Monday, 22 June 2026

ਟਾਈਟਲਰ ’ਤੇ ਸਿੱਖ ਕਤਲੇਆਮ ਦੌਰਾਨ ਲੋਕਾਂ ਨੂੰ ਭੜਕਾਉਣ ਦਾ ਲੱਗਿਆ ਸੀ ਆਰੋਪ

ਨਵੀਂ ਦਿੱਲੀ /ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਮਾਮਲੇ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਦਿੱਲੀ ਦੀ ਅਦਾਲਤ ਨੇ ਹੱਤਿਆ ਦੇ ਆਰੋਪ ਤੈਅ ਕਰ ਦਿੱਤੇ ਹਨ। ਕੋਰਟ ਨੇ ਟਾਈਟਲਰ ਦੇ ਖਿਲਾਫ਼ ਹੱਤਿਆ, ਗੈਰਕਾਨੂੰਨੀ ਢੰਗ ਨਾਲ ਇਕੱਠੇ ਹੋਣਾ, ਦੰਗਾ ਕਰਨਾ, ਦੰਗਾ ਭੜਕਾਉਣਾ ਦੇ ਆਰੋਪ ਲਗਾਏ ਹਨ। ਜਦਕਿ ਟਾਈਟਲਰ ਨੇ ਅਦਾਲਤ ਵੱਲੋਂ ਤੈਅ ਕੀਤੇ ਗੁਨਾਹ ਨੂੰ ਕਬੂਲ ਨਹੀਂ ਕੀਤਾ, ਜਿਸ ਮਗਰੋਂ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਟਾਈਟਲਰ ’ਤੇ ਮੁਕੱਦਮਾ ਚਲਾਉਣ ਦਾ ਨਿਰਦੇਸ਼ ਦਿੱਤਾ। ਸੀਬੀਆਈ ਨੇ ਟਾਈਟਲਰ ਖਿਲਾਫ਼ 20 ਮਈ 2023 ਨੂੰ ਚਾਰਜਸ਼ੀਟ ਦਾਖਲ ਕੀਤੀ ਸੀ। ਜਿਸ ’ਚ ਕਿਹਾ ਗਿਆ ਸੀ ਕਿ ਟਾਈਟਲ ਨੇ ਭੀੜ ਨੂੰ ਉਕਸਾਇਆ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ’ਚ ਅੱਗ ਲਗਾਈ ਗਈ ਅਤੇ ਇਸ ਹਿੰਸਾ ’ਚ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਮਾਰੇ ਗਏ ਸਨ। ਚਾਰਜਸ਼ੀਟ ਅਨੁਸਾਰ ਇਕ ਗਵਾਹ ਨੇ ਆਰੋਪ ਲਗਾਇਆ ਸੀ ਕਿ ਟਾਈਟਲਰ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਅੰਬੈਸਡਰ ਕਾਰ ’ਚੋਂ ਬਾਹਰ ਨਿਕਲੇ। ਉਸ ਤੋਂ ਬਾਅਦ ਉਨ੍ਹਾਂ ਨੇ ਭੀੜ ਨੂੰ ਭੜਕਾਉਂਦੇ ਹੋਏ ਕਿਹਾ ਸੀ ਕਿ ਸਿੱਖਾਂ ਨੂੰ ਮਾਰੋ, ਉਨ੍ਹਾਂ ਨੇ ਸਾਡੀ ਮਾਂ ਨੂੰ ਮਾਰਿਆ ਹੈ।

  

ਆਰੋਪੀ ਕੋਲੋਂ ਇਕ ਪਿਸਤੌਲ ਸਮੇਤ ਗੋਲਾ ਬਾਰੂਦ ਵੀ ਹੋਇਆ ਬਰਾਮਦ

ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ ਸੈਕਟਰ 10 ਸਥਿਤ ਘਰ ’ਤੇ 11 ਸਤੰਬਰ ਨੂੰ ਹੋਏ ਗਰਨੇਡ ਅਟੈਕ ਮਾਮਲੇ ’ਚ ਪੁਲਿਸ ਨੇ ਇਕ ਆਰੋਪੀ ਨੂੰ ਗਿ੍ਰਫਤਾਰ ਕਰ ਲਿਆ ਹੈ। ਫੜਿਆ ਗਿਆ ਆਰੋਪੀ ਰੋਹਨ ਮਸੀਹ ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਪਾਸੀਆ ਦਾ ਰਹਿਣ ਵਾਲਾ ਹੈ। ਪੁਲਿਸ ਅਤੇ ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਸ ਕੋਲੋਂ ਇਕ ਪਿਸਤੌਲ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸ਼ੋਸ਼ਲ ਮੀਡੀਆ ’ਤੇ ਇਸ ਸਬੰਧੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਅੰਮਿ੍ਰਤਸਰ ਦੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਦੀ ਹਿਰਾਸਤ ’ਚ ਹੈ। ਸ਼ੁਰੂਆਤੀ ਜਾਂਚ ’ਚ ਰੋਹਨ ਨੇ ਗਰਨੇਡ ਹਮਲੇ ਦੀ ਗੱਲ ਕਬੂਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਲੁਧਿਆਣਾ ਦੇ ਖੰਨਾ ਤੋਂ ਵੀ ਕੁੱਝ ਸ਼ੱਕੀ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਿਸ ਜਾਂਚ ਦੌਰਾਨ ਇਹ ਵੀ ਪਤਾ ਚਲਿਆ ਹੈ ਕਿ  ਗਰਨੇਡ ਹਮਲਾ ਕਰਨ ਤੋਂ ਬਾਅਦ ਆਰੋਪੀ ਆਟੋ ’ਚ ਸਵਾਰ ਹੋ ਕੇ ਸੈਕਟਰ-18 ਪਹੁੰਚੇ ਅਤੇ ਇਸ ਤੋਂ ਬਾਅਦ ਉਹ ਆਟੋ ਵਿਚੋਂ ਉਤਰ ਕੇ ਰਿਹਾਇਸ਼ ਇਲਾਕੇ ਵੱਲ ਭੱਜ ਗਏ।

  

14 ਸਾਬਕਾ ਅਕਾਲੀ ਮੰਤਰੀ ਸੌਂਪ ਚੁੱਕੇ ਹਨ ਆਪਣਾ ਸਪੱਸ਼ਟੀਕਰਨ

ਅੰਮਿ੍ਰਤਸਰ/ਬਿਊਰੋ ਨਿਊਜ਼ : ਲੰਘੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਸੀ। ਇਸ ਇਕੱਤਰਤਾ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਉੱਥੇ ਹੀ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਤ 17 ਸਾਬਕਾ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਇਸ ਆਦੇਸ਼ ਨੂੰ ਸਵੀਕਾਰ ਕਰਦਿਆਂ ਪਿਛਲੇ ਦਿਨੀਂ ਅਕਾਲੀ ਦਲ ਦੇ 13 ਸਾਬਕਾ ਮੰਤਰੀਆਂ ਨੇ ਆਪੋ-ਆਪਣੇ ਸਪਸ਼ਟੀਕਰਨ ਦੇ ਦਿੱਤੇ ਸਨ। ਅੱਜ ਸ਼ੁੱਕਰਵਾਰ ਨੂੰ ਜਨਮੇਜਾ ਸਿੰਘ ਨੇ ਵੀ ਆਪਣਾ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪ ਦਿੱਤਾ। ਇਸ ਤੋਂ ਪਹਿਲਾਂ ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਸੁੱਚਾ ਸਿੰਘ ਲੰਗਾਹ, ਮਨਪ੍ਰੀਤ ਸਿੰਘ ਬਾਦਲ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਸੋਹਣ ਸਿੰਘ ਠੰਡਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵੀ ਆਪਣਾ-ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪ ਦਿੱਤਾ ਸੀ। ਹੁਣ ਸਿਰਫ਼ ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ, ਹੀਰਾ ਸਿੰਘ ਗਾਬੜੀਆ ਅਤੇ ਸੁਰਜੀਤ ਸਿੰਘ ਰੱਖੜਾ ਵੱਲੋਂ ਆਪਣਾ ਸਪੱਸ਼ਟੀਕਰਨ ਸੌਂਪਿਆ ਜਾਣਾ ਬਾਕੀ ਹੈ।

  

ਐਨਆਈਏ ਦੀ ਟੀਮ ਨੇ ਅੰਮਿ੍ਰਤਪਾਲ ਸਿੰਘ ਦੀ ਚਾਚੀ ਨੂੰ ਲਿਆ ਹਿਰਾਸਤ ’ਚ

ਅੰਮਿ੍ਰਤਸਰ/ਬਿਊਰੋ ਨਿਊਜ਼ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਵੱਲੋਂ ਅੱਜ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰ ਰੇਡ ਕੀਤੀ ਗਈ। ਐਨਆਈਏ ਦੀ ਇਕ ਟੀਮ ਅੰਮਿ੍ਰਤਪਾਲ ਸਿੰਘ ਦੇ ਚਾਚਾ ਪਰਗਟ ਸਿੰਘ ਦੇ ਘਰ ਪਹੁੰਚੀ ਅਤੇ ਟੀਮ ਨੇ ਪਰਗਟ ਸਿੰਘ ਦੀ ਪਤਨੀ ਨੂੰ ਹਿਰਾਸਤ ਵਿਚ ਲੈ ਲਿਆ। ਦੂਜੀ ਟੀਮ ਅੰਮਿ੍ਰਤਪਾਲ ਸਿੰਘ ਦੇ ਜੀਜਾ ਦੇ ਘਰ ਪਹੁੰਚੀ ਅਤੇ ਤੀਜੀ ਟੀਮ ਵੱਲੋਂ ਅੰਮਿ੍ਰਤਪਾਲ ਸਿੰਘ ਦੇ ਜੀਜੇ ਦੇ ਜੀਜੇ ਦੇ ਘਰ ’ਤੇ ਐਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਨ੍ਹਾਂ ਤਿੰਨੋਂ ਥਾਵਾਂ ਤੋਂ ਐਨਆਈਏ ਦੀ ਟੀਮ ਕੁੱਝ ਦਸਤਾਵੇਜ਼ ਵੀ ਆਪਣੇ ਨਾਲ ਲੈ ਗਈ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾਪੁਰਾਣਾ ਦੇ ਕਸਬਾ ਸਮਾਲਸਰ ’ਚ ਕਵੀਸ਼ਰੀ ਮੱਖਣ ਸਿੰਘ ਮੁਸਾਫਿਰ ਦੇ ਘਰ ਵੀ ਐਨਆਈਏ ਦੀ ਟੀਮ ਵੱਲੋਂ ਰੇਡ ਕੀਤੀ। ਇਥੇ ਰੇਡ ਕਿਸ ਮਕਸਦ ਦੇ ਨਾਲ ਕੀਤੀ ਗਈ ਇਸ ਸਬੰਧੀ ਫ਼ਿਲਹਾਲ ਸਪੱਸ਼ਟ ਨਹੀਂ ਹੋ ਸਕਿਆ। ਇਸ ਤੋਂ ਬਾਅਦ ਐਨਆਈਏ ਦੀ ਇਕ ਟੀਮ ਗੁਰਦਾਸਪੁਰ ਦੇ ਹਰਗੋਬਿੰਦਪੁਰਾ ਪਹੁੰਚੀ ਅਤੇ ਇਥੋਂ ਵੀ ਕੁੱਝ ਜ਼ਰੂਰੀ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਗੈਜਟ ਆਪਣੇ ਕਬਜ਼ੇ ’ਚ ਲੈ ਲਏ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.