Monday, 22 June 2026

ਕਾਂਗਰਸੀ ਆਗੂਆਂ ਨੇ ਮਾਲੀ ਦੀ ਗਿ੍ਰਫ਼ਤਾਰੀ ਨੂੰ ਡਿਜੀਟਲ ਐਮਰਜੈਂਸੀ ਦੱਸਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੀ ਗਿ੍ਰਫ਼ਤਾਰੀ ਦਾ ਸ਼ੋਸ਼ਲ ਮੀਡੀਆ ’ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਾਂਗਰਸੀ ਆਗੂਆਂ ਨੇ ਮਾਲੀ ਦੀ ਗਿ੍ਰਫ਼ਤਾਰੀ ਨੂੰ ਡਿਜੀਟਲ ਐਮਰਜੈਂਸੀ ਦੱਸਿਆ। ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਪਰਿਵਰਤਨ ਦੀਆਂ ਗੱਲਾਂ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਅੱਜ ਸ਼ੋਸ਼ਲ ਮੀਡੀਆ ’ਤੇ ਸਰਕਾਰ ਖਿਲਾਫ਼ ਬੋਲਣ ਵਾਲੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ’ਚ ਲੱਗੀ ਹੋਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਕਿਹਾ ਰਾਜਨੀਤਿਕ ਮਾਹਿਰ ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਪੁਲਿਸ ਨੇ ਬਿਨਾ ਵਾਰੰਟ ਗਿ੍ਰਫ਼ਤਾਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਮਾਲੀ ਦੀ ਗਿ੍ਰਫਤਾਰੀ ਨੂੰ ‘ਆਪ’ ਸਰਕਾਰ ਦੀ ਤਾਨਾਸ਼ਾਹੀ ਕਰਾਰ ਦਿੱਤਾ ਹੈ। ਉਧਰ ਪਟਿਆਲਾ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਮਾਲੀ ਦੀ ਗਿ੍ਰਫ਼ਤਾਰੀ ’ਤੇ ਸਵਾਲ ਚੁੱਕੇ ਅਤੇ ਉਨ੍ਹਾਂ ਮਾਲੀ ਨੂੰ ਤੁਰੰਤ ਰਿਹਾਅ ਕਰਨ ਦੀ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ।

 

ਦੋਵੇਂ ਗੋਲ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਸ਼ਨੀਵਾਰ ਨੂੰ ਭਾਰਤ ਨੇ ਪਾਕਿਸਤਾਨ 2-1 ਨਾਲ ਹਰਾ ਦਿੱਤਾ। ਮੁਕਾਬਲਾ ਹੁਲੁਨਬੁਇਰ ਦੇ ਮੋਕੀ ਹਾਕੀ ਟ੍ਰੇਨਿਗ ਬੇਸ ’ਚ ਖੇਡਿਆ ਗਿਆ। ਭਾਰਤ ਦੀ ਇਸ ਟੂਰਨਾਮੈਂਟ ’ਚ ਲਗਾਤਾਰ ਇਹ ਪੰਜਵੀਂ ਜਿੱਤ ਹੈ। ਅੱਜ ਦੇ ਮੈਚ ਦੌਰਾਨ ਦੋਵੇਂ ਗੋਲ ਭਾਰਤੀ ਟੀਮ ਦੇ ਕਪਤਾਨ ਹਰਪ੍ਰੀਤ ਸਿੰਘ ਵੱਲੋਂ ਕੀਤੇ ਗਏ ਜਦਕਿ ਪਾਕਿਸਤਾਨ ਦੀ ਟੀਮ ਵੱਲਂ ਅਹਿਮਦ ਨਦੀਮ ਨੇ ਇਕ ਗੋਲ ਕੀਤਾ। ਭਾਰਤ ਇਸ ਟੂਰਨਾਮੈਂਟ ਵਿਚ ਲਗਾਤਾਰ ਪੰਜ ਮੈਚ ਜਿੱਤ ਕੇ ਪੁਆਇੰਟ ਟੇਬਲ ’ਤੇ ਪਹਿਲੇ ਨੰਬਰ ’ਤੇ ਹੈ। ਜਦਕਿ ਪਾਕਿਸਤਾਨ 5 ਮੈਚਾਂ ਵਿਚੋਂ 2 ਮੈਚ ਜਿੱਤ ਕੇ ਦੂਜੇ ਨੰਬਰ ’ਤੇ ਹੈ। ਇਹ ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ।

  

ਕਿਹਾ : ਜੰਮੂ-ਕਸ਼ਮੀਰ ਨੂੰ ਤਿੰਨ ਖਾਨਦਾਨਾਂ ਨੇ ਮਿਲ ਕੇ ਕੀਤਾ ਹੈ ਬਰਬਾਦ

ਡੋਡਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਡੋਡਾ ਪਹੁੰਚੇ। ਇਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰਵਾਦ, ਅੱਤਵਾਦ, ਪੱਤਰਬਾਜ਼ੀ ਅਤੇ ਧਾਰਾ 370 ਵਰਗੇ ਮੁੱਦਿਆਂ ’ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਖਾਨਦਾਨ ਨੇ ਬਰਬਾਦ ਕੀਤਾ ਹੈ। ਇਨ੍ਹਾਂ ਤਿੰਨੋਂ ਖਾਨਦਾਨਾਂ ਨੇ ਮਿਲ ਕੇ ਜੰਮੂ-ਕਸ਼ਮੀਰ ਦੀ ਜਨਤਾ  ਨਾਲ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ। ਇਹ ਤਿੰਨੋਂ ਖਾਨਦਾਨ ਜੰਮੂ-ਕਸ਼ਮੀਰ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ। ਉਨ੍ਹਾਂ ਡੋਡਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਮਿਲ ਕੇ ਇਕ ਸੁਰੱਖਿਅਤ ਕਸ਼ਮੀਰ ਦਾ ਨਿਰਮਾਣ ਕਰਾਂਗੇ, ਇਹ ਮੋਦੀ ਦੀ ਗਰੰਟੀ ਹੈ। ਇਸ ਰੈਲੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਨਾਬ ਘਾਟੀ ਦੇ ਤਿੰਨ ਜ਼ਿਲ੍ਹਿਆਂ ਡੋਡਾ, ਕਿਸ਼ਤਵਾੜ ਅਤੇ ਰਾਮਬਨ ਦੀਆਂ 8 ਵਿਧਾਨ ਸਭਾ ਸੀਟਾਂ ਨੂੰ ਕਵਰ ਕੀਤਾ। ਇਨ੍ਹਾਂ ਸੀਟਾਂ ਤੋਂ ਇਲਾਵਾ ਪਹਿਲੇ ਗੇੜ ਤਹਿਤ 24 ਸੀਟਾਂ ’ਤੇ 18 ਸਤੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ।

  

ਸੁਨੀਤਾ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵੀ ਨਾਲ ਰਹੇ ਮੌਜੂਦ

ਨਵੀਂ ਦਿੱਲੀ/ਬਿਊਰੋ ਨਿਊਜ : ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸ਼ਨੀਵਾਰ ਨੂੰ ਕਨਾਟ ਪਲੇਸ ਸਥਿਤ ਹਨੂਮਾਨ ਮੰਦਿਰ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਆਗੂ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਸੌਰਭ ਭਾਰਦਵਾਜ ਵੀ ਮੌਜੂਦ ਸਨ। ਮੰਦਿਰ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੇ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਹਨੂਮਾਨ ਨੂੰ ਜਲ ਚੜ੍ਹਾਇਆ ਅਤੇ ਪੁਜਾਰੀ ਨੇ ਉਨ੍ਹਾਂ ਨੂੰ ਗਦਾ ਭੇਂਟ ਕਰਕੇ ਸਨਮਾਨਿਤ ਕੀਤਾ। ਹਨੂਮਾਨ ਜੀ ਦੀ ਪੂਜਾ ਅਰਚਨਾ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਰਾਜਘਾਟ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਸ਼ਰਧਾਂਜਲੀ ਭੇਂਟ ਕੀਤੀ। ਧਿਆਨ ਰਹੇ ਕਿ ਸ਼ਰਾਬ ਨੀਤੀ ਮਾਮਲੇ ’ਚ ਜ਼ਮਾਨਤ ਮਿਲਣ ਤੋਂ ਬਾਅਦ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵੱਲੋਂ ਵੀ ਇਸੇ ਮੰਦਰ ’ਚ ਬਜਰੰਗ ਬਲੀ ਦੀ ਪੂਜਾ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਸੁਪਰੀਮ ਕੋਰਟ ਵਿਚੋਂ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਸ਼ੁੱਕਰਵਾਰ ਸ਼ਾਮ ਨੂੰ 6: 15 ਦਿੱਲੀ ਦੀ ਤਿਹਾੜ ਜੇਲ੍ਹ ਰਿਹਾਅ ਹੋਏ। ਜੇਲ੍ਹ ਤੋਂ ਰਿਹਾਅ ਹੁੰਦਿਆਂ ਹੀ ਕੇਜਰੀਵਾਲ ਨੇ ਕਿਹਾ ਸੀ ਕਿ ਮੇਰੇ ਖੂਨ ਦਾ ਇਕ-ਇਕ ਕਤਰਾ ਦੇਸ਼ ਦੇ ਲਈ ਹੈ। ਮੇਰਾ ਜੀਵਨ ਦੇਸ਼ ਨੂੰ ਸਮਰਪਿਤ ਹੈ ਅਤੇ ਭਾਜਪਾ ਵਾਲਿਆਂ ਨੂੰ ਲੱਗਿਆ ਸੀ ਕਿ ਉਹ ਮੈਨੂੰ ਜੇਲ੍ਹ ’ਚ ਬੰਦ ਕਰਕੇ ਮੇਰਾ ਹੌਸਲਾ ਤੋੜ ਦੇਣਗੇ। ਪਰ ਜੇਲ੍ਹ ਅੰਦਰ ਰਹਿ ਕੇ ਮੇਰਾ ਹੌਸਲਾ ਹੋਰ ਜ਼ਿਆਦਾ ਵਧ ਗਿਆ ਹੈ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.