Monday, 22 June 2026

177 ਦਿਨਾਂ ਤੋਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਆਉਣਗੇ ਬਾਹਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਨੀਤੀ ਮਾਮਲੇ ’ਚ  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।  ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 10 ਲੱਖ ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਦਿੱਤੀ ਹੈ ਜਦਕਿ ਕੋਰਟ ਨੇ ਸੀਬੀਆਈ ਦੀ ਗਿ੍ਰਫ਼ਤਾਰੀ ਨੂੰ ਨਿਯਮਾਂ ਤਹਿਤ ਕੀਤੀ ਗਈ ਗਿ੍ਰਫ਼ਤਾਰੀ ਵੀ ਦੱਸਿਆ। ਜ਼ਮਾਨਤ ਮਿਲਣ ਮਗਰੋਂ ਕੇਜਰੀਵਾਲ 177 ਦਿਨਾਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਾਹਰ ਆਉਣਗੇ। ਜ਼ਿਕਰਯੋਗ ਹੈ ਕਿ ਸ਼ਰਾਬ ਨੀਤੀ ਨਾਲ ਜੁੜੇ ਮਾਮਲੇ ’ਚ ਸੀਬੀਆਈ ਨੇ ਉਨ੍ਹਾਂ ਨੂੰ ਲੰਘੀ 26 ਜੂਨ ਨੂੰ ਗਿ੍ਰਫ਼ਤਾਰ ਕੀਤਾ ਸੀ। ਕੋਰਟ ਨੇ ਜ਼ਮਾਨਤ ਦੇਣ ਸਮੇਂ ਕੇਜਰੀਵਾਲ ’ਤੇ ਕੁੱਝ ਸ਼ਰਤਾਂ ਵੀ ਲਗਾਈਆਂ। ਜਿਨ੍ਹਾਂ ਤਹਿਤ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਫ਼ਤਰ ਨਹੀਂ ਜਾ ਸਕਣਗੇ। ਕੇਸ ਨਾਲ ਜੁੜੇ ਮਾਮਲੇ ਦੀ ਜਨਤਕ ਤੌਰ ’ਤੇ ਚਰਚਾ ਨਹੀਂ ਕਰਨਗੇ। ਜਾਂਚ ’ਚ ਰੁਕਾਵਟ ਪਾਉਣ ਜਾਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ ਵੀ ਨਹੀਂ ਕਰਨਗੇ। ਕੋਰਟ ਨੇ ਕੇਜਰੀਵਾਲ ਨੂੰ ਕਿਹਾ ਕਿ ਜ਼ਰੂਰਤ ’ਤੇ ਕੋਰਟ ’ਚ ਪੇਸ਼ ਹੋਣ ਦਾ ਹੁਕਮ ਦਿੱਤਾ ਅਤੇ ਜਾਂਚ ਵਿਚ ਸ਼ਹਿਯੋਗ ਕਰਨ ਲਈ ਵੀ ਕਿਹਾ। ਧਿਆਨ ਰਹੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਗਿ੍ਰਫ਼ਤਾਰੀ ਨੂੰ ਗੈਰਕਾਨੂੰਨੀ ਦੱਸਦੇ ਜ਼ਮਾਨਤ ਪਟੀਸ਼ਨ ਲਗਾਈ ਸੀ ਅਤੇ ਲੰਘੀ 5 ਸਤੰਬਰ ਨੂੰ ਹੋਈ ਸੁਣਵਾਈ ਤੋਂ ਬਾਅਦ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਕੇਜਰੀਵਾਲ ਖਿਲਾਫ਼ ਈਡੀ ਅਤੇ ਸੀਬੀਆਈ ਵੱਲੋਂ ਮਾਮਲੇ ਦਰਜ ਕੀਤੇ ਗਏ ਸਨ ਜਦਕਿ ਈਡੀ ਮਾਮਲੇ ’ਚ ਉਨ੍ਹਾਂ ਨੂੰ ਲੰਘੀ 12 ਜੁਲਾਈ ਨੂੰ ਜ਼ਮਾਨਤ ਮਿਲ ਚੁੱਕੀ ਹੈ।  

  

 

ਅਕਤੂਬਰ ਮਹੀਨੇ ’ਚ ਕਰਵਾਈਆਂ ਜਾ ਸਕਦੀਆਂ ਹਨ  ਪੰਚਾਇਤੀ ਚੋਣਾਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਆਉਂਦੇ ਅਕਤੂਬਰ ਮਹੀਨੇ ’ਚ ਪੰਚਾਇਤੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਮਾਨ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕਰਨ ਤੋਂ ਬਾਅਦ ਹੁਣ ਪੰਚਾਇਤ ਸਮਿਤੀਆਂ ਨੂੰ ਵੀ ਭੰਗ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਪੰਚਾਇਤੀ ਚੋਣਾਂ ਤੱਕ ਪੰਚਾਇਤਾਂ ਦਾ ਕੰਮ-ਕਾਜ ਦੇਖਣਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 13000 ਗ੍ਰਾਮ ਪੰਚਾਇਤਾਂ ਨੂੰ ਪਹਿਲਾਂ ਹੀ ਭੰਗ ਕੀਤਾ ਜਾ ਚੁੱਕਿਆ ਹੈ ਜਦਕਿ ਬਾਕੀ ਬਚੀਆਂ 153 ਵਿਚੋਂ 76 ਪੰਚਾਇਤ ਸਮਿਤੀਆਂ ਨੂੰ ਵੀ ਮਾਨ ਸਰਕਾਰ  ਨੇ ਭੰਗ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਦੀਆਂ 74 ਪੰਚਾਇਤ ਸੰਮਤੀਆਂ ਦਾ ਕਾਰਜਕਾਲ ਲੰਘੀ 10 ਸਤੰਬਰ ਨੂੰ ਖਤਮ ਹੋ ਚੁੱਕਿਆ ਹੈ।

ਢੇਸੀ ਨੇ 563 ਵਿਚੋਂ 320 ਵੋਟਾਂ ਕੀਤੀਆਂ ਹਾਸਲ, ਵਿਰੋਧੀ ਉਮੀਦਵਾਰ ਨੂੰ ਮਿਲੇ 243 ਵੋਟ

ਚੰਡੀਗੜ੍ਹ/ਬਿਊਰੋ ਨਿਊਜ਼ :ਬਿ੍ਰਟੇਨ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਲੇਬਰ ਪਾਰਟੀ ਦੇ ਸੰਸਦ ਮੈਂਬਰ ਢੇਸੀ ਨੂੰ 563 ’ਚੋਂ 320 ਵੋਟ ਹਾਸਲ ਹੋਏ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਡੇਰੇਕ ਟਰਵਿਗ ਨੂੰ ਸਿਰਫ਼ 243 ਵੋਟਾਂ ਹੀ ਪ੍ਰਾਪਤ ਹੋਈਆਂ। ਚੋਣਾਂ ’ਚ ਮਿਲੀ ਜਿੱਤ ਤੋਂ ਬਾਅਦ ਢੇਸੀ ਨੂੰ ਰੱਖਿਆ ਕਮੇਟੀ ਪ੍ਰਧਾਨ ਚੁਣਿਆ ਗਿਆ।  ਢੇਸੀ ਵੱਲੋਂ ਇਸ ਸਬੰਧੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਸ਼ੇਅਰ ਕੀਤੀ ਗਈ। ਉਨ੍ਹਾਂ ਲਿਖਿਆ ਕਿ ਹਾਊਸ ਵੱਲੋਂ ਰੱਖਿਆ ਕਮੇਟੀ ਦੇ ਪ੍ਰਧਾਨ ਦੇ ਰੂਪ ਵਿਚ ਚੁਣੇ ਜਾਣ ਤੋਂ ਬਾਅਦ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹੈ। ਢੇਸੀ ਨੇ ਅੱਗੇ ਕਿਹਾ ਰੱਖਿਆ ਕਮੇਟੀ ਦੇ ਪ੍ਰਧਾਨ ਦੇ ਰੂਪ ’ਚ ਮੈਂ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਅਤੇ ਸਾਡੀ ਸੁਰੱਖਿਆ ’ਚ ਯੋਗਦਾਨ ਦੇਣ ਵਾਲੇ ਬਹਾਦਰ ਵਿਅਕਤੀਆਂ ਦੇ ਲਈ ਸੰਸਦ ’ਚ ਆਪਣੀ ਅਵਾਜ਼ ਬੁਲੰਦ ਕਰਾਂਗਾ। ਜ਼ਿਕਰਯੋਗ ਹੈ ਕਿ ਬਿ੍ਰਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਮੂਲਰੂਪ ਨਾਲ ਪੰਜਾਬ ਨਾਲ ਸਬੰਧ ਰੱਖਦੇ ਹਨ।

 

ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਅੱਜ 72 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਨਿਮੋਨੀਆ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਲੰਘੀ 19 ਅਗਸਤ ਨੂੰ ਦਿੱਲੀ ਦੇ ਏਮਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਪਿਛਲੇ 25 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਅਤੇ ਅੱਜ ਵੀਰਵਾਰ ਨੂੰ ਇਲਾਜ ਦੌਰਾਨ ਹੀ ਉਨ੍ਹਾਂ ਏਮਸ ਹਸਪਤਾਲ ਵਿਚ ਆਖਰੀ ਸਾਹ ਲਿਆ। ਸੀਪੀਆਈ (ਐਮ) ਵੱਲੋਂ ਜਾਰੀ ਕੀਤੇ ਬਿਆਨ ’ਚ ਕਿਹਾ ਗਿਆ ਕਿ ਕਾਮਰੇਡ ਸੀਤਾਰਾਮ ਯੇਚੁਰੀ ਨੂੰ ਸਾਹ ਦੀ ਨਲੀ ’ਚ ਇਨਫੈਕਸ਼ਨ ਹੋਇਆ ਸੀ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਧਰ ਪਰਿਵਾਰ ਨੇ ਸੀਤਾਰਾਮ ਯੇਚੁਰੀ ਦੀ ਮਿ੍ਰਤਕ ਦੇਹ ਹਸਪਤਾਲ ਨੂੰ ਹੀ ਭੇਂਟ ਕਰ ਦਿੱਤੀ ਹੈ। ਸੀਤਾਰਾਮ ਯੇਚੁਰੀ ਦੇ ਦੇਹਾਂਤ ’ਤੇ ਪੱਛਮੀ ਬੰਗਾਲ ਮੁੱਖ ਮੰਤਰੀ ਮਮਤਾ ਬੈਨਰਜੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.