Tuesday, 23 June 2026

ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅੱਜ ਵਾਪਰੀ ਮੰਦਭਾਗੀ ਘਟਨਾ ਦੌਰਾਨ ਇਕ ਮੁਲਾਜ਼ਮ ਵਲੋਂ ਦੂਸਰੇ ਮੁਲਾਜ਼ਮ ਦੀ ਹੱਤਿਆ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸੁਖਬੀਰ ਸਿੰਘ ਨਾਂਅ ਦੇ ਇਕ ਸੇਵਾਦਾਰ ਨੇ ਕਿਸੇ ਨਿੱਜੀ ਰੰਜਿਸ਼ ਤਹਿਤ ਅਕਾਊਂਟ ਵਿਭਾਗ ਦੇ ਇਕ ਕਰਮਚਾਰੀ ਦਰਬਾਰਾ ਸਿੰਘ ’ਤੇ ਸਾਥੀਆਂ ਸਮੇਤ ਕਿਰਪਾਨ ਨਾਲ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਦੁਪਹਿਰ ਦਾ ਖਾਣਾ ਖਾ ਰਿਹਾ ਸੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਤੁਰੰਤ ਐਂਬੂਲੈਂਸ ਰਾਹੀਂ ਉਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।   

  

ਆਲੂ ਉਬਾਲਦੇ ਸਮੇਂ ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ

ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ’ਚ ਲੰਗਰ ਦੀ ਸੇਵਾ ਕਰਦੇ ਸਮੇਂ ਉਬਲਦੇ ਹੋਏ ਆਲੂਆਂ ਵਾਲੀ ਕੜਾਹੀ ਵਿਚ ਇਕ ਸੇਵਾਦਾਰ ਡਿੱਗ ਗਿਆ। ਆਸ-ਪਾਸ ਸੇਵਾ ਕਰ ਰਹੇ ਸੇਵਾਦਾਰਾਂ ਵੱਲੋਂ ਉਸ ਨੂੰ ਤੁਰੰਤ ਕੜਾਹੀ ਤੋਂ ਬਾਹਰ ਕੱਢਿਆ ਅਤੇ ਉਸ ਨੂੰ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਡਾਕਟਰਾਂ ਅਨੁਸਾਰ ਉਨ੍ਹਾਂ ਦਾ ਸਰੀਰ 70 ਪ੍ਰਤੀਸ਼ਤ ਜਲ ਚੁੱਕਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਸੇਵਾਦਾਰ ਗੁਰਦਾਸਪੁਰ ਦੇ ਧਾਲੀਵਾਲ ਦਾ ਰਹਿਣ ਵਾਲਾ ਬਲਵੀਰ ਸਿੰਘ ਅਤੇ ਇਹ ਪਿਛਲੇ ਦਸ ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਲਈ ਆ ਰਿਹਾ ਹੈ। ਲੰਗਰ ਹਾਲ ’ਚ ਆਲੂ ਉਬਾਲਣ ਦੀ ਸੇਵਾ ਚੱਲ ਰਹੀ ਸੀ ਅਤੇ ਇਸੇ ਦੌਰਾਨ ਬਲਬੀਰ ਸਿੰਘ ਵੀ ਆਲੂ ਉਬਾਲ ਰਿਹਾ ਸੀ ਅਤੇ ਅਚਾਨਕ ਪੈਰ ਫਿਸਲਣ ਕਾਰਨ ਉਹ ਕੜਾਹੀ ਵਿਚ ਡਿੱਗ ਗਿਆ। ਉਨ੍ਹਾਂ ਦਾ ਹਾਲ ਜਾਨਣ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਸਪਤਾਲ ਪਹੁੰਚੇ। ਉਨ੍ਹਾਂ ਕਿਹਾ ਕਿ ਸੇਵਾਦਾਰ ਬਲਬੀਰ ਸਿੰਘ ਦੇ ਇਲਾਜ ਦਾ ਪੂਰਾ ਖਰਚਾ ਸ਼ੋ੍ਰਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ।

  

ਕਿਹਾ : ਸਰਕਾਰ ਜ਼ਮੀਨਾਂ ਨੂੰ ਡਿਜੀਟਲ ਕਰਨ ਲਈ ਵੀ ਚਲਾ ਰਹੀ ਹੈ ਮੁਹਿੰਮ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਖ਼ੇਤੀ ਅਰਥਸ਼ਾਸਤਰੀਆਂ ਦੀ 32ਵੀਂ ਕਾਨਫ਼ਰੰਸ ਦਾ ਉਦਘਾਟਨ ਕੀਤਾ ਗਿਆ। ਇਹ ਕਾਨਫ਼ਰੰਸ ਨਵੀਂ ਦਿੱਲੀ ਸਥਿਤ ਰਾਸ਼ਟਰੀ ਖ਼ੇਤੀ ਵਿਗਿਆਨ ਕੇਂਦਰ ਵਿਖੇ ਹੋਈ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਿੰਨਾ ਪੁਰਾਣਾ ਹੈ, ਖ਼ੇਤੀ ਨੂੰ ਲੈ ਕੇ ਸਾਡੀਆਂ ਮਾਨਤਾਵਾਂ ਵੀ ਉਨੀਆਂ ਹੀ ਪੁਰਾਣੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਖ਼ੇਤੀ ਪਰੰਪਰਾ ਵਿਚ ਵਿਗਿਆਨ ਨੂੰ ਪਹਿਲ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਖ਼ੇਤੀ ਸਾਡੀ ਆਰਥਿਕ ਪਾਲਿਸੀ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਸਾਡੇ ਇਥੇ ਕਰੀਬ 90 ਫ਼ੀਸਦੀ ਪਰਿਵਾਰ ਅਜਿਹੇ ਹਨ, ਜਿਨ੍ਹਾਂ ਕੋਲ ਜ਼ਮੀਨ ਬਹੁਤ ਘੱਟ ਹੈ ਅਤੇ ਇਹ ਛੋਟੇ ਕਿਸਾਨ ਹੀ ਭਾਰਤ ਦੀ ਖ਼ੁਰਾਕ ਸੁਰੱਖਿਆ ਦੀ ਸਭ ਤੋਂ ਵੱਡੀ ਤਾਕਤ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਇਕ ਕਲਿੱਕ ਨਾਲ 10 ਕਰੋੜ ਕਿਸਾਨਾਂ ਦੇ ਖ਼ਾਤਿਆਂ ਵਿਚ ਪੈਸੇ ਟਰਾਂਸਫਰ ਕੀਤੇ ਜਾਂਦੇ ਹਨ। ਸਰਕਾਰ ਜ਼ਮੀਨਾਂ ਨੂੰ ਡਿਜੀਟਲ ਕਰਨ ਲਈ ਵੀ ਮੁਹਿੰਮ ਚਲਾ ਰਹੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਲਈ ਡਿਜੀਟਲ ਪਛਾਣ ਨੰਬਰ ਵੀ ਦਿੱਤਾ ਜਾਵੇਗਾ।   

      

 

ਕਿਹਾ : ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਮੈਂ ਪੰਜਾਬੀ ਖਿਡਾਰੀਆਂ ਦੀ ਕਰਾਂ ਸਪੋਰਟ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰਿਸ ਉਲੰਪਿਕ ’ਚ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਤਕਰਾਰ ਹੋ ਗਈ ਹੈ। ਕਿਉਂਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਮਾਨ ਨੂੰ ਪੈਰਿਸ ਜਾਣ ਲਈ ਰਾਜਨੀਤਿਕ ਕਲੀਅਰੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਤਰਕ ਦਿੰਦੇ ਹੋਏ ਕਿਹਾ ਕਿ ਸੀਐਮ ਦਫਤਰ ਤੋਂ ਲੇਟ ਅਪਲਾਈ ਕੀਤਾ ਗਿਆ ਕਿਉਂਕਿ ਮੁੱਖ ਮੰਤਰੀ 3 ਤੋਂ 9 ਅਗਸਤ ਤੱਕ ਪੈਰਿਸ ਜਾਣਾ ਚਾਹੁੰਦੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਸੁਰੱਖਿਆ ਨਾਲ ਜੁੜੇ ਅਫ਼ਸਰ ਵੀ ਸ਼ਾਮਲ ਹਨ। ਮੁੱਖ ਮੰਤਰੀ ਮਾਨ ਨੇ ਦੇਰੀ ਨਾਲ ਅਪਲਾਈ ਕਰਨ ਵਾਲੀ ਗੱਲ ਨੂੰ ਝੂਠੀ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਹਾਕੀ ਦਾ ਪਹਿਲਾ ਮੈਚ ਦੇਖਣ ਤੋਂ ਬਾਅਦ ਹੀ ਉਨ੍ਹਾਂ ਪੈਰਿਸ ਜਾਣ ਦਾ ਫੈਸਲਾ ਕੀਤਾ ਸੀ। ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਉਹ ਇਕੱਲੇ ਹੀ ਵਿਦੇਸ਼ ਜਾਣਾ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਦੇਸ਼ ਵੱਲੋਂ ਕੋਈ ਹੋਰ ਆਗੂ ਭਾਰਤੀ ਖਿਡਾਰੀਆਂ ਦਾ ਹੌਸਲਾ ਵਧਾਉਂਦਾ ਹੋਇਆ ਨਜ਼ਰ ਆਵੇ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਪੈਰਿਸ ਦੌਰੇ ਲਈ ਕਲੀਅਰੈਂਸ ਨਹੀਂ ਦਿੱਤੀ ਗਈ। ਜਦਕਿ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਕਿਉਂਕਿ ਮੁੱਖ ਮੰਤਰੀ ਨੂੰ ਜੈਡ ਪਲੱਸ ਸੁਰੱਖਿਆ ਮਿਲੀ ਹੋਈ ਹੈ ਅਤੇ ਉਨ੍ਹਾਂ ਦੀ ਚਿੱਠੀ ਵੀ ਦੇਰ ਨਾਲ ਮਿਲੀ ਸੀ ਅਤੇ ਅਜਿਹੇ ’ਚ ਇੰਨੀ ਜਲਦੀ ਸੁਰੱਖਿਆ ਦੇ ਇੰਤਜ਼ਾਮ ਕਰਨਾ ਸੰਭਵ ਨਹੀਂ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.