Tuesday, 23 June 2026

ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਫਾਰੁਕ ਅਬਦੁੱਲਾ ਨੇ ਕੀਤਾ ਐਲਾਨ

ਜੰਮੂ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਅਤੇ ਨੈਸ਼ਨਲ ਕਾਨਫ਼ਰੰਸ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੀਆਂ। ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਅੱਜ ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ 90 ਸੀਟਾਂ ’ਤੇ ਦੋਵੇਂ ਪਾਰਟੀਆਂ ਮਿਲ ਕੇ ਚੋਣਾਂ ਲੜਨਗੀਆਂ ਅਤੇ ਸੀਟਾਂ ਦੀ ਵੰਡ ਸਬੰਧੀ ਫੈਸਲਾ ਵੀ ਜਲਦੀ ਹੀ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ੍ਰੀਨਗਰ ਵਿਚ ਪਾਰਟੀ ਵਰਕਰਾਂ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੀ ਨੁਮਾਇੰਦਗੀ ਕਰਨਾ ਅਤੇ ਇਸ ਨੂੰ ਮੁੜ ਰਾਜ ਦਾ ਦਰਜਾ ਦਿਵਾਉਣਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ ਅਤੇ ਅਜਿਹੇ ’ਚ ਮੈਂ ਉਮੀਦ ਕਰਦਾ ਹਾਂ ਕਿ ਵਿਧਾਨ ਸਭਾ ਚੋਣਾਂ ਦੌਰਾਨ ਜੰਮੂ-ਕਸ਼ਮੀਰ ਦੀ ਜਨਤਾ ਸਾਡਾ ਸਮਰਥਨ ਜ਼ਰੂਰ ਕਰੇਗੀ। ਇਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਜੇਕਰ ਅਸੀਂ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਲੈਂਦੇ ਹਾਂ ਤਾਂ ਸਾਰਾ ਹਿੰਦੋਸਤਾਨ ਸਾਡੇ ਕਬਜ਼ੇ ਵਿਚ ਆ ਜਾਵੇਗਾ। ਜ਼ਿਕਰਯੋਗ ਹੈ ਕਿ ਕਾਂਗਰਸੀ ਰਾਹੁਲ ਗਾਂਧੀ ਅਤੇ ਮਲਿਕਾ ਅਰਜੁਨ ਖੜਗੇ ਜੰਮੂ-ਕਸ਼ਮੀਰ ਦੇ ਦੋ ਦਿਨਾ ਦੌਰੇ ’ਤੇ ਹਨ।

  

 

ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਕਿਸਾਨਾਂ ਨਾਲ ਮੀਟਿੰਗਾਂ ਜਾਰੀ ਰੱਖਣ ਦਾ ਦਿੱਤਾ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਖੋਲ੍ਹਣ ਸਬੰਧੀ ਅੱਜ ਸੁਪਰੀਮ ਕੋਰਟ ਵਿਚ ਹੋਣ ਵਾਲੀ ਸੁਣਵਾਈ ਟਲ ਗਈ ਹੈ, ਜਿਸ ਦੇ ਚਲਦਿਆਂ ਸ਼ੰਭੂ ਅਤੇ ਖਨੌਰੀ ਬਾਰਡਰ ਫਿਲਹਾਲ ਨਹੀਂ ਖੁੱਲ੍ਹਣਗੇ। ਸੁਪਰੀਮ ਕੋਰਟ ਨੇ ਜਿੱਥੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਕਿਸਾਨਾਂ ਦੇ ਨਾਲ ਮੀਟਿੰਗਾਂ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ। ਉਥੇ ਹੀ ਪੰਜਾਬ ਸਰਕਾਰ ਨੂੰ ਕਮੇਟੀ ਮੈਂਬਰਾਂ ਦੇ ਨਾਮ ਤਿੰਨ ਦਿਨਾਂ ਅੰਦਰ-ਅੰਦਰ ਦੇਣ ਲਈ ਵੀ ਕਿਹਾ ਹੈ ਜਦਕਿ ਸੁਪਰੀਮ ਕੋਰਟ ਵਿਚ ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਪੰਜਾਬ ਅਤੇ ਹਰਿਆਣਾ ਦੇ ਵਕੀਲ ਅਦਾਲਤ ਵੱਲੋਂ ਬਣਾਈ ਜਾਣ ਵਾਲੀ ਕਮੇਟੀ ਦੇ ਸਾਹਮਣੇ ਅਸਲ ਮੁੱਦੇ ਪੇਸ਼ ਕਰਨਗੇ। ਕੋਰਟ ਨੇ ਸਪੱਸ਼ਟ ਕੀਤਾ ਕਿ ਬਣਾਈ ਗਈ ਕਮੇਟੀ ਵੱਲੋਂ ਕੋਈ ਸਾਂਝਾ ਹੱਲ ਕੱਢਿਆ ਜਾਵੇਗਾ ਤਾਂ ਜੋ ਵਾਰ-ਵਾਰ ਪੈਦਾ ਹੋਣ ਵਾਲੀ ਸਮੱਸਿਆ ਨੂੰ ਨਿਰਪੱਖ ਅਤੇ ਢੁਕਵੇਂ ਢੰਗ ਨਾਲ ਸੁਲਝਾਇਆ ਜਾ ਸਕੇ।  

ਰਾਜਾ ਵੜਿੰਗ ਨੇ ਸੇਬੀ ਪ੍ਰਮੁੱਖ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਵਲੋਂ ਸੰਸਦ ਮੈਂਬਰ ਅਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਖ਼ਿਲਾਫ਼ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸੇਬੀ ਦਫ਼ਤਰ ਵੱਲ ਮਾਰਚ ਕੀਤਾ ਗਿਆ ਪਰ ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ। ਜਦੋਂ ਚੰਡੀਗੜ੍ਹ ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਕਾਂਗਰਸੀ ਆਗੂਆਂ ਨੂੰ ਰੋਕਿਆਂ ਤਾਂ ਉਨ੍ਹਾਂ ਦੀ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ। ਇਸੇ ਦੌਰਾਨ ਚੰਡੀਗੜ੍ਹ ਪੁਲਿਸ ਨੇ ਪੰਜਾਬ ਕਾਂਗਰਸ  ਪ੍ਰਧਾਨ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਤੇ ਅਸੀਂ ਸਾਰੇ ਬੈਰੀਕੇਡ ਤੋੜ ਕੇ ਸੇਬੀ ਦਫ਼ਤਰ ਤੱਕ ਜਾਵਾਂਗੇ। ਉਨ੍ਹਾਂ ਸੇਬੀ ਪ੍ਰਮੁੱਖ ਨੂੰ ਅਹੁਦੇ ਤੋਂ ਹਟਾਉਣ ਅਤੇ ਇਸ ਮਾਮਲੇ ਦੀ ਜੇਪੀਸੀ ਜਾਂਚ ਦੀ ਮੰਗ ਵੀ ਕੀਤੀ। ਇਸ ਪ੍ਰਦਰਸ਼ਨ ਵਿਚ ਮਹਿਲਾ ਵਰਕਰ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ।  

ਬਾਇਓਕੇਮਿਸਟ ਗੋਵਿੰਦਾਰਾਜਨ ਪਦਮਾਨਾਭਨ ਨੂੰ ਮਿਲਿਆ ਵਿਗਿਆਨ ਰਤਨ ਐਵਾਰਡ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਅੱਜ 33 ਵਿਗਿਆਨੀਆਂ ਨੂੰ ਰਾਸ਼ਟਰੀ ਵਿਗਿਆਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਕੀਤਾ ਗਿਆ। ਇਸੇ ਦੌਰਾਨ ਬਾਇਓਕੇਮਿਸਟ ਗੋਵਿੰਦਾਰਾਜਨ ਪਦਮਾਨਾਭਨ ਨੂੰ ਸਾਇੰਸ ਦੇ ਖੇਤਰ ਵਿਚ ਦਿੱਤੇ ਯੋਗਦਾਨ ਲਈ ਵਿਗਿਆਨ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਸਰੋ ਦੀ ਚੰਦਰਯਾਨ ਟੀਮ ਨੂੰ ਵਿਗਿਆਨ ਟੀਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਦਮ ਪੁਰਸਕਾਰ ਦੀ ਤਰਜ ’ਤੇ ਦੇਸ਼ ’ਚ ਵਿਗਿਆਨ ਐਵਾਰਡ ਨੂੰ ਸ਼ੁਰੂ ਕਰਦੇ ਹੋਏ ਜਨਵਰੀ ’ਚ ਨੈਸ਼ਨਲ ਸਾਇੰਸ ਐਵਾਰਡ ਦੀ ਸ਼ੁਰੂਆਤ ਕੀਤੀ ਸੀ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.