ਓਟਵਾ : ਕੈਨੇਡਾ ਦੇ ਮਹਿੰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਹਲਕੀ ਗਿਰਾਵਟ ਆਈ ਹੈ, ਪਰ ਮਾਹਰਾਂ ਦੇ ਅਨੁਸਾਰ ਇਹ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵੱਡਾ ਮੌਕਾ ਨਹੀਂ ਬਣਿਆ। TD Economics ਦੀ ਰਿਪੋਰਟ ਮੁਤਾਬਕ 2026 ਵਿੱਚ ਕੀਮਤਾਂ ਲਗਭਗ 0.3 ਫੀਸਦੀ ਘੱਟ ਹੋ ਸਕਦੀਆਂ ਹਨ, ਜਦਕਿ ਵਿਕਰੀ ਵੀ 1.8 ਫੀਸਦੀ ਘਟਣ ਦੀ ਸੰਭਾਵਨਾ ਹੈ।
ਪਿਛਲੇ ਛੇ ਮਹੀਨਿਆਂ ਵਿੱਚ ਰੀਅਲ ਅਸਟੇਟ ਮਾਰਕੀਟ ਕਮਜ਼ੋਰ ਰਹੀ ਹੈ, ਖਾਸ ਕਰਕੇ ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ। ਵਿਆਜ ਦਰਾਂ ਘਟਣ ਦੇ ਬਾਵਜੂਦ, ਮੌਰਗੇਜ ਭੁਗਤਾਨ ਹਾਲੇ ਵੀ ਉੱਚੇ ਹਨ, ਜਿਸ ਨਾਲ ਖਰੀਦਦਾਰਾਂ ਲਈ ਦਬਾਅ ਬਣਿਆ ਹੋਇਆ ਹੈ। Bank of Canada ਦੀ ਦਰ 2.25 ਫੀਸਦੀ ਹੋਣ ਦੇ ਬਾਵਜੂਦ ਪਿਛਲੇ ਸਾਲਾਂ ਨਾਲੋਂ ਵੱਧ ਮੰਨੀ ਜਾ ਰਹੀ ਹੈ।
ਓਂਟਾਰੀਓ ਪ੍ਰੀਮੀਅਰ ਡਗ ਫੋਰਡ ਵੱਲੋਂ ਨਵੇਂ ਘਰਾਂ `ਤੇ HST ਹਟਾਉਣ ਦੀ ਯੋਜਨਾ ਐਲਾਨੀ ਗਈ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਵੱਡਾ ਫਰਕ ਨਹੀਂ ਪਵੇਗਾ। Simon Fraser University ਦੇ ਪ੍ਰੋਫੈਸਰ ਆਂਡਰੇ ਪੈਵਲੋਵ ਮੁਤਾਬਕ, ਘਰ ਤਦੋਂ ਹੀ ਸਸਤੇ ਹੋ ਸਕਦੇ ਹਨ ਜਦੋਂ ਆਮਦਨ ਵਧੇ ਅਤੇ ਕੀਮਤਾਂ ਸਥਿਰ ਹੋਣ।
Statistics Canada ਦੇ ਅੰਕੜਿਆਂ ਅਨੁਸਾਰ, 1981 ਤੋਂ 2024 ਤੱਕ ਤਨਖਾਹਾਂ 20 ਫੀਸਦੀ ਵਧੀਆਂ ਹਨ, ਜਦਕਿ ਘਰਾਂ ਦੀਆਂ ਕੀਮਤਾਂ 163.5 ਫੀਸਦੀ ਚੜ੍ਹ ਗਈਆਂ ਹਨ। ਇਸੇ ਦੌਰਾਨ ਨਵੇਂ ਪ੍ਰੋਜੈਕਟ ਰੱਦ ਹੋਣ ਨਾਲ ਭਵਿੱਖ ਵਿੱਚ ਘਰਾਂ ਦੀ ਘਾਟ ਹੋ ਸਕਦੀ ਹੈ, ਜਿਸ ਨਾਲ ਕੀਮਤਾਂ ਦੁਬਾਰਾ ਤੇਜ਼ੀ ਨਾਲ ਵੱਧਣ ਦਾ ਖਤਰਾ ਬਣਿਆ ਹੋਇਆ ਹੈ।


