Tuesday, 23 June 2026

ਗ੍ਰਹਿ ਮੰਤਰਾਲੇ ਨੇ ਲਿਸਟ ਜਾਰੀ ਕਰਕੇ ਦਿੱਤੀ ਜਾਣਕਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਜ਼ਾਦੀ ਦਿਹਾੜੇ 2024 ਦੇ ਮੌਕੇ ’ਤੇ ਭਲਕੇ ਪੁਲਿਸ, ਫਾਇਰ, ਹੋਮ ਗਾਰਡ, ਸਿਵਲ, ਡਿਫੈਂਸ ਅਤੇ ਸੁਧਾਰਾਤਮਕ ਸੇਵਾਵਾਂ ਦੇ ਕੁੱਲ 1037 ਕਰਮਚਾਰੀਆਂ ਨੂੰ ਬਹਾਦਰੀ ਅਤੇ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਬੁੱਧਵਾਰ ਨੂੰ ਇਕ ਲਿਸਟ ਜਾਰੀ ਕਰਕੇ ਦਿੱਤੀ ਗਈ ਹੈ। ਇਸ ਲਿਸਟ ’ਚ ਮਾਫ਼ੀਆ ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਸ਼ੂਟਰ ਗੁਲਾਮ ਦਾ ਐਨਕਾਊਂਟਰ ਕਰਨ ਵਾਲੇ ਪੁਲਿਸ ਕਰਮਚਾਰੀਆਂ ਦਾ ਨਾਂ ਵੀ ਸ਼ਾਮਲ ਹੈ। ਸਾਬਕਾ ਸੰਸਦ ਮੈਂਬਰ ਅਤੇ ਗੈਂਗਸਟਰ ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਸ਼ੂਟਰ ਮੁਹੰਮਦ ਗੁਲਾਮ ਨੂੰ ਐਨਕਾਊਂਟਰ ਵਿਚ ਮਾਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਪ੍ਰੈਜੀਡੈਂਟ ਗੈਲੇਂਟਰੀ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਅਸਦ ਅਹਿਮਦ ਅਤੇ ਮੁਹੰਮਦ ਗੁਲਾਮ ’ਤੇ ਉਮੇਸ਼ ਪਾਲ ਹੱਤਿਆ ਕਾਂਡ ਮਾਮਲੇ ’ਚ ਪੰਜ ਲੱਖ ਰੁਪਏ ਦਾ ਇਨਾਮ ਸੀ।

ਡੀਜੀਪੀ ਬੋਲੇ : ਹਾਕੀ ਟੀਮ ਨੇ ਮੈਡਲ ਜਿੱਤ ਕੇ ਵਧਾਇਆ ਪੂਰੇ ਭਾਰਤ ਦਾ ਮਾਣ

ਚੰਡੀਗੜ੍ਹ/ਬਿਊਰੋ ਨਿਊਜ਼ : ਪੈਰਿਸ ਉਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਅੱਜ ਮੁਲਾਕਾਤ ਕੀਤੀ। ਮੁਲਾਕਾਤ ਕਰਨ ਵਾਲਿਆਂ ਵਿਚ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਇਲਾਵਾ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਸ਼ਾਮਲ ਸਨ। ਉਨ੍ਹਾਂ ਪੈਰਿਸ ਉਲੰਪਿਕ ਵਿਚ ਖੇਡੇ ਗਏ ਹਾਕੀ ਮੁਕਾਬਲਿਆਂ ਦਾ ਆਪਣਾ ਤਜਰਬਾ ਡੀਜੀਪੀ ਗੌਰਵ ਯਾਦਵ ਨਾਲ ਸਾਂਝਾ ਕੀਤਾ। ਇਸ ਮੌਕੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਟੀਮ ਦੇ ਸਾਰੇ ਖਿਡਾਰੀਆਂ ਦੀ ਕਾਰਗੁਜ਼ਾਰੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਹੀ ਅਤੇ ਅਸੀਂ ਆਪਣੀ ਸਮੁੱਚੀ ਟੀਮ ਦੀ ਕਾਰਗੁਜ਼ਾਰੀ ਤੋਂ ਖੁਸ਼ ਹਾਂ।  ਡੀਜੀਪੀ ਗੌਰਵ ਯਾਦਵ ਨੇ ਖਿਡਾਰੀਆਂ ਨੂੰ ਕਾਂਸੀ ਦਾ ਤਮਗਾ ਜਿੱਤਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਮੈਡਲ ਜਿੱਤ ਕੇ ਦੁਨੀਆ ਅੰਦਰ ਦੇਸ਼ ਦਾ ਮਾਣ ਵਧਾਇਆ ਹੈ।

 

ਸ੍ਰੀ ਫਤਿਹਗੜ੍ਹ ਸਾਹਿਬ ਨੂੰ ਕੌਮੀ ਧਾਰਮਿਕ ਅਸਥਾਨ ਵਜੋਂ ਵਿਕਸਤ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਕੇਂਦਰੀ ਮੰਤਰੀ ਕੋਲੋਂ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਕੌਮੀ ਧਾਰਮਿਕ ਅਸਥਾਨ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ। ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਥੇ ਹਰ ਸਾਲ 1 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਸ਼ਹੀਦੀ ਸਭਾ ’ਚ ਹਿੱਸਾ ਲੈਣ ਲਈ ਆਉਂਦੇ ਹਨ। ਪਰ ਭਾਰਤ ਸਰਕਾਰ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਦੇ ਲਈ ਉਚਿਤ ਕਦਮ ਨਹੀਂ ਚੁੱਕੇ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਲਗਾਤਾਰ ਯਤਨਾਂ ਸਦਕਾ 2019 ’ਚ ਭਾਰਤ ਸਰਕਾਰ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਲਈ ਕੁੱਝ ਰਾਸ਼ੀ ਜ਼ਰੂਰ ਜਾਰੀ ਕੀਤੀ ਗਈ ਸੀ। ਡਾ. ਅਮਰ ਸਿੰਘ ਕਿਹਾ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹਾਨਤਾ ਨੂੰ ਦੇਖਦੇ ਹੋਏ ਵਿਸ਼ੇਸ਼ ਜਾਰੀ ਕੀਤਾ ਜਾਵੇ ਤਾਂ ਜੋ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਜਾ ਸਕੇ।

 

ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਨਾ ਜਾਣ ਦੀ ਵੀ ਦਿੱਤੀ ਸਲਾਹ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਲਈ ਚੁਣੇ ਗਏ 417 ਨੌਜਵਾਨਾਂ ਨੂੰ ਚੰਡੀਗੜ੍ਹ ਦੇ ਮਿਊਂਸੀਪਲ ਭਵਨ ’ਚ ਨਿਯੁਕਤੀ ਪੱਤਰ ਦਿੱਤੇ ਅਤੇ ਉਨ੍ਹਾਂ ਨਵੀਂ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਹੀ ਹਰ ਨੌਜਵਾਨ ਨੂੰ ਰੁਜ਼ਗਾਰ ਮਿਲ ਜਾਵੇ ਤਾਂ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਕੋਈ ਲੋੜ ਨਹੀਂ ਪਵੇਗੀ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡਣ ਅਤੇ ਵਿਦੇਸ਼ ਨਾ ਜਾਣ ਦੀ ਸਲਾਹ ਵੀ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਤਾਂ ਵਿਦੇਸ਼ਾਂ ’ਚ ਵੀ ਹਾਲਾਤ ਖਰਾਬ ਚੁੱਕੇ ਹਨ ਅਤੇ ਜੇਕਰ ਤੁਸੀਂ ਵਿਦੇਸ਼ ਜਾਣਾ ਹੀ ਚਾਹੁੰਦੇ ਹੋ ਤਾਂ ਸਿਰਫ਼ ਘੁੰਮਣ ਲਈ ਜਾਓ।  ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਲਗਾਤਾਰ ਨੌਕਰੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਲਗਭਗ 45 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਹੋਰ ਬਹੁਤ ਸਾਰੀਆਂ ਖਾਲੀ ਕੁਰਸੀਆਂ ਪੰਜਾਬ ਦੇ ਨੌਜਵਾਨਾਂ ਦਾ ਇੰਤਜ਼ਾਰ ਕਰ ਰਹੀਆਂ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.