Tuesday, 23 June 2026

ਇੰਜਣ ਦੇ ਕਿਸੇ ਭਾਰੀ ਚੀਜ਼ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ ਹਾਦਸਾ

ਕਾਨਪੁਰ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਕਾਨਪੁਰ ’ਚ ਲੰਘੀ ਦੇਰ ਰਾਤ ਸਾਬਰਮਤੀ ਐਕਸਪ੍ਰੈਸ ਦੇ 22 ਡੱਬੇ ਪਟੜੀ ਤੋਂ ਉਤਰ ਗਏ। ਇਹ ਰੇਲ ਗੱਡੀ ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸੀ ਪਰ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਦਕਿ ਕੁੱਝ ਯਾਤਰੀ ਜ਼ਖਮੀ ਜ਼ਰੂਰ ਹੋਏ ਹਨ। ਇਹ ਹਾਦਸਾ ਲੰਘੀ ਰਾਤ 2 ਵਜ 35 ਮਿੰਟ ’ਤੇ ਕਾਨਪੁਰ ਸ਼ਹਿਰ ਤੋਂ 11 ਕਿਲੋਮੀਟਰ ਦੂਰ ਭੀਮਸੇਨ ਅਤੇ ਗੋਵਿੰਦਪੁਰੀ ਸਟੇਸ਼ਨ ਦਰਮਿਆਨ ਵਾਪਰਿਆ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਟ੍ਰੇਨ ਦਾ ਇੰਜਣ ਪਟੜੀ ’ਤੇ ਰੱਖੀ ਹੋਈ ਕਿਸੇ ਭਾਰੀ ਚੀਜ਼ ਨਾਲ ਟਕਰਾਇਆ ਅਤੇ ਇੰਜਣ ’ਤੇ ਟੱਕਰ ਦੇ ਨਿਸ਼ਾਨ ਹਨ, ਜਿਸ ਦੇ ਸਬੂਤ ਵੀ ਸੁਰੱਖਿਅਤ ਰੱਖੇ ਗਏ ਹਨ। ਨਾਰਦਨ ਸੈਂਟਰਲ ਰੇਲਵੇ ਦੇ ਜੀਐਮ ਉਪੇਂਦਰ ਚੰਦਰ ਜੋਸ਼ੀ ਨੇ ਕਿਹਾ ਕਿ ਇਹ ਤੈਅ ਹੈ ਕਿ ਹਾਦਸਾ ਇੰਜਣ ਦੇ ਕਿਸੇ ਚੀਜ਼ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਉਧਰ ਯੂਪੀ ਦੇ ਡੀਜੀਪੀ ਪ੍ਰਸ਼ਾਤ ਕਿਸ਼ੋਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਹਾਦਸੇ ਲਈ ਜ਼ਿੰਮੇਵਾਰੀ ਆਰੋਪੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

  

ਰਾਜਸਥਾਨ ਤੋਂ ਬਿੱਟੂ ਨੂੰ ਰਾਜ ਸਭਾ ਲਈ ਬਣਾਇਆ ਜਾ ਸਕਦਾ ਹੈ ਉਮੀਦਵਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਸਭਾ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਦੀ ਤਰੀਕ 21 ਅਗਸਤ ਨੇੜੇ ਆ ਰਹੀ ਹੈ। ਅਜਿਹੇ ’ਚ ਕੇਂਦਰੀ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ’ਚ ਭੇਜਣ ਦੀਆਂ ਤਿਆਰੀਆਂ ਵੀ ਤੇਜ਼ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 9 ਰਾਜਾਂ ਦੀਆਂ 12 ਰਾਜ ਸਭਾ ਸੀਟਾਂ ’ਤੇ ਚੋਣ ਹੋਣੀ ਹੈ ਜਦਕਿ ਪੰਜਾਬ ਵਿਚ 2028 ਤੋਂ ਪਹਿਲਾਂ ਰਾਜ ਸਭਾ ਦੀ ਕੋਈ ਵੀ ਸੀਟ ਖਾਲੀ ਨਹੀਂ ਹੋ ਰਹੀ ਅਜਿਹੇ ’ਚ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਰੋਹਤਕ ਤੋਂ ਦੀਪੇਂਦਰ ਹੁੱਡਾ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਵੀ ਸੀਟ ਵੀ ਰਾਜ ਸਭਾ ਲਈ ਖਾਲੀ ਹੋ ਗਈ ਹੈ। ਪਰ ਇਸ ਸੀਟ ਲਈ ਰਾਮਵਿਲਾਸ ਸ਼ਰਮਾ, ਕੈਪਟਨ ਅਭੀਮੰਨਿਊ, ਓਪੀ ਧਨਖੜ, ਸੰਜੇ ਭਾਟੀਆ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਜੁਆਇਨ ਕਰਨ ਵਾਲੀ ਕਿਰਨ ਚੌਧਰੀ ਵੀ ਦੌੜ ਵਿਚ ਸ਼ਾਮਲ ਹਨ। ਇਸ ਸੀਟ ਤੋਂ ਵੀ ਪਹਿਲਾਂ ਰਵਨੀਤ ਬਿੱਟੂ ਦਾ ਨਾਮ ਸਾਹਮਣੇ ਆਇਆ ਸੀ ਪਰ ਵਧਦੇ ਹੋਏ ਵਿਰੋਧ ਨੂੰ ਦੇਖਦੇ ਹੋਏ ਰਵਨੀਤ ਬਿੱਟੂ ਹੁਣ ਰਾਜਸਥਾਨ ਦਾ ਰੁਖ ਕਰ ਸਕਦੇ ਹਨ।

ਹਰਿਆਣਾ ’ਚ 1 ਅਕਤੂਬਰ ਨੂੰ ਪੈਣਗੀਆਂ ਵੋਟਾਂ, ਨਤੀਜੇ 4 ਅਕਤੂਬਰ ਨੂੰ ਆਉਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਅੱਜ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਲਈ ਹੋਣ ਵਾਲੀਆਂ ਚੋਣਾਂ ਸਬੰਧੀ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਜੰਮੂ-ਕਸ਼ਮੀਰ ’ਚ ਤਿੰਨ ਪੜਾਵਾਂ ਤਹਿਤ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਜਦਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 1 ਪੜਾਅ ਤਹਿਤ 1 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਦੋਵੇਂ ਸੂਬਿਆਂ ਦੇ ਚੋਣ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿਚ ਸਾਲ 2014 ਦੌਰਾਨ ਵਿਧਾਨ ਸਭਾ ਚੋਣਾਂ ਹੋਈਆਂ ਸਨ ਅਤੇ ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ’ਚ 30 ਸਤੰਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਉਧਰ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਹੈ। ਮੁੱਖ ਚੋਣ ਕਮਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਮੂ-ਕਸ਼ਮੀਰ ਵਿਚ 87 ਲੱਖ ਦੇ ਲਗਭਗ ਵੋਟਰ ਹਨ ਜਦਕਿ ਹਰਿਆਣਾ ਵਿਚ 2 ਕਰੋੜ ਤੋਂ ਵੱਧ ਵੋਟਰ ਹਨ।

ਕਿਹਾ : ਸੂਚਨਾ ਕਮਿਸ਼ਨ ਦੇ ਕੰਮਾਂ ’ਚ ਆਵੇਗੀ ਪਾਰਦਰਸ਼ਤਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਤਿੰਨ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ ’ਚ  ਸੰਦੀਪ ਸਿੰਘ ਧਾਲੀਵਾਲ, ਐਡਵੋਕੇਟ ਭੁਪਿੰਦਰ ਸਿੰਘ ਅਤੇ ਵਰਿੰਦਰਜੀਤ ਸਿੰਘ ਦਾ ਨਾਮ ਸ਼ਾਮਲ ਹਨ। ਇਨ੍ਹਾਂ ਤਿੰਨੋਂ ਸੂਚਨਾ ਕਮਿਸ਼ਨਰਾਂ ਦਾ ਸਹੁੰ ਚੁੱਕ ਅੱਜ ਸ਼ੁੱਕਰਵਾਰ ਨੂੰ ਪੰਜਾਬ ਰਾਜ ਭਵਨ ’ਚ ਸੰਪੰਨ ਹੋਇਆ, ਜਿਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਮੌਕੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸੂਚਨਾ ਕਮਿਸ਼ਨਰਾਂ ਦੇ ਅਹੁਦੇ ਖਾਲੀ ਪਏ ਸਨ, ਜਿਸ ਤੋਂ ਬਾਅਦ ਇਹ ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ ਪਹੁੰਚਿਆ ਸੀ। ਕੋਰਟ ਦੀ ਖਿਚਾਈ ਦੀ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਰਟ ਨੂੰ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਪ੍ਰਕਿਰਿਆ 30 ਅਗਸਤ ਤੱਕ ਪੂਰੀ ਕਰਨ ਦਾ ਭਰੋਸਾ ਦਿੱਤਾ ਸੀ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.