Tuesday, 23 June 2026

ਖਰਾਬ ਹੈਲੀਕਾਪਟਰ ਨੂੰ ਰਿਪੇਅਰ ਲਈ ਲਿਜਾਂਦੇ ਸਮੇਂ ਵਾਪਰਿਆ ਹਾਦਸਾ

ਦੇਹਰਾਦੂਨ/ਬਿਊਰੋ ਨਿਊਜ਼ : ਕੇਦਾਰਨਾਥ ਤੋਂ ਗੌਚਰ ਦਰਮਿਆਨ ਭੀਮਬਲੀ ਦੇ ਕੋਲ ਇਕ ਹੈਲੀਕਾਪਟਰ ਡਿੱਗ ਗਿਆ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਕ੍ਰੇਸਟਲ ਏਵੀਏਸ਼ਨ ਦਾ ਇਕ ਹੈਲੀਕਾਪਟਰ ਖਰਾਬ ਹੋ ਗਿਆ ਸੀ ਅਤੇ ਇਸ ਦੀ ਰਿਪੇਅਰ ਕੀਤੀ ਜਾਣੀ ਸੀ। ਖਰਾਬ ਹੈਲੀਕਾਪਟਰ ਨੂੰ ਭਾਰਤੀ ਫੌਜ ਦੇ ਹੈਲੀਕਾਪਟਰ ਐਮਆਈ 17 ਰਾਹੀਂ ਲਿਫਟ ਕੀਤਾ ਜਾ ਰਿਹਾ ਸੀ ਅਤੇ ਤਾਰ ਟੁੱਟਣ ਕਾਰਨ ਲਿਫਟ ਕਰਦੇ ਸਮੇਂ ਖਰਾਬ ਹੈਲੀਕਾਪਟਰ ਹੇਠਾਂ ਡਿੱਗ ਗਿਆ। ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਖਰਾਬ ਹੈਲੀਕਾਪਟਰ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਇਸ ਹੈਲੀਕਾਪਟਰ ਵਿਚ 24 ਮਈ 2024 ਨੂੰ ਲੈਂਡਿੰਗ ਦੌਰਾਨ ਤਕਨੀਕੀ ਖ਼ਰਾਬੀ ਆ ਗਈ ਸੀ, ਜਿਸ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਪਈ ਸੀ। ਇਸ ਨੂੰ ਠੀਕ ਕਰਨ ਲਈ ਅੱਜ ਹਵਾਈ ਸੈਨਾ ਦੇ ਹੈਲੀਕਾਪਟਰ ਐਮ.ਆਈ. 17 ਰਾਹੀਂ ਲਿਜਾਇਆ ਜਾ ਰਿਹਾ ਸੀ। 

  

‘‘ਆਪਣੀ ਆਵਾਜ਼ ਪੁਰਸਕਾਰ’’ ਬਲਦੇਵ ਸਿੰਘ ਧਾਲੀਵਾਲ ਅਤੇ ਬੂਟਾ ਸਿੰਘ ਚੌਹਾਨ ਨੂੰ

ਲੋਕ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਦਾ ਐਲਾਨ, ਨਿੰਦਰ ਘੁਗਿਆਣਵੀ ਨੂੰ ਮਿਲੇਗਾ ‘‘ਲੋਕ ਮੰਚ ਪੰਜਾਬ ਵਿਸ਼ੇਸ਼ ਪੁਰਸਕਾਰ’’

ਚੰਡੀਗੜ੍ਹ :  ਲੋਕ ਮੰਚ ਪੰਜਾਬ ਵੱਲੋਂ ਸਾਲ 2024 ਲਈ ਦਿੱਤੇ ਜਾਣ ਵਾਲੇ  ਸਾਹਿਤਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।  ਸਾਲ 2024 ਦਾ ‘‘ਸੁਰਜੀਤ ਪਾਤਰ ਕਾਵਿਲੋਕ ਪੁਰਸਕਾਰ’’ ਉੱਘੇ  ਪੰਜਾਬੀ ਕਵੀ ਵਿਜੇ ਵਿਵੇਕ ਨੂੰ ਉਨ੍ਹਾਂ ਦੀ ਕਾਵਿ ਕਿਤਾਬ ‘‘ਛਿਣਭੰਗਰ ਵੀ ਕਾਲਾਤੀਤ ਵੀ’’ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ 51 ਹਜ਼ਾਰ ਰੁਪਏ ਨਕਦ ਅਤੇ ਸਨਮਾਨ ਚਿੰਨ ਹੋਵੇਗਾ। 

ਸਾਲ 2024  ਦਾ ‘‘ਆਪਣੀ ਆਵਾਜ਼ ਪੁਰਸਕਾਰ’’ ਡਾਕਟਰ ਬਲਦੇਵ ਸਿੰਘ ਧਾਲੀਵਾਲ ਨੂੰ ਉਨ੍ਹਾਂ ਦੇ ਸਫ਼ਰਨਾਮੇ ‘‘ਕੰਜ-ਕੁਆਰੀ ਧਰਤੀ’’ ਅਤੇ ਪ੍ਰਸਿੱਧ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੂੰ ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ‘‘ਖ਼ੁਸ਼ਬੋ ਦਾ ਕੁਨਬਾ’’ ਨੂੰ ਸਾਂਝੇ ਤੌਰ ਤੇ ਦਿੱਤਾ ਜਾਵੇਗਾ। ਇਕ ਲੱਖ ਰੁਪਏ ਦੇ ਇਸ ਪੁਰਸਕਾਰ ਦੀ ਰਾਸ਼ੀ ਦੋਹਾਂ ਲੇਖਕਾਂ ਨੂੰ ਵੰਡ ਕੇ ਪੰਜਾਹ-ਪੰਜਾਹ ਹਜ਼ਾਰ ਰੁਪਏ ਦਿੱਤੀ ਜਾਵੇਗੀ ਅਤੇ ਸਨਮਾਨ ਚਿੰਨ ਭੇਟ ਕੀਤੇ ਜਾਣਗੇ।

‘‘ਲੋਕ ਮੰਚ ਪੰਜਾਬ ਵਿਸ਼ੇਸ਼ ਪੁਰਸਕਾਰ’’  ਇਸ ਵਾਰ ਉੱਘੇ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਦੀ ਸਮੁੱਚੀ ਸਾਹਿਤ-ਘਾਲਣਾ ਨੂੰ ਸਮਰਪਿਤ ਹੋਵੇਗਾ। ਇਸ ਪੁਰਸਕਾਰ ਵਿੱਚ 50 ਹਜ਼ਾਰ ਰੁਪਏ ਨਗਦ ਅਤੇ ਸਨਮਾਨ ਚਿੰਨ ਭੇਟ ਕੀਤਾ ਜਾਵੇਗਾ। ਇਹਨਾਂ ਪੁਰਸਕਾਰਾਂ ਦਾ ਐਲਾਨ ਇੱਕ ਮੀਟਿੰਗ ਉਪਰੰਤ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਮੀਤ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਅਤੇ ਡਾਕਟਰ ਉਮਿੰਦਰ ਸਿੰਘ ਜੌਹਲ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਦਾ ਫੈਸਲਾ ਵਿਆਪਕ ਪੱਧਰ ਉੱਤੇ ਕੀਤੇ ਗਏ ਗੁਪਤ ਸਰਵੇਖਣ ਰਾਹੀਂ ਅਤੇ ਮਾਹਿਰਾਂ ਵਲੋਂ ਕੀਤੇ ਗਏ ਮੁਲੰਕਣ ਉਪਰੰਤ ਕੀਤਾ ਗਿਆ ਹੈ।  ਇਹ ਪੁਰਸਕਾਰ ਜਲਦੀ ਹੀ ਇਕ ਸਮਾਗਮ ਕਰਕੇ ਭੇਟ ਕੀਤੇ ਜਾਣਗੇ।

  

 

  

ਹਿਮੰਤਾ ਬਿਸਵਾ ਅਤੇ ਸ਼ਿਵਰਾਜ ਚੌਹਾਨ ਨੇ ਚੰਪਈ ਨੂੰ ਦਿਵਾਈ ਭਾਜਪਾ ਦੀ ਮੈਂਬਰਸ਼ਿਪ

ਰਾਂਚੀ/ਬਿਊਰੋ ਨਿਊਜ਼ : ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਰਾਂਚੀ ਦੇ ਧੁਰਵਾ ਸਥਿਤ ਸ਼ਹੀਦ ਮੈਦਾਨ ’ਚ ਕਰਵਾਏ ਗਏ ਇਕ ਸਮਾਗਮ ਦੌਰਾਨ ਹਿਮੰਤਾ ਬਿਸਵਾ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਈ। ਜ਼ਿਕਰਯੋਗ ਹੈ ਕਿ ਲੰਘੀ 28 ਅਗਸਤ ਨੂੰ ਚੰਪਈ ਸੋਰੇਨ ਨੇ ਝਾਰਖੰਡ ਮੁਕਤੀ ਮੋਰਚਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੈਂ ਜੋ ਵੀ ਫੈਸਲਾ ਲਿਆ ਹੈ ਉਹ ਝਾਰਖੰਡ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ। ਚੰਪਈ ਨੇ ਅੱਗੇ ਕਿਹਾ ਕਿ ਅਸੀਂ ਸੰਘਰਸ਼ ਕਰਨ ਵਾਲੇ ਵਿਅਕਤੀ ਹਾਂ ਅਤੇ ਪਿੱਛੇ ਨਹੀਂ ਹਟਾਂਗੇ ਅਤੇ ਭਾਰਤੀ ਜਨਤਾ ਪਾਰਟੀ ਮੇਰੀ ਜੋ ਵੀ ਡਿਊਟੀ ਲਗਾਏਗੀ ਉਸ ਨੂੰ ਮੈਂ ਪੂਰੀ ਈਮਾਨਦਾਰੀ ਨਾਲ ਨਿਭਾਵਾਂਗਾ।

ਮੁੱਖ ਸਕੱਤਰ ਨੇ ਕੇਂਦਰੀ ਮੰਤਰੀ ਜੇਪੀ ਨੱਢਾ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ’ਚ ਆਈ ਡੀਏਪੀ ਖਾਦ ਦੀ ਕਿੱਲਤ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ ਕੇਪੀ ਸਿਨਹਾ ਨੇ ਅੱਜ ਕੇਂਦਰੀ ਖਾਦ ਮੰਤਰੀ ਜੇਪੀ ਨੱਢਾ ਨਾਲ ਨਵੀਂ ਦਿੱਲੀ ’ਚ ਮੁਲਾਕਾਤ ਕੀਤੀ। ਮੁੱਖ ਸਕੱਤਰ ਨੇ ਜੇਪੀ ਨੱਢਾ ਨੂੰ ਕਿਹਾ ਕਿ ਜੇਕਰ ਸਮੇਂ ਸਿਰ ਪੰਜਾਬ ’ਚ ਡੀਏਪੀ ਦੇ ਸਟਾਕ ਨੂੰ ਪੂਰਾ ਨਾ ਕੀਤਾ ਗਿਆ ਤਾਂ ਪੰਜਾਬ ’ਚ ਕਣਕ ਦੀ ਪੈਦਾਵਾਰ ’ਚ ਭਾਰੀ ਕਮੀ ਆ ਸਕਦੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਮੰਤਰੀ ਨੂੰ ਪੱਤਰ ਲਿਖਿਆ ਗਿਆ ਸੀ। ਪੰਜਾਬ ’ਚ 35 ਲੱਖ ਹੈਕਟੇਅਰ ’ਤੇ ਕਣਕ ਦੀ ਬਿਜਾਈ ਲਈ 5.5 ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਜ਼ਰੂਰਤ ਹੁੰਦੀ ਹੈ।  ਇਕ ਜੁਲਾਈ ਤੱਕ ਸਿਰਫ਼ 40 ਹਜ਼ਾਰ ਮੀਟਰਿਕ ਟਨ ਡੀਏਪੀ ਖਾਦ ਹੀ ਕੇਂਦਰ ਸਰਕਾਰ ਵੱਲੋਂ ਉਪਲਬਧ ਕਰਵਾਈ ਗਈ ਹੈ ਜੋ ਕਿ ਟੀਚੇ ਨਾਲੋਂ 5.1 ਲੱਖ ਮੀਟਰਿਕ ਟਨ ਘੱਟ ਹੈ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.