Tuesday, 23 June 2026

ਨਸ਼ਾ ਤਸਕਰਾਂ ਸਬੰਧੀ ਸੂਚਨਾ ਦੇਣ ਲਈ ਚੈਟਬਾਕਸ ਨੰਬਰ ਕੀਤਾ ਗਿਆ ਜਾਰੀ

ਮੋਹਾਲੀ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਆਪਣੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਇਹ ਪਹਿਲਾਂ ਤੋਂ ਕੰਮ ਕਰ ਰਹੀ ਐਸਟੀਐਫ ਨੂੰ ਅਪਡੇਟ ਕਰਕੇ ਬਣਾਈ ਗਈ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਦਫ਼ਤਰ ਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਵਿਖੇ ਉਦਘਾਟਨ ਕੀਤਾ ਗਿਆ। ਇਸ ਮੌਕੇ ਨਸ਼ਾ ਤਸਕਰਾਂ ਸਬੰਧੀ ਸੂਚਨਾ ਦੇਣ ਜਾਂ ਕੋਈ ਜਾਣਕਾਰੀ ਹਾਸਲ ਕਰਨ ਲਈ ਇਕ ਚੈਟਬਾਕਸ ਨੰਬਰ ਜਾਰੀ ਕੀਤਾ ਗਿਆ। ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦੇਣ ਲਈ ਲੋਕਾਂ ਨੂੰ 9779100200 ’ਤੇ ਕਾਲ ਕਰਨੀ ਹੋਵੇਗੀ ਅਤੇ ਕਾਲ ਕਰਨ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਮੈਸੇਜ ਦਾ ਜਵਾਬ ਮਿਲੇਗਾ ਅਤੇ ਨਾਲ ਹੀ ਤਸਕਰਾਂ ਖਿਲਾਫ਼ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਸੂਚਨਾ ਵੀ ਦਿੱਤੀ ਜਾਵੇਗੀ।

ਭਾਜਪਾ ਨੇ ਇਸ ਨੂੰ ਦੱਸਿਆ ਜ਼ਮੀਨ ਘੁਟਾਲਾ, ਮੰਗੀ ਸੀਬੀਆਈ ਜਾਂਚ

ਬੰਗਲੁਰੂ/ਬਿਊਰੋ ਨਿਊਜ਼ : ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ’ਤੇ ਜ਼ਮੀਨ ਘੁਟਾਲੇ ਦਾ ਆਰੋਪ ਲੱਗਿਆ ਹੈ। ਕਰਨਾਟਕ ਇੰਡਸਟਰੀਅਲ ਏਰੀਆ ਡਿਵੈਲਪਮੈਂਟ ਬੋਰਡ ਨੇ ਸਿਧਾਰਥ ਵਿਹਾਰ ਟਰੱਸਟ ਨੂੰ ਬੇਂਗਲੁਰੂ ਦੇ ਕੋਲ ਹਾਈਟੈਕ ਡਿਫੈਂਸ ਏਅਰੋਸਪੇਸ ਪਾਰਕ ’ਚ ਪੰਜ ਏਕੜ ਜ਼ਮੀਨ ਅਲਾਟ ਕੀਤੀ ਹੈ। ਧਿਆਨ ਰਹੇ ਸਿਧਾਰਥ ਵਿਹਾਰ ਟਰੱਸਟ ਨੂੰ ਮਲਿਕਾ ਅਰੁਜਨ ਖੜਗੇ ਅਤੇ ਉਨ੍ਹਾਂ ਦਾ ਪਰਿਵਾਰ ਚਲਾਉਂਦਾ ਹੈ। ਇਸ ਟਰੱਸਟ ’ਚ ਮਲਿਕਾ ਅਰਜੁਨ ਖੜਗੇ, ਉਨ੍ਹਾਂ ਦੀ ਪਤਨੀ ਰਾਧਾਬਾਈ, ਬੇਟਾ ਪਿ੍ਰਯਾਂਕ ਖੜਗੇ, ਜਵਾਈ ਰਾਧਾਕ੍ਰਿਸ਼ਨਨ ਅਤੇ ਛੋਟਾ ਬੇਟਾ ਰਾਹੁਲ ਖੜਗੇ ਸ਼ਾਮਲ ਹੈ। ਭਾਜਪਾ ਨੇ ਆਰੋਪ ਲਗਾਇਆ ਕਿ ਮਲਿਕਾ ਅਰਜੁਨ ਖੜਗੇ ਨੇ ਸੱਤਾ ਦੀ ਦੁਰਵਰਤੋਂ ਕਰਦੇ ਹੋਏ ਇਹ ਜ਼ਮੀਨ ਹਾਸਲ ਕੀਤੀ ਹੈ ਅਤੇ ਇਸ ਜ਼ਮੀਨ ਘੁਟਾਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਧਰ ਕਰਨਾਟਕ ਦੇ ਮੁੱਖ ਮੰਤਰੀ ਸਿੱਧ ਰਮੱਈਆ ਨੇ ਇਨ੍ਹਾਂ ਆਰੋਪਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਜ਼ਮੀਨ ਕਾਨੂੰਨ ਅਨੁਸਾਰ ਦਿੱਤੀ ਗਈ ਹੈ।

ਵਿਰੋਧੀ ਪਾਰਟੀਆਂ ਨੇ ਬਿੱਟੂ ਖਿਲਾਫ਼ ਨਹੀਂ ਉਤਾਰਿਆ ਆਪਣਾ ਕੋਈ ਉਮੀਦਵਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਬਿਨਾ ਕਿਸੇ ਵਿਰੋਧ ਦੇ ਰਾਜ ਸਭਾ ਮੈਂਬਰ ਚੁਣੇ ਗਏ ਹਨ। ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਖਿਲਾਫ਼ ਆਪਣਾ ਕੋਈ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰਿਆ। ਧਿਆਨ ਰਹੇ ਕਿ ਰਵਨੀਤ ਸਿੰਘ ਬਿੱਟੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਰਤੀ ਜਨਤਾ ਪਾਰਟੀ ਨੇ ਬਿੱਟੂ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਸੀ ਪਰ ਉਹ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਕੋਲੋਂ ਚੋਣ ਹਾਰ ਗਏ ਸਨ। ਕੇਂਦਰ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ’ਤੇ ਬਿੱਟੂ ਨੂੰ ਹਾਰਨ ਦੇ ਬਾਵਜੂਦ ਦੀ ਭਾਜਪਾ ਨੇ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ ਸੀ। ਰਾਜ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਹੁਣ ਬਿੱਟੂ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਰਿਹਾ। ਇਸੇ ਤਰ੍ਹਾਂ ਹਰਿਆਣਾ ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਕਿਰਨ ਚੌਧਰੀ ਅਤੇ ਤੇਲੰਗਾਨਾ ਤੋਂ ਅਭਿਸ਼ੇਕ ਮਨੂੰ ਸਿੰਘਵੀ ਵੀ ਬਿਨਾ ਕਿਸੇ ਵਿਰੋਧ ਦੇ ਰਾਜ ਸਭਾ ਮੈਂਬਰ ਬਣ ਗਏ ਹਨ।

 

ਕਿਹਾ : 30 ਅਗਸਤ ਨੂੰ ਹੋਣ ਵਾਲੀ ਜਥੇਦਾਰਾਂ ਦੀ ਮੀਟਿੰਗ ਦੌਰਾਨ ਲਿਆ ਜਾਵੇ ਮਿਸਾਲੀ ਫੈਸਲਾ

ਅੰਮਿ੍ਰਤਸਰ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਂ ਇਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਉਨ੍ਹਾਂ 30 ਅਗਸਤ ਨੂੰ ਪੰਜੋ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਇਕੱਤਰਤਾ ਦੌਰਾਨ ਮਿਸਾਲੀ ਫੈਸਲਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਵੀ ਮੰਗ ਪੱਤਰ ਰਾਹੀਂ ਜਥੇਦਾਰ ਸਾਹਿਬਾਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਅੰਮਿ੍ਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ 30 ਅਗਸਤ ਨੂੰ ਲਿਆ ਜਾਣ ਵਾਲਾ ਫੈਸਲਾ ਸਿੱਖ ਕੌਮ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹਾ ਫੈਸਲ ਲਿਆ ਜਾਵੇ ਜੋ ਸਿੱਖ ਕੌਮ ਨੂੰ ਮਨਜ਼ੂਰ ਹੋਵੇ। ਇਸ ਮੌਕੇ ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਅੰਦਰ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤੰਜ ਵੀ ਕਸਿਆ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.