Tuesday, 23 June 2026

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 3 ਫਰਵਰੀ ਨੂੰ ਅਹੁਦੇ ਤੋਂ ਦਿੱਤਾ ਸੀ ਅਸਤੀਫ਼ਾ

ਚੰਡੀਗੜ੍ਹ/ਬਿਊਰੋ ਨਿਊਜ਼ : ਅਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ। ਕਟਾਰੀਆ ਰਾਜਸਥਾਨ ਭਾਜਪਾ ਦੇ ਸੀਨੀਅਰ ਆਗੂ ਹਨ ਤੇ ਉਹ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਲੈਣਗੇ। ਪੁਰੋਹਿਤ ਨੇ 3 ਫਰਵਰੀ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਸ਼ਨਿੱਚਰਵਾਰ ਦੇਰ ਰਾਤ ਨੂੰ ਕੀਤੀਆਂ ਕੁਝ ਨਵੀਆਂ ਨਿਯੁਕਤੀਆਂ ਤੇ ਫੇਰਬਦਲ ਵਿਚ ਰਾਸ਼ਟਰਪਤੀ ਮੁਰਮੂ ਨੇ ਛੇ ਨਵੇਂ ਰਾਜਪਾਲਾਂ ਨੂੰ ਨਿਯੁਕਤ ਤੇ ਤਿੰਨ ਨੂੰ ਤਬਦੀਲ ਕੀਤਾ ਹੈ। ਮਹਾਰਾਸ਼ਟਰ ਅਸੈਂਬਲੀ ਦੇ ਸਾਬਕਾ ਸਪੀਕਰ ਹਰੀਭਾਊ ਕਿਸ਼ਨਰਾਓ ਬਾਗੜੇ ਨੂੰ ਰਾਜਸਥਾਨ ਦਾ ਰਾਜਪਾਲ ਜਦੋਂਕਿ ਤਿ੍ਰਪੁਰਾ ਦੇ ਸਾਬਕਾ ਉਪ ਮੁੱਖ ਮੰਤਰੀ ਜਿਸ਼ਨੂ ਦੇਵ ਵਰਮਾ ਨੂੰ ਤਿਲੰਗਾਨਾ ਦਾ ਰਾਜਪਾਲ ਲਾਇਆ ਗਿਆ ਹੈ। ਸਾਬਕਾ ਰਾਜ ਸਭਾ ਮੈਂਬਰ ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਿਮ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੂੰ ਝਾਰਖੰਡ, ਅਸਾਮ ਤੋਂ ਸਾਬਕਾ ਲੋਕ ਸਭਾ ਮੈਂਬਰ ਰਮਨ ਡੇਕਾ ਨੂੰ ਛੱਤੀਸਗੜ੍ਹ, ਕਰਨਾਟਕ ਸਰਕਾਰ ’ਚ ਸਾਬਕਾ ਮੰਤਰੀ ਸੀ.ਐੱਚ.ਵਿਜੈਸੰਕਰ ਨੂੰ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਝਾਰਖੰਡ ਦੇ ਮੌਜੂਦਾ ਰਾਜਪਾਲ ਸੀਪੀ ਰਾਧਾਕਿ੍ਰਸ਼ਨਨ ਨੂੰ ਮਹਾਰਾਸ਼ਟਰ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਕਿੱਮ ਦੇ ਰਾਜਪਾਲ ਲਕਸ਼ਣ ਪ੍ਰਸਾਦ ਅਚਾਰੀਆ ਨੂੰ ਅਸਾਮ ਤਬਦੀਲ ਕਰਨ ਦੇ ਨਾਲ ਮਨੀਪੁਰ ਦੇ ਰਾਜਪਾਲ ਦਾ ਵਧੀਕ ਚਾਰਜ ਵੀ ਦਿੱਤਾ ਗਿਆ ਹੈ। ਸਾਬਕਾ ਆਈਏਐੱਸ ਅਧਿਕਾਰੀ ਕੇ.ਕੈਲਾਸ਼ਨਾਥਨ ਨੂੰ ਪੁੱਡੂਚੇਰੀ ਦਾ ਰਾਜਪਾਲ ਲਾਇਆ ਗਿਆ ਹੈ।

 

ਕਿਹਾ : ਕਾਂਗਰਸ ਅਤੇ ‘ਆਪ’ ਦੀ ਸ਼ਹਿ ’ਤੇ ਕੁੱਝ ਕਿਸਾਨ ਜਥੇਬੰਦੀਆਂ ਨੇ ਕੀਤਾ ਸੀ ਭਾਜਪਾ ਦਾ ਵਿਰੋਧ

ਸੁਨਾਮ/ਬਿਊਰੋ ਨਿਊਜ਼ : ਕੇਂਦਰੀ ਰੇਲਵੇ ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਅੱਜ ਸੁਨਾਮ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਸ਼ਹੀਦ ਊਧਮ ਸਿੰਘ ਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਉਪਰੰਤ ਉਨ੍ਹਾਂ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਅਤੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ ਦੀ ਅਗਵਾਈ ਵਿਚ ਸੁਨਾਮ ’ਚ ਭਾਰੀ ਇਕੱਠ ਨੂੰ ਸੰਬੋਧਨ ਵੀ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ 25 ਲੱਖ ਵੋਟ ਹਾਸਿਲ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸ਼ਹਿ ’ਤੇ ਕੁਝ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਦਾ ਜਾਣ ਬੁੱਝ ਕੇ ਵਿਰੋਧ ਕੀਤਾ ਗਿਆ ਜੋ ਕਿ ਹੁਣ ਗੱਲ ਜ਼ਾਹਿਰ ਹੋ ਗਈ ਹੈ ਕਿਉਂਕਿ ਅਜਿਹੇ ਕਿਸਾਨ ਆਗੂਆਂ ਵਲੋਂ ਦਿੱਲੀ ਜਾ ਕੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨਾਲ ਮੀਟਿੰਗਾਂ ਕਰਕੇ ਜੱਫੀਆਂ ਪਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪੰਜਾਬ ਵਿਚ 70 ਤੋਂ ਵੱਧ ਨਕਲੀ ਕਿਸਾਨ ਜਥੇਬੰਦੀਆਂ ਪੈਦਾ ਹੋ ਗਈਆਂ ਹਨ,ਜਿਨ੍ਹਾਂ ਦਾ ਲੋਕਾਂ ’ਚ ਕੋਈ ਅਧਾਰ ਨਹੀਂ। ਬਿੱਟੂ ਨੇ ਅੱਗੇ ਕਿਹਾ ਕਿ ਐਮਐਸਪੀ ’ਤੇ ਗਾਰੰਟੀ ਬਣਾਉਣ ਦੀ ਮੰਗ ਕਰਨ ਵਾਲਿਆਂ ਸਬੰਧੀ ਕਿਹਾ ਕਿ ਉਹ ਪੰਜਾਬ ਦੇ ਹਿਤੈਸ਼ੀ ਨਹੀਂ ਬਲਕਿ ਪੰਜਾਬ ਦੇ ਦੁਸ਼ਮਣ ਹਨ।   

ਸਿਵਲ ਸਰਵਸਿਜ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਵਿਚ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚੋਂ ਦੋ ਮਹਿਲਾਵਾਂ ਸਣੇ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਲਾਸ਼ਾਂ ਸਿਵਲ ਸਰਵਸਿਜ (ਯੂਪੀਐੱਸਸੀ) ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀਆਂ ਦੱਸੀਆਂ ਜਾਂਦੀਆਂ ਹਨ। ਉਧਰ ਸਾਥੀ ਵਿਦਿਆਰਥੀਆਂ ਦੀ ਮੌਤ ਦੇ ਰੋਸ ਵਜੋਂ ਕੋਚਿੰਗ ਸੈਂਟਰ ਦੇ ਬਾਹਰ ਇਕੱਤਰ ਹੋਏ ਵਿਦਿਆਰਥੀਆਂ ਨੇ ਨਾਕਸ ਪ੍ਰਬੰਧਾਂ ਨੂੰ ਲੈ ਕੇ ਨਾਅਰੇਬਾਜੀ ਵੀ ਕੀਤੀ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿਚ ਪਏ ਮੀਂਹ ਮਗਰੋਂ ਬੇਸਮੈਂਟ ਵਿਚ ਅਚਾਨਕ ਪਾਣੀ ਭਰ ਗਿਆ ਸੀ। ਇਹ ਤਿੰਨੋਂ ਵਿਦਿਆਰਥੀ ਬੇਸਮੈਂਟ ਵਿਚ ਫਸ ਗਏ ਸਨ। ਤਲਾਸ਼ੀ ਤੇ ਰਾਹਤ ਕਾਰਜਾਂ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਪੀੜਤਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 

ਕਿਹਾ : ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣਾ ਹਰੇਕ ਭਾਰਤੀ ਦੀ ਦਿਲੀ ਇੱਛਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣਾ ਹਰੇਕ ਭਾਰਤੀ ਦੀ ਦਿਲੀ ਇੱਛਾ ਹੈ ਅਤੇ ਸੂਬੇ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਅ ਸਕਦੇ ਹਨ ਕਿਉਂਕਿ ਉਹ ਲੋਕਾਂ ਨਾਲ ਸਿੱਧੇ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਹ ਗੱਲ ਆਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਹਾਕਾ ਤਕਨੀਕੀ ਅਤੇ ਜਿਓ ਪਾਲੀਟੀਕਲ ਬਦਲਾਵਾਂ ਦੇ ਨਾਲ-ਨਾਲ ਮੌਕਿਆਂ ਦਾ ਵੀ ਹੈ। ਦੇਸ਼ ਨੂੰ ਇਨ੍ਹਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਆਪਣੀ ਨੀਤੀਆਂ ਨੂੰ ਇੰਟਰਨੈਸ਼ਨਲ ਇਨਵੈਸਟਮੈਂਟ ਅਨੁਸਾਰ ਢਾਲਣਾ ਚਾਹੀਦਾ ਹੈ ਅਤੇ ਇਹ ਭਾਰਤ ਵਿਕਸਤ ਬਣਾਉਣ ਵਿਚ ਮਦਦਗਾਰ ਹੈ। ਜ਼ਿਕਰਯੋਗ ਹੈ ਕਿ ‘ਇੰਡੀਆ ਬਲਾਕ’ ਦੀ ਪਾਰਟੀਆ ਵਾਲੇ 7 ਰਾਜਾਂ ਦੇ ਮੁੱਖ ਮੰਤਰੀਆਂ ਨੇ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਜਿਨ੍ਹਾਂ ’ਚ ਤਾਮਿਲਨਾਡੂ, ਤੇਲੰਗਾਨਾ, ਕਰਨਾਟਕ, ਹਿਮਾਚਲ ਪ੍ਰਦੇਸ਼, ਪੰਜਾਬ, ਕੇਰਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਸ਼ਾਮਲ ਹਨ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.