Tuesday, 23 June 2026

ਵਜਨ ਵਧਣ ਕਾਰਨ ਫਾਈਨਲ ਮੁਕਾਬਲੇ ਤੋਂ ਪਹਿਲਾਂ ਦਿੱਤਾ ਗਿਆ ਅਯੋਗ ਕਰਾਰ

ਪੈਰਿਸ/ਬਿਊਰੋ ਨਿਊਜ਼ : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਵਜਨ ਵਧਣ ਕਾਰਨ ਬੇਸ਼ੱਕ ਪੈਰਿਸ ਉਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪਰ ਪੂਰਾ ਭਾਰਤ ਵਿਨੇਸ਼ ਫੋਗਾਟ ਦੇ ਸਮਰਥਨ ਵਿਚ ਉਤਰ ਆਇਆ ਹੈ। ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਸਰੋਤ ਹੋ। ਉਨ੍ਹਾਂ ਕਿਹਾ ਕਿ ਫਾਈਨਲ ਮੁਕਾਬਲੇ ਤੋਂ ਪਹਿਲਾਂ ਜੋ ਕੁੱਝ ਵੀ ਵਾਪਰਿਆ ਉਹ ਬਹੁਤ ਹੀ ਜ਼ਿਆਦਾ ਦੁਖਦਾਈ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਵਿਨੇਸ਼ ਫੋਗਾਟ ਨੂੰ ਤਕਨੀਕੀ ਆਧਾਰ ’ਤੇ ਅਯੋਗ ਕਰਾਰ ਦਿੱਤਾ ਗਿਆ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਭਾਰਤੀ ਉਲੰਪਿਕ ਸੰਘ ਇਸ ਫੈਸਲੇ ਨੂੰ ਚੁਣੌਤੀ ਦੇ ਕੇ ਦੇਸ਼ ਦੀ ਧੀ ਨੂੰ ਇਨਸਾਫ਼ ਦਿਵਾਏਗਾ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ ਉਲੰਪਿਕ ਤੋਂ ਬਾਹਰ ਹੋਈ ਪਹਿਲਵਾਨ ਵਿਨੇਸ਼ ਫੋਗਾਟ ਦੇ ਘਰ ਪਹੰੁਚੇ ਅਤੇ ਉਨ੍ਹਾਂ ਫੋਗਾਟ ਪਰਿਵਾਰ ਨਾਲ ਗੱਲਬਾਤ ਕੀਤੀ। ਧਿਆਨ ਰਹੇ ਕਿ ਮੰਗਲਵਾਰ ਨੂੰ ਵਿਨੇਸ਼ ਫੋਗਾਟ ਨੇ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਸੀ। ਪਰ ਅੱਜ ਸਵੇਰੇ ਉਸ ਦਾ ਵਜਨ 100 ਗ੍ਰਾਮ ਵੱਧ ਪਾਇਆ ਗਿਆ ਅਤੇ ਨਿਯਮਾਂ ਅਨੁਸਾਰ ਉਸ ਨੂੰ ਫਾਈਨਲ ਮੁਕਾਬਲਾ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਗਿਆ।

ਮੁੱਖ ਸਕੱਤਰ ਨੇ ਡੀਜੀਪੀ ਨੂੰ ਤੁਰੰਤ ਮਾਮਲਾ ਦਰਜ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਠੇਕੇਦਾਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਅੰਮਿ੍ਰਤਸਰ-ਕਟਰਾ ਐਕਸਪ੍ਰੈਸ ਹਾਈਵੇ ਦਾ ਨਿਰਮਾਣ ਕਰ ਰਹੇ ਠੇਕਦਾਰਾਂ ਨੂੰ ਦਿੱਤੀ ਗਈ ਹੈ। ਇਸ ਮਾਮਲੇ ’ਚ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਡੀਜੀਪੀ ਨੂੰ ਤੁਰੰਤ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਜਦਕਿ ਠੇਕੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ’ਚ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਕੰਮ ਬੰਦ ਕਰ ਦੇਣਗੇ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਅਨੁਸਾਰ ਠੇਕੇਦਾਰਾਂ ਦਾ ਆਰੋਪ ਹੈ ਕਿ ਜਲੰਧਰ ਅਤੇ ਲੁਧਿਆਣਾ ਇਲਾਕੇ ’ਚ ਠੇਕੇਦਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਦੇ ਪਿੱਛੇ ਭੂ-ਮਾਫੀਆ ਦਾ ਹੱਥ ਹੋ ਸਕਦਾ ਹੈ। ਠੇਕੇਦਾਰਾਂ ਵੱਲੋਂ ਇਹ ਮਾਮਲਾ ਪੰਜਾਬ ਸਰਕਾਰ ਤੋਂ ਇਲਾਵਾ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਸਾਹਮਣੇ ਵੀ ਰੱਖਿਆ ਹੈ।

  

ਇਕ ਉਲੰਪਿਕ ’ਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ ਮਨੂੰ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਰਿਸ ਉਲੰਪਿਕ ’ਚ ਦੋ ਮੈਡਲ ਜਿੱਤਣ ਵਾਲੀ ਮਨੂੰ ਭਾਕਰ ਅੱਜ ਬੁੱਧਵਾਰ ਨੂੰ ਭਾਰਤ ਪਰਤ ਆਈ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਏਅਰਪੋਰਟ ਤੋਂ ਬਾਹਰ ਆਉਂਦਿਆਂ ਹੀ ਮਾਤਾ-ਪਿਤਾ ਨੇ ਮਨੂੰ ਭਾਕਰ ਨੂੰ ਗਲੇ ਲਗਾਇਆ ਅਤੇ ਉਸਦਾ ਮੱਥਾ ਚੁੰਮਿਆ। ਮਨੂ ਭਾਕਰ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਜਸਪਾਲ ਰਾਣਾ ਦਾ ਵੀ ਭਰਵਾਂ ਸਵਾਗਤ ਕੀਤਾ ਗਿਆ। ਮੈਡਲ ਜੇਤੂ ਮਨੂੰ ਨੇ ਕਿਹਾ ਕਿ ਭਾਰਤੀਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੀ ਰਹਿਣ ਵਾਲੀ ਮਨੂੰ ਭਾਕਰ ਨੇ ਵੁਮੈਨ ਇੰਡੀਵਿਜੁਅਲ 10 ਮੀਟਰ ਏਅਰ ਪਿਸਟਲ ਅਤੇ ਮਿਕਸਡ ਈਵੈਂਟ ’ਚ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੀ ਦੇ ਮੈਡਲ ਜਿੱਤੇ ਹਨ। ਮਨੂੰ ਇਕ ਹੀ ਉਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਮਨੂੰ ਪੈਰਿਸ ਉਲੰਪਿਕ ਦੀ ਕਲੋਜਿੰਗ ਸੈਰੇਮਨੀ ’ਚ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰਨਗੇ ਅਤੇ ਉਹ ਐਤਵਾਰ ਨੂੰ ਹੋਣ ਵਾਲੀ ਕਲੋਜਿੰਗ ਸੈਰੇਮਨੀ ’ਚ ਹਿੱਸਾ ਲੈਣ ਲਈ ਮਨੂੰ ਵਾਪਸ ਪੈਰਿਸ ਜਾਵੇਗੀ।

ਸ਼ੋ੍ਮਣੀ ਅਕਾਲੀ ਦਲ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ’ਤੇ ਕੀਤੀ ਗਈ ਚਰਚਾ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ’ਚ ਨਵੀਂ ਚੁਣੀ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਅਕਾਲੀ ਦਲ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਪਾਰਟੀ ਪ੍ਰਧਾਨ ਖਿਲਾਫ਼ ਸੌਂਪੀ ਗਈ ਸ਼ਿਕਾਇਤ ਕਾਰਨ ਪਾਰਟੀ ਨੂੰ ਹੋਏ ਨੁਕਸਾਨ ਨੂੰ ਦੂਰ ਕਰਨ ਸਬੰਧੀ ਚਰਚਾ ਵੀ ਕੀਤੀ ਗਈ। ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ, ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ ਆਦਿ ਸਮੇਤ ਸਮੁੱਚੀ ਨਵੀਂ ਚੁਣੀ ਗਈ ਕੋਰ ਕਮੇਟੀ ਹਾਜਰ ਸੀ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.