Tuesday, 23 June 2026

ਪੈਰਿਸ ਉਲੰਪਿਕ ’ਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਪਰਤੀ ਹੈ ਹਾਕੀ ਟੀਮ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਟੀਮ ਸਮੇਤ ਅੱਜ ਸ਼ਨੀਵਾਰ ਨੂੰ ਪੈਰਿਸ ਤੋਂ ਭਾਰਤ ਪੁੱਜੇ। ਹਾਲਾਂਕਿ ਸਮਾਪਤੀ ਸਮਾਰੋਹ ਦੇ ਮੱਦੇਨਜਰ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦੇ ਸਾਰੇ ਮੈਂਬਰ ਹਾਲੇ ਵਾਪਸ ਨਹੀਂ ਆਏ ਹਨ। ਹਰਮਨਪ੍ਰੀਤ ਅਤੇ ਟੀਮ ਦੇ ਮੈਂਬਰਾਂ ਦਾ ਸਵੇਰੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਫੁੱਲ ਮਾਲਾਵਾਂ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਹਰਮਨਪ੍ਰੀਤ ਨੇ ਕਿਹਾ ‘‘ਸਾਨੂੰ ਹਰ ਤਰ੍ਹਾਂ ਦਾ ਸਮਰਥਨ ਮਿਲਿਆ ਹੈ ਮੈਂ ਸੱਚਮੁੱਚ ਧੰਨਵਾਦ ਕਰਨਾ ਚਾਹੁੰਦਾ ਹਾਂ, ਅਸੀਂ ਬਹੁਤ ਖੁਸ ਅਤੇ ਮਾਣ ਮਹਿਸੂਸ ਕਰ ਰਹੇ ਹਾਂ।’’ ਇਸ ਮੌਕੇ ਟੀਮ ਦੇ ਮੈਂਬਰਾਂ ਨੇ ਭੰਗੜਾ ਵੀ ਪਾਇਆ। 

 

ਜਹਾਜ਼ ’ਚ ਸਵਾਰ ਸਾਰੇ 61 ਵਿਅਕਤੀਆਂ ਦੀ ਹੋਈ ਮੌਤ

ਵਿਨਹੇਡੋ/ਬਿਊਰੋ ਨਿਊਜ਼ : ਬ੍ਰਾਜ਼ੀਲ ਦੇ ਸਾਓ ਪਾਓਲੋ ਵਿੱਚ ਇੱਕ ਯਾਤਰੀ ਜਹਾਜ਼ ਦੇ ਰਿਹਾਇਸ਼ੀ ਇਲਾਕੇ ਵਿੱਚ ਡਿੱਗਣ ਕਾਰਨ ਵਾਪਰੇ ਭਿਆਨਕ ਹਾਦਸੇ ਦੌਰਾਨ ਜਹਾਜ਼ ’ਚ ਸਵਾਰ ਸਾਰੇ 61 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਓ ਪਾਓਲੋ ਦੇ ਮਹਾਨਗਰ ਤੋਂ ਲਗਭਗ 80 ਕਿਲੋਮੀਟਰ ਉੱਤਰ-ਪੱਛਮ ਵਿੱਚ ਵਿਨਹੇਡੋ ਸ਼ਹਿਰ ਵਿੱਚ ਜਹਾਜ਼ ਡਿੱਗਣ ਦੀ ਘਟਨਾ ਵਾਪਰੀ ਹੈ, ਹਾਲਾਂਕਿ ਉਥੇ ਹੋਏ ਜਾਨੀ-ਮਾਲੀ ਨੁਕਸਾਨ ਬਾਰੇ ਹਾਲੇ ਸੂਚਨਾ ਨਹੀਂ ਮਿਲ ਸਕੀ ਹੈ। ਮੌਕੇ ’ਤੇ ਮੌਜੂਦ ਵਿਅਕਤੀਆਂ ਨੇ ਕਿਹਾ ਕਿ ਸਥਾਨਕ ਨਿਵਾਸੀਆਂ ਵਿੱਚ ਕੋਈ ਪੀੜਤ ਨਹੀਂ ਸੀ। ਏਅਰਲਾਈਨ ਵੋਏਪਾਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸਦਾ ਜਹਾਜ਼ ਏਟੀਆਰ 72 ਟਵਿਨ-ਇੰਜਣ ਟਰਬੋਪ੍ਰੌਪ ਸਾਓ ਪਾਓਲੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਗੁਆਰੁਲਹੋਸ ਲਈ ਜਾ ਰਿਹਾ ਸੀ, ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਵਾਈ ਜਹਾਜ਼ ਵਿਚ ਵਿੱਚ 57 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ। ਏਅਰਲਾਈਨ ਨੇ ਕਿਹਾ ਕਿ ਉਹ ਪੀੜਤਾਂ ਦੇ ਪਰਿਵਾਰਾਂ ਨੂੰ ਬੇਰੋਕ ਸਹਾਇਤਾ ਦੇ ਪ੍ਰਬੰਧ ਨੂੰ ਤਰਜੀਹ ਦੇ ਰਿਹਾ ਹੈ ਅਤੇ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰ ਰਿਹਾ ਹੈ।    

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਈ ਸੂਬੇ ਦੇ ਗ੍ਰਹਿ ਮੰਤਰੀ ਨੂੰ ਦੱਸਿਆ ਜ਼ਿੰਮੇਵਾਰ

ਪਟਿਆਲਾ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅੱਜ ਵੀਰਵਾਰ ਨੂੰ  ਡਰੱਗ ਮਾਮਲੇ ’ਚ ਪਟਿਆਲਾ ਵਿਖੇ ਸਿੱਟ ਅੱਗੇ ਪੇਸ਼ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਡਰੱਗ ਮਾਮਲੇ ’ਚ ਮੈਨੂੰ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਪੱਕੀ ਜ਼ਮਾਨਤ ਮਿਲ ਚੁੱਕੀ ਹੈ ਪਰ ਫਿਰ ਵੀ ਮੈਨੂੰ ਝੂਠੇ ਕੇਸ ’ਚ ਪੁੱਛਗਿੱਛ ਕਰਨ ਲਈ ਵਾਰ-ਵਾਰ ਸੱਦ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਿਕਰਮ ਮਜੀਠੀਆ ਨੇ ਅੱਗੇ ਕਿਹਾ ਕਿ ਤਿੰਨ ਸਾਲ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਮੇਰਾ ’ਤੇ ਝੂਠਾ ਕੇਸ ਬਣਾਇਆ ਗਿਆ ਸੀ, ਜਿਸ ਦਾ ਅੱਜ ਤੱਕ ਚਲਾਨ ਪੇਸ਼ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਡਰੱਗ ਮਾਮਲੇ ’ਚ ਮੈਨੂੰ ਸਿੱਟ ਵੱਲੋਂ ਹੁਣ ਤੱਕ 11 ਸੰਮਨ ਜਾਰੀ ਕੀਤੇ ਜਾ ਚੁੱਕੇ ਜਿਨ੍ਹਾਂ ਵਿਚੋਂ 7 ਵਾਰ ਮੈਂ ਈਡੀ ਸਾਹਮਣੇ ਪੇਸ਼ ਹੋ ਚੁੱਕਿਆਂ ਹਾਂ ਅਤੇ ਸੂਬਾ ਸਰਕਾਰ ਜਾਣ-ਬੁੱਝ ਕੇ ਮੈਨੂੰ ਇਸ ਮਾਮਲੇ ’ਚ ਉਲਝਾਉਣਾ ਚਾਹੁੰਦੀ ਹੈ। ਇਸ ਮੌਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਈ ਸੂਬੇ ਦੇ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰ ਵੀ ਦੱਸਿਆ।

  

ਪੰਜਾਬ ਦੇ ਕਿਸਾਨਾਂ ਨੂੰ ਵਧੀਆ ਗੁਣਵੱਤਾ ਵਾਲੀ ਡੀਏਪੀ ਖਾਦ ਦੇਣ ਦੀ ਕੀਤੀ ਅਪੀਲ

ਖੰਨਾ/ਬਿਊਰੋ ਨਿਊਜ਼ : ਪੰਜਾਬ ਦੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਖਾਦ ਮੰਤਰੀ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਨੂੰ ਪੰਜਾਬ ਦੇ ਕਿਸਾਨਾਂ ਵਧੀਆ ਗੁਣਵੱਤਾ ਵਾਲੀ ਡੀਏਪੀ ਅਤੇ ਯੂਰੀਆ ਖਾਦ ਉਪਲਬਧ ਕਰਵਾਉਣ ਦੀ ਅਪੀਲ ਕੀਤੀ। ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੇ ਕਿਸਾਨ ਬਹੁਤ ਤਣਾਅ ਵਿਚ ਹਨ ਕਿਉਂਕਿ ਪੰਜਾਬ ਨੂੰ ਭੇਜੀ ਗਈ ਡੀਏਪੀ ਖਾਦ ਦੇ 60 ਫੀਸਦੀ ਨਮੂਨੇ ਗੁਣਵੱਤਾ ਪ੍ਰੀਖਣ ’ਚ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਡੀਏਪੀ ਖਾਦ ਦਾ ਸਟਾਕ ਬਹੁਤ ਘੱਟ ਹੈ। ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਅਨਾਜ ਦੀ ਖਰੀਦ ਦੇ ਸਬੰਧ ’ਚ ਪੰਜਾਬ ਕੇਂਦਰੀ ਪੂਲ ਵਿਚ ਸਭ ਤੋਂ ਵੱਡਾ ਯੋਗਦਾਨ ਦਿੰਦਾ ਹੈ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਕਮੀ ਨਾ ਆਵੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.