Tuesday, 23 June 2026

ਮਾਨ ਸਰਕਾਰ ਨੇ ਸੂਬੇ ’ਚ ਗ੍ਰੀਨ ਟੈਕਸ ਕੀਤਾ ਲਾਗੂ, ਨੋਟੀਫਿਕੇਸ਼ਨ ਹੋਇਆ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਗਈ ਹੈ, ਕਿਉਂਕਿ ਮਾਨ ਸਰਕਾਰ ਨੇ ਸੂਬੇ ’ਚ ਗ੍ਰੀਨ ਟੈਕਸ ਲਾਗੂ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਚਲਦਿਆਂ ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਂ ਗ੍ਰੀਨ ਟੈਕਸ ਦੇਣਾ ਹੋਵੇਗਾ। ਡੀਜ਼ਲ ਅਤੇ ਪੈਟਰੋਲ ਵਾਹਨਾਂ ’ਤੇ ਗ੍ਰੀਨ ਟੈਕਸ ਦੀ ਕੈਟਾਗਿਰੀ ਨੂੰ ਅਲੱਗ-ਅਲੱਗ ਰੱਖਿਆ ਗਿਆ ਹੈ। ਜਦਕਿ ਐਲਪੀਜੀ, ਸੀਐਨਜੀ, ਬੈਟਰੀ ਜਾਂ ਸੋਲਰ ਪਾਵਰ ਨਾਲ ਚੱਲਣ ਵਾਲੇ ਵਾਹਨਾਂ ਨੂੰ ਗ੍ਰੀਨ ਟੈਕਸ ਦੀ ਕੈਟਾਗਿਰੀ ’ਚ ਬਾਹਰ ਰੱਖਿਆ ਗਿਆ ਹੈ। ਹੁਣ 15 ਸਾਲ ਪੁਰਾਣੇ ਨਾਨ ਟਰਾਂਸਪੋਰਟ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਲਈ ਪੈਟਰੋਲ ਟੂ ਵਹੀਲਰ ਵਾਹਨ ਮਾਲਕਾਂ ਨੂੰ 500 ਰੁਪਏ ਅਤੇ ਡੀਜ਼ਲ ਵਾਹਨ ਦੇ ਮਾਲਕਾਂ ਨੂੰ 1000 ਹਜ਼ਾਰ ਰੁਪਏ ਗ੍ਰੀਨ ਟੈਕਸ ਦੇਣਾ ਹੋਵੇਗਾ। ਇਸੇ ਤਰ੍ਹਾਂ ਫੋਰ ਵਹੀਲਰ ਦੇ ਲਈ 1500 ਸੀਸੀ ਤੋਂ ਹੇਠਾਂ ਵਾਲੇ ਪੈਟਰੋਲ ਵਾਹਨ ਮਾਲਕਾਂ ਨੂੰ 3000 ਰੁਪਏ ਅਤੇ ਡੀਜ਼ਲ ਵਾਹਨ ਮਾਲਕਾਂ ਨੂੰ 4000 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ।

ਕਿਸਾਨ ਬੋਲੇ : ਰਸਤਾ ਹਰਿਆਣਾ ਪੁਲਿਸ ਨੇ ਬੰਦ ਕੀਤਾ ਹੋਇਆ ਹੈ ਕਿਸਾਨਾਂ ਨੇ ਨਹੀਂ

ਪਟਿਆਲਾ/ਬਿਊਰੋ ਨਿਊਜ਼ : ਸ਼ੰਭੂ ਬਾਰਡਰ ਨੂੰ ਖੋਲ੍ਹਣ ਸਬੰਧੀ ਅੱਜ ਪਟਿਆਲਾ ਵਿਖੇ ਪੁਲਿਸ ਅਤੇ ਕਿਸਾਨ ਆਗੂਆਂ ਦਰਮਿਆਨ ਹੋਈ ਮੀਟਿੰਗ ਬੇਸਿੱਟਾ ਰਹੀ। ਇਸ ਮੀਟਿੰਗ ’ਚ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਸ਼ੌਕਤ ਅਹਿਮਦ ਅਤੇ ਹਰਿਆਣਾ ਪੁਲਿਸ ਦੇ ਉਚ ਅਧਿਕਾਰੀ ਮੌਜੂਦ ਸਨ। ਇਕ ਘੰਟਾ ਚੱਲੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸਾਫ਼ ਕਿਹਾ ਕਿ ਰਸਤਾ ਕਿਸਾਨਾਂ ਨੇ ਨਹੀਂ ਬਲਕਿ ਹਰਿਆਣਾ ਸਰਕਾਰ ਵੱਲੋਂ ਰੋਕਿਆ ਗਿਆ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਸ਼ੰਭੂ ਬਾਰਡਰ ਨੂੰ ਖੋਲ੍ਹ ਦਿੰਦੀ ਹੈ ਤਾਂ ਇਸ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਅਸੀਂ ਵੀ ਦਿੱਲੀ ਲਈ ਕੂਚ ਕਰ ਸਕਾਂਗੇ। ਜ਼ਿਕਰਯੋਗ ਹੈ ਕਿ ਲੰਘੀ 12 ਅਗਸਤ ਨੂੰ ਸ਼ੰਭੂ ਬਾਰਡਰ ਨੂੰ ਖੋਲ੍ਹਣ ਸਬੰਧੀ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਨੂੰ ਖੋਲ੍ਹਣ ਸਬੰਧੀ ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਸਮੇਤ ਪਟਿਆਲਾ, ਮੋਹਾਲੀ ਅਤੇ ਅੰਬਾਲਾ ਦੇ ਐਸਪੀਜ਼ ਨੂੰ ਮੀਟਿੰਗ ਕਰਕੇ ਇਸ ਸਬੰਧੀ ਫੈਸਲਾ ਲੈਣ ਲਈ ਕਿਹਾ ਸੀ ਅਤੇ ਸੁਪਰੀਮ ਕੋਰਟ ਵਿਚ ਭਲਕੇ 22 ਅਗਸਤ ਨੂੰ ਸ਼ੰਭੂ ਬਾਰਡਰ ਖੋਲ੍ਹਣ ਸਬੰਧੀ ਮੁੜ ਤੋਂ ਸੁਣਵਾਈ ਹੋਵੇਗੀ।

 

ਸੁਪਰੀਮ ਕੋਰਟ ਦੇ ਫੈਸਲੇ ਖਿਲਾਫ਼ ਅਨੁਸੂਚਿਤ ਜਾਤੀਆਂ ਵੱਲੋਂ ਦਿੱਤਾ ਗਿਆ ਸੀ ਬੰਦ ਦਾ ਸੱਦਾ

ਚੰਡੀਗੜ੍ਹ/ਬਿਊਰੋ ਨਿਊਜ਼ : ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਲਈ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਮੱਠਾ ਹੁੰਗਾਰਾ ਹੀ ਮਿਲਿਆ। ਪੰਜਾਬ ਵਿੱਚ ਕੁਝ ਥਾਵਾਂ ’ਤੇ ਜਨਜੀਵਨ ਵਿੱਚ ਵਿਘਨ ਪਿਆ ਜਦਕਿ  ਚੰਡੀਗੜ੍ਹ ਵਿੱਚ ਵੀ ਸਥਿਤੀ ਲਗਭਗ ਆਮ ਵਾਂਗ ਰਹੀ। ਬੈਂਕਿੰਗ ਸੇਵਾਵਾਂ, ਵਿਦਿਅਕ ਅਦਾਰੇ ਅਤੇ ਵਪਾਰਕ ਅਦਾਰੇ ਵੀ ਆਮ ਦਿਨਾਂ ਵਾਂਗ ਹੀ ਖੁੱਲ੍ਹੇ ਰਹੇ। ਪੰਜਾਬ ਅਤੇ ਹਰਿਆਣਾ ਵਿੱਚ ਆਵਾਜਾਈ ਆਮ ਵਾਂਗ ਚਲਦੀ ਰਹੀ ਹੈ ਜਦਕਿ ਰਾਸ਼ਟਰੀ ਰਾਜ ਮਾਰਗਾਂ ਅਤੇ ਰੇਲ ਪਟੜੀਆਂ ਨੂੰ ਰੋਕਣ ਲਈ ਕੋਈ ਜਥੇਬੰਦੀ ਸਾਹਮਣੇ ਨਹੀਂ ਆਈ। ਜਦਕਿ ਬਿਹਾਰ, ਰਾਜਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਕਈ ਸੂਬਿਆਂ ਵਿਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਖੱਬੀਆਂ ਪਾਰਟੀਆਂ, ਝਾਰਖੰਡ ਮੁਕਤੀ ਮੋਰਚਾ, ਕਾਂਗਰਸ, ਰਾਸ਼ਟਰੀ ਜਨਤਾ ਦਲ ਅਤੇ ਬਸਪਾ ਨੇ ਦੇਸ਼ ਵਿਆਪੀ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ।

ਭਾਜਪਾ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਮਿਸਡ ਕਾਲ ਨੰਬਰ ਕੀਤਾ ਗਿਆ ਜਾਰੀ

ਮੋਹਾਲੀ/ਬਿਊਰੋ ਨਿਊਜ਼ : ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਪੰਜਾਬ ਭਾਜਪਾ ਮੁੜ ਤੋਂ ਸਰਗਰਮ ਹੋ ਗਈ ਹੈ। ਪੰਜਾਬ ਭਾਜਪਾ ਵੱਲੋਂ ਅੱਜ ਮੋਹਾਲੀ ਤੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਲਕਸ਼ਮੀਕਾਂਤ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਮੈਂਬਰਸ਼ਿਪ ਪ੍ਰਮੁੱਖ ਮਨੋਰੰਜਨ ਕਾਲੀਆ ਵੀ ਹਾਜ਼ਰ ਸਨ। ਇਸ ਮੌਕੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕਰਨ ਦੇ ਲਈ ਇਕ ਮਿਸਡ ਕਾਲ ਨੰਬਰ 8800002024 ਜਾਰੀ ਕੀਤਾ ਗਿਆ ਅਤੇ ਇਸ ਨੰਬਰ ’ਤੇ ਮਿਸਕਾਲ ਕਰਕੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ ਜਾ ਸਕਦੀ ਹੈ।  ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਹਰ ਛੇ ਸਾਲ ਬਾਅਦ ਆਪਣੀ ਮੈਂਬਰਸ਼ਿਪ ਨਵੇਂ ਸਿਰੇ ਤੋਂ ਅਪਡੇਟ ਕਰਦੀ ਹੈ। ਇਸ ਤੋਂ ਪਹਿਲਾਂ ਪੂਰੇ ਭਾਰਤ ਅੰਦਰ ਭਾਜਪਾ ਦੇ 18 ਕਰੋੜ ਮੈਂਬਰ ਸਨ ਅਤੇ ਭਾਜਪਾ ਪੂਰੀ ਦੁਨੀਆ ’ਚ ਸਭ ਤੋਂ ਵੱਡੀ ਪਾਰਟੀ ਸੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.