Tuesday, 23 June 2026

ਸੈਟੇਲਾਈਟ 08 ਵਾਤਾਵਰਣ ਅਤੇ ਕੁਦਰਤੀ ਆਫ਼ਤਾਂ ਸਬੰਧੀ ਦੇਵੇਗਾ ਜਾਣਕਾਰੀ

ਸ੍ਰੀ ਹਰੀਕੋਟਾ/ਬਿਊਰੋ ਨਿਊਜ਼ : ਇੰਡੀਅਨ ਸਪੇਸ ਰਿਸਰਚ ਆਗੇਨਾਈਨੇਸ਼ਨ (ਇਸਰੋ) ਨੇ ਦੇਸ਼ ਦੇ ਸਭ ਤੋਂ ਛੋਟੇ ਰਾਕੇਟ ਐਸਐਸਐਲਵੀ-ਡੀ 3 ਨਾਲ ਅਰਥ ਆਬਜਰਵੇਸ਼ਨ ਸੈਟੇਲਾਈਟ-08 ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਲਫ਼ਤਾ ਪੂਰਵਕ ਲਾਂਚ ਕਰ ਦਿੱਤਾ ਹੈ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਫ਼ਲਤਾਪੂਰਵਕ ਲਾਂਚਿੰਗ ਦੇ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ। ਇਹ ਸੈਟੇਲਾਈਟ ਧਰਤੀ ਤੋਂ ਲਗਭਗ 474 ਕਿਲੋਮੀਟਰ ਉਪਰ ਸਥਾਪਿਤ ਕੀਤਾ ਗਿਆ ਹੈ ਅਤੇ ਇਹ ਇਕ ਸਾਲ ਤੱਕ ਕੰਮ ਕਰੇਗਾ। ਈਐਸਓ-08 ਸੈਟੇਲਾਈਟ ਦਾ ਮੁੱਖ ਮਕਸਦ ਵਾਤਾਵਰਣ ਅਤੇ ਕੁਦਰਤੀ ਆਫ਼ਤਾਂ ਸਬੰਧੀ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੋਵੇਗਾ। ਇਸ ਤੋਂ ਪਹਿਲਾਂ ਇਸਰੋ ਨੇ ਇਸ ਨੂੰ ਲਾਂਚ ਕਰਨ ਦੀ ਮਿਤੀ 15 ਅਗਸਤ ਰੱਖੀ ਗਈ ਸੀ ਪਰ ਇਸ ਨੂੰ ਇਕ ਦਿਨ ਬਾਅਦ ਅੱਜ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਹੈ। ਸੈਟੇਲਾਈਟ ਦੀ ਸਫ਼ਲਤਾਪੂਰਵਕ ਲਾਂਚਿੰਗ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸਰੋ ਦੀ ਟੀਮ ਨੂੰ ਵਧਾਈ ਦਿੱਤੀ ਗਈ।

ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਦੀ ਰਹਿਣ ਵਾਲੀ ਹੈ ਪਿ੍ਰਅੰਕਾ

ਗੜ੍ਹਸ਼ੰਕਰ/ਬਿਊਰੋ ਨਿਊਜ਼ : ਪੰਜਾਬ ਦੀ ਧੀ ਪਿ੍ਰਅੰਕਾ ਦਾਸ ਨੇ ਅਫ਼ਰੀਕਾ ਦੀ ਸਭ ਤੋਂ ਉਚੀ ਚੋਟੀ ’ਤੇ ਭਾਰਤੀ ਤਿਰੰਗਾ ਲਹਿਰਾ ਦਿੱਤਾ ਹੈ। ਪਿ੍ਰਅੰਕਾ ਦਾਸ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਦੀ ਰਹਿਣ ਵਾਲੀ ਹੈ। ਲੰਘੇ ਦਿਨੀਂ ਪਿ੍ਰਅੰਕਾ ਦਾਸ ਨੂੰ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਅਤੇ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਵਲੋਂ ਵਿੱਤੀ ਮਦਦ ਅਤੇ ਸ਼ੁਭਕਾਮਨਾਵਾਂ ਦੇ ਕੇ ਅਫ਼ਰੀਕਾ ਲਈ ਰਵਾਨਾ ਕੀਤਾ ਗਿਆ ਸੀ। ਅਫਰੀਕਾ ਪਹੁੰਚੀ ਪਿ੍ਰਅੰਕਾ ਦਾਸ ਨੇ ਕੁਝ ਸਮੇਂ ਵਿਚ ਹੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮਨਜ਼ਾਰੋ ਨੂੰ ਸਰ ਕਰਦਿਆਂ ਚੋਟੀ ’ਤੇ ਪਹੁੰਚ ਕੇ ਜਿਥੇ ਭਾਰਤ ਦਾ ਤਿਰੰਗਾ ਲਹਿਰਾਇਆ ਉਥੇ ਹੀ ਉਸ ਨੇ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦਾ ਬੈਨਰ ਵੀ ਸਾਂਝਾ ਕੀਤਾ ਹੈ। ਪਿ੍ਰਅੰਕਾ ਦਾਸ ਦੀ ਇਸ ਪ੍ਰਾਪਤੀ ਨੂੰ ਲੈ ਕੇ ਗੜ੍ਹਸ਼ੰਕਰ ਇਲਾਕੇ ਦੇ ਖੇਡ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

 

ਕੇਂਦਰ ਸਰਕਾਰ ਕੋਲੋਂ ਐਮਐਸਪੀ ਗਰੰਟੀ ਕਾਨੂੰਨ ਦੀ ਕੀਤੀ ਮੰਗ, ਫੌਜਦਾਰੀ ਕਾਨੂੰਨ ਦੀਆਂ ਸਾੜੀਆਂ ਗਈਆਂ ਕਾਪੀਆਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਅੱਜ ਅਜ਼ਾਦੀ ਦਿਹਾੜੇ ਮੌਕੇ ਫਸਲਾਂ ’ਤੇ ਐਮਐਸਪੀ ਗਾਰੰਟੀ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਟਰੈਕਟਰ ਮਾਰਚ ਕੀਤਾ ਗਿਆ। ਸ਼ੰਭੂ ਬਾਰਡਰ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਹਰੇਕ ਜ਼ਿਲ੍ਹੇ ਵਿਚ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਕਿਸਾਨਾਂ ਵੱਲੋਂ ਥਾਂ-ਥਾਂ ’ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਮਾਰਚ ਵਿਚ ਸ਼ਾਮਲ ਹੋਣ ਵਾਲੇ ਟਰੈਕਟਰਾਂ ’ਤੇ ਕਿਸਾਨਾਂ ਵੱਲੋਂ ਕੌਮੀ ਝੰਡੇ ਦੇ ਨਾਲ-ਨਾਲ ਕਿਸਾਨੀ ਝੰਡਾ ਵੀ ਲਗਾਇਆ ਹੋਇਆ ਸੀ ਅਤੇ ਕਿਸਾਨਾਂ ਵੱਲੋਂ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਗਿਆ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਧਿਆਨ ਰਹੇ ਕਿ ਲੰਘੀ 13 ਫਰਵਰੀ ਤੋਂ ਫਸਲਾਂ ’ਤੇ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀ ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਹੀ ਰੋਕ ਲਿਆ ਸੀ। ਕਿਸਾਨ ਉਸ ਤੋਂ ਦਿਨ ਤੋਂ ਹੀ ਸ਼ੰਭੂ ਬਾਰਡਰ ’ਤੇ ਡਟੇ ਹੋਏ ਹਨ ਅਤੇ ਅੱਜ ਅਜ਼ਾਦੀ ਦਿਹਾੜੇ ਮੌਕੇ ਸਮੁੱਚੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਆਪਣੇ-ਆਪਣੇ ਸ਼ਹਿਰਾਂ ਵਿਚ ਟਰੈਕਟਰ ਮਾਰਚ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ’ਚ ਲਹਿਰਾਇਆ ਕੌਮੀ ਝੰਡਾ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਭਰ ’ਚ ਅੱਜ 78ਵਾਂ ਅਜ਼ਾਦੀ ਦਿਹਾੜਾ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਜਦਕਿ ਸੂਬਾ ਪੱਧਰੀ ਸਮਾਗਮ ਜਲੰਧਰ ਵਿਖੇ ਹੋਇਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਇਆਂ 78 ਸਾਲ ਹੋ ਗਏ ਹਨ ਅਤੇ ਅਜ਼ਾਦੀ ਦਿਹਾੜਾ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਕਿਉਂਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ 80 ਫੀਸਦੀ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਅਜ਼ਾਦੀ ਮਿਲਣ ਦੇ ਨਾਲ-ਨਾਲ ਪੰਜਾਬ ਨੂੰ ਬਟਵਾਰੇ ਦਾ ਵੀ ਦੁੱਖ ਹੰਢਾਉਣਾ ਪਿਆ ਅਤੇ ਇਹ ਅਜ਼ਾਦੀ ਸਾਨੂੰ ਬਹੁਤ ਮਹਿੰਗੀ ਮਿਲੀ ਹੈ। ਪੰਜਾਬੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਤਰੱਕੀ ਲਈ ਜੋ ਯੋਗਦਾਨ ਦਿੱਤਾ ਉਹ ਬਹੁਤ ਹੀ ਬੇਮਿਸਾਲ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਬਹਾਦੁਰ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਸਮਾਗਮਾਂ ’ਚ ਕੈਬਨਿਟ ਮੰਤਰੀਆਂ ਅਤੇ ਡਵੀਜ਼ਨਲ ਕਮਿਸ਼ਨਰਾਂ ਅਤੇ ਕਮਿਸ਼ਨਰਾਂ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.