’ਤੇ ਲਿਜਾਣ ਲਈ ਪੂਰੀ ਵਾਹ ਲਾ ਦੇਣਗੇ "ਕੈਨੇਡਾ ਵਿੱਚ ਕ੍ਰਿਕੇਟ ਲਈ ਇਹ ਇੱਕ ਮਹੱਤਵਪੂਰਨ ਪਲ ਹੈ। "ਅਸੀਂ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਖੇਡ ਦਾ ਸਮਰਥਨ ਕਰਨ ਲਈ ਆਪਣੇ ਮੈਂਬਰਾਂ ਅਤੇ ਭਾਈਵਾਲਾਂ ਨਾਲ ਕੰਮ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਜਿਸ ਵਿੱਚ ਅਖੰਡਤਾ, ਜਵਾਬਦੇਹੀ ਅਤੇ ਨਿਰੰਤਰ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ"। ਵੱਡੀ ਲੀਡ ਨਾਲ ਜਿੱਤੇ ਇਸ ਨੌਜਵਾਨ ਤੋਂ ਕੈਨੇਡਾ ਵਾਸੀ ਕ੍ਰਿਕੇਟ ਦੇ ਸੁਨਹਿਰੀ ਭਵਿੱਖ ਨੂੰ ਵੇਖ ਰਹੇ ਹਨ। ਅਰਵਿੰਦਰ ਦੇ ਖੇਡਣ ਦੇ ਸਟਾਈਲ ਕਰ ਕੇ ਹੀ ਉਸ ਦੇ ਹਾਣੀ ਉਸ ਨੂੰ ‘ਅਫ਼ਰੀਦੀ’ ਕਹਿ ਕੇ ਬੁਲਾਉਂਦੇ ਸਨ। ਕੈਨੇਡੀਅਨ ਕ੍ਰਿਕੇਟ ਵਿਚ ਸਿਖਰਲਾ ਰੁਤਬਾ ਹਾਸਲ ਹੋਣ ’ਤੇ ਅਰਵਿੰਦਰ ਸਿੰਘ ਖੋਸਾ ਨੂੰ ਲਗਾਤਾਰ ਵਧਾਈ ਸੁਨੇਹੇ ਆ ਰਹੇ ਹਨ।

ਓਟਵਾ: ਕੈਨੇਡਾ ਦੇ ਵਿੱਤ ਮੰਤਰੀ ਫ਼੍ਰੈਂਸੁਆ-ਫ਼ਿਲਿਪ ਸ਼ੈਂਪੇਨ ਦਾ ਚੀਨ ਦੌਰਾ ਸਮਾਪਤ ਹੋ ਚੁੱਕਿਆ ਹੈ, ਪਰ ਇਸ ਦੌਰੇ ਤੋਂ ਬਾਅਦ ਵੀ ਚੀਨ ਵੱਲੋਂ ਕੈਨੇਡੀਅਨ ਪੋਰਕ `ਤੇ ਲੱਗੇ ਟੈਰਿਫ਼ ਬਰਕਰਾਰ ਹਨ। ਹਾਲਾਂਕਿ, ਸ਼ੈਂਪੇਨ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਮਕਸਦ ਦੋਨਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਸੀ ਅਤੇ ਇਹ ਕੰਮ ਹੌਲੀ-ਹੌਲੀ ਅੱਗੇ ਵਧਦਾ ਹੈ।   ਸ਼ੈਂਪੇਨ ਨੇ ਕਿਹਾ ਕਿ ਇੱਕ ਹੀ ਮੀਟਿੰਗ ਵਿੱਚ ਸਾਰੇ ਮਸਲੇ ਹੱਲ ਨਹੀਂ ਹੁੰਦੇ। ਉਨ੍ਹਾਂ ਮੁਤਾਬਕ, ਵਪਾਰਕ ਅਤੇ ਰਾਜਨੀਤਕ ਮਸਲਿਆਂ ਵਿੱਚ ਪਹਿਲਾਂ ਭਰੋਸਾ ਅਤੇ ਸੰਬੰਧ ਬਣਾਉਣੇ ਪੈਂਦੇ ਹਨ, ਜਿਸ ਤੋਂ ਬਾਅਦ ਹੀ ਵੱਡੇ ਫੈਸਲੇ ਸੰਭਵ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵੇਲੇ ਕੈਨੇਡਾ ਦੇ ਪੋਰਕ `ਤੇ 25 ਫੀਸਦੀ ਵਾਧੂ ਟੈਕਸ ਲੱਗ ਰਿਹਾ ਹੈ, ਜੋ ਉਸ ਸਮੇਂ ਲੱਗਿਆ ਸੀ ਜਦੋਂ ਕੈਨੇਡਾ ਨੇ ਅਮਰੀਕਾ ਦੀ ਤਰ੍ਹਾਂ ਚੀਨੀ ਇਲੈਕਟ੍ਰਿਕ ਵਾਹਨਾਂ ‘ਤੇ 100 ਫੀਸਦੀ ਟੈਕਸ ਲਗਾਇਆ ਸੀ।

 ਇਸ ਤੋਂ ਇਲਾਵਾ, ਚੀਨ ਨੇ ਕੈਨੋਲਾ ਮੀਲ ਸਮੇਤ ਹੋਰ ਖੇਤੀਬਾੜੀ ਉਤਪਾਦਾਂ ‘ਤੇ ਵੀ ਟੈਰਿਫ਼ ਲਗਾਏ ਸਨ। ਹਾਲਾਂਕਿ ਜਨਵਰੀ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੋਇਆ ਸੀ, ਜਿਸ ਤਹਿਤ ਕੈਨੇਡਾ 49,000 ਚੀਨੀ ਇਲੈਕਟ੍ਰਿਕ ਵਾਹਨਾਂ ਨੂੰ ਘੱਟ ਟੈਰਿਫ਼ ‘ਤੇ ਆਉਣ ਦੀ ਇਜਾਜ਼ਤ ਦੇਵੇਗਾ ਅਤੇ ਇਸ ਦੇ ਬਦਲੇ ਚੀਨ ਖੇਤੀਬਾੜੀ ਉਤਪਾਦਾਂ ‘ਤੇ ਲੱਗੇ ਟੈਕਸ ਘਟਾਉਣ ਜਾਂ ਹਟਾਉਣ ਲਈ ਤਿਆਰ ਹੋਇਆ ਸੀ। ਫਿਰ ਵੀ ਪੋਰਕ ਅਤੇ ਸਮੁੰਦਰੀ ਭੋਜਨ ਨਾਲ ਜੁੜੇ ਮਸਲੇ ਅਜੇ ਵੀ ਬਾਕੀ ਹਨ।

 ਇਸ ਦੌਰੇ ਦੌਰਾਨ ਸ਼ੈਂਪੇਨ ਨੇ ਚੀਨ ਦੇ ਵਿੱਤ ਮੰਤਰੀ ਲੈਨ ਫ਼ੋ’ਆਨ ਅਤੇ ਵਾਇਸ-ਪ੍ਰੀਮੀਅਰ ਹੀ ਲਾਈਫ਼ੈਂਗ ਨਾਲ ਵੀ ਮੀਟਿੰਗ ਕੀਤੀ। ਇਸ ਦੌਰਾਨ ਇਹ ਗੱਲਬਾਤ ਹੋਈ ਕਿ ਕੈਨੇਡਾ ਦੀਆਂ ਬੈਂਕਾਂ ਅਤੇ ਵਿੱਤੀ ਕੰਪਨੀਆਂ ਨੂੰ ਚੀਨ ਵਿੱਚ ਹੋਰ ਵੱਧ ਮੌਕੇ ਦਿੱਤੇ ਜਾਣ। ਇਸ ਵਿੱਚ ਕੈਨੇਡੀਅਨ ਬੈਂਕਾਂ ਨੂੰ ਹੋਰ ਲਾਇਸੈਂਸ ਅਤੇ ਚੀਨ ਦੇ ਬਾਂਡ ਮਾਰਕੀਟ ਵਿੱਚ ਵੱਧ ਪਹੁੰਚ ਦੇਣ ਦੀ ਗੱਲ ਵੀ ਸ਼ਾਮਲ ਹੈ।

 ਸ਼ੈਂਪੇਨ ਨੇ ਕਿਹਾ ਕਿ ਵਪਾਰ ਵਧਾਉਣ ਲਈ ਵਿੱਤੀ ਸੇਵਾਵਾਂ ਬਹੁਤ ਜ਼ਰੂਰੀ ਹੁੰਦੀਆਂ ਹਨ, ਕਿਉਂਕਿ ਇਸ ਨਾਲ ਨਿਰਯਾਤ ਕਰਨ ਵਾਲੀਆਂ ਕੰਪਨੀਆਂ ਨੂੰ ਮਦਦ ਮਿਲਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਚੀਨ ਦੇ ਵਾਇਸ-ਪ੍ਰੀਮੀਅਰ ਹੀ ਲਾਈਫ਼ੈਂਗ ਕੈਨੇਡਾ ਦਾ ਦੌਰਾ ਕਰਨਗੇ।

  ਸ਼ੈਂਪੇਨ ਨੇ ਦੱਸਿਆ ਕਿ ਚੀਨ ਨਾਲ ਗੱਲਬਾਤ ਦੌਰਾਨ ਮਨੁੱਖੀ ਅਧਿਕਾਰਾਂ ਅਤੇ ਸਪਲਾਈ ਚੇਨ ਦੀ ਸੁਥਰੀ ਪ੍ਰਣਾਲੀ ਦਾ ਮਸਲਾ ਵੀ ਚੁੱਕਿਆ ਗਿਆ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਚੀਨੀ ਅਧਿਕਾਰੀਆਂ ਦਾ ਇਸ ਬਾਰੇ ਕੀ ਜਵਾਬ ਸੀ।

  ਇਹ ਮਾਮਲਾ ਉਸ ਵੇਲੇ ਵੀ ਚਰਚਾ ਵਿੱਚ ਆਇਆ ਜਦੋਂ ਲਿਬਰਲ ਐਮਪੀ ਮਾਈਕਲ ਮਾ ਨੇ ਇੱਕ ਮੀਟਿੰਗ ਦੌਰਾਨ ਚੀਨ ਵਿੱਚ ਜਬਰਨ ਮਜ਼ਦੂਰੀ ਦੇ ਮਾਮਲੇ ‘ਤੇ ਟਿੱਪਣੀ ਕੀਤੀ ਸੀ। ਬਾਅਦ ਵਿੱਚ ਮਾ ਨੇ ਮੁਆਫ਼ੀ ਮੰਗ ਲਈ ਅਤੇ ਕਿਹਾ ਕਿ ਉਹ ਸ਼ੈਨਜ਼ੈਨ ਬਾਰੇ ਗੱਲ ਕਰ ਰਹੇ ਸਨ, ਨਾ ਕਿ ਜ਼ਿਨਜਿਆਂਗ ਖੇਤਰ ਬਾਰੇ, ਜਿੱਥੇ ਵੀਗਰ ਮੁਸਲਮਾਨਾਂ ਨਾਲ ਬੁਰੇ ਵਤੀਰੇ ਦੇ ਦੋਸ਼ ਲੱਗਦੇ ਰਹੇ ਹਨ।

  ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਿਹਾ ਕਿ ਕੈਨੇਡਾ ਇਹ ਯਕੀਨੀ ਬਣਾਉਣ ਲਈ ਸਖ਼ਤ ਕਦਮ ਲੈਂਦਾ ਹੈ ਕਿ ਜਬਰਨ ਮਜ਼ਦੂਰੀ ਨਾਲ ਬਣੇ ਸਮਾਨ ਸਪਲਾਈ ਚੇਨ ਵਿੱਚ ਸ਼ਾਮਲ ਨਾ ਹੋਣ। ਉਨ੍ਹਾਂ ਕਿਹਾ ਕਿ ਮਾਈਕਲ ਮਾ ਨੇ ਮੁਆਫ਼ੀ ਮੰਗ ਕੇ ਠੀਕ ਕੀਤਾ ਅਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਹੈ।

  ਕੁੱਲ ਮਿਲਾ ਕੇ, ਸ਼ੈਂਪੇਨ ਦਾ ਚੀਨ ਦੌਰਾ ਤੁਰੰਤ ਨਤੀਜੇ ਤਾਂ ਨਹੀਂ ਲੈ ਕੇ ਆਇਆ, ਪਰ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਵਿੱਤੀ ਸਹਿਯੋਗ ਵਧਾਉਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।   

ਓਟਵਾ : ਕੈਨੇਡਾ ਦੇ ਮਹਿੰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਹਲਕੀ ਗਿਰਾਵਟ ਆਈ ਹੈ, ਪਰ ਮਾਹਰਾਂ ਦੇ ਅਨੁਸਾਰ ਇਹ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵੱਡਾ ਮੌਕਾ ਨਹੀਂ ਬਣਿਆ। TD Economics ਦੀ ਰਿਪੋਰਟ ਮੁਤਾਬਕ 2026 ਵਿੱਚ ਕੀਮਤਾਂ ਲਗਭਗ 0.3 ਫੀਸਦੀ ਘੱਟ ਹੋ ਸਕਦੀਆਂ ਹਨ, ਜਦਕਿ ਵਿਕਰੀ ਵੀ 1.8 ਫੀਸਦੀ ਘਟਣ ਦੀ ਸੰਭਾਵਨਾ ਹੈ।

 ਪਿਛਲੇ ਛੇ ਮਹੀਨਿਆਂ ਵਿੱਚ ਰੀਅਲ ਅਸਟੇਟ ਮਾਰਕੀਟ ਕਮਜ਼ੋਰ ਰਹੀ ਹੈ, ਖਾਸ ਕਰਕੇ ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ। ਵਿਆਜ ਦਰਾਂ ਘਟਣ ਦੇ ਬਾਵਜੂਦ, ਮੌਰਗੇਜ ਭੁਗਤਾਨ ਹਾਲੇ ਵੀ ਉੱਚੇ ਹਨ, ਜਿਸ ਨਾਲ ਖਰੀਦਦਾਰਾਂ ਲਈ ਦਬਾਅ ਬਣਿਆ ਹੋਇਆ ਹੈ। Bank of Canada  ਦੀ ਦਰ 2.25 ਫੀਸਦੀ ਹੋਣ ਦੇ ਬਾਵਜੂਦ ਪਿਛਲੇ ਸਾਲਾਂ ਨਾਲੋਂ ਵੱਧ ਮੰਨੀ ਜਾ ਰਹੀ ਹੈ।

 ਓਂਟਾਰੀਓ ਪ੍ਰੀਮੀਅਰ ਡਗ ਫੋਰਡ ਵੱਲੋਂ ਨਵੇਂ ਘਰਾਂ `ਤੇ HST ਹਟਾਉਣ ਦੀ ਯੋਜਨਾ ਐਲਾਨੀ ਗਈ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਵੱਡਾ ਫਰਕ ਨਹੀਂ ਪਵੇਗਾ। Simon Fraser University  ਦੇ ਪ੍ਰੋਫੈਸਰ ਆਂਡਰੇ ਪੈਵਲੋਵ ਮੁਤਾਬਕ, ਘਰ ਤਦੋਂ ਹੀ ਸਸਤੇ ਹੋ ਸਕਦੇ ਹਨ ਜਦੋਂ ਆਮਦਨ ਵਧੇ ਅਤੇ ਕੀਮਤਾਂ ਸਥਿਰ ਹੋਣ।

Statistics Canada ਦੇ ਅੰਕੜਿਆਂ ਅਨੁਸਾਰ, 1981 ਤੋਂ 2024 ਤੱਕ ਤਨਖਾਹਾਂ 20 ਫੀਸਦੀ ਵਧੀਆਂ ਹਨ, ਜਦਕਿ ਘਰਾਂ ਦੀਆਂ ਕੀਮਤਾਂ 163.5 ਫੀਸਦੀ ਚੜ੍ਹ ਗਈਆਂ ਹਨ। ਇਸੇ ਦੌਰਾਨ ਨਵੇਂ ਪ੍ਰੋਜੈਕਟ ਰੱਦ ਹੋਣ ਨਾਲ ਭਵਿੱਖ ਵਿੱਚ ਘਰਾਂ ਦੀ ਘਾਟ ਹੋ ਸਕਦੀ ਹੈ, ਜਿਸ ਨਾਲ ਕੀਮਤਾਂ ਦੁਬਾਰਾ ਤੇਜ਼ੀ ਨਾਲ ਵੱਧਣ ਦਾ ਖਤਰਾ ਬਣਿਆ ਹੋਇਆ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.