Monday, 22 June 2026

ਬਲਾਸਟ ਤੋਂ ਬਾਅਦ ਜੰਮੂ ਭੱਜਣ ਵਾਲੇ ਸਨ ਹਮਲਾਵਰ, ਪਾਕਿਸਤਾਨ ਆਏ ਸਨ ਹਥਿਆਰ

ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ ਸੈਕਟਰ 10 ’ਚ ਗਰਨੇਡ ਹਮਲਾ ਕਰਨ ਵਾਲੇ ਹਮਲਾਵਰ ਜੰਮੂ-ਕਸ਼ਮੀਰ ਭੱਜਣ ਦੀ ਤਿਆਰੀ ਵਿਚ ਸਨ। ਰਿਮਾਂਡ ’ਤੇ ਲਏ ਗਏ ਹਮਲਾਵਰ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਕਈ ਅਹਿਮ ਜਾਣਕਾਰੀਆਂ ਦਿੱਤੀਆਂ। ਗਿ੍ਰਫ਼ਤਾਰ ਕੀਤੇ ਗਏ ਆਰੋਪੀ ਨੇ ਦੱਸਿਆ ਕਿ ਦੂਜਾ ਹਮਲਾਵਰ ਵਿਸ਼ਾਲ ਹੈ ਜੋ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਗਿ੍ਰਫ਼ਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਗਿ੍ਰਫ਼ਤਾਰ ਕੀਤੇ ਗਏ ਹਮਲਾਵਰ ਰੋਹਨ ਮਸੀਹ ਨੇ ਦੱਸਿਆ ਕਿ ਉਸ ਨੂੰ ਗਰਨੇਡ ਸੁੱਟਣ ਬਦਲੇ ਵਿਦੇਸ਼ ਤੋਂ 5 ਲੱਖ ਰੁਪਏ ਦਾ ਆਫ਼ਰ ਦਿੱਤਾ ਗਿਆ ਸੀ ਪ੍ਰੰਤੂ ਹਾਲੇ ਤੱਕ ਉਸ ਨੂੰ ਸਿਰਫ਼ 20 ਹਜ਼ਾਰ ਰੁਪਏ ਮਿਲੇ ਹਨ। ਰੋਹਨ ਮਸੀਹ ਨੇ ਪੁਲਿਸ ਨੂੰ ਦੱਸਿਆ ਕਿ ਉਹ ਹਮਲਾ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਜਾਣਾ ਚਾਹੁੰਦੇ ਸਨ ਤਾਂ ਜੋ ਪੰਜਾਬ ਅਤੇ ਚੰਡੀਗੜ੍ਹ ਦੀ ਸੁਰੱਖਿਆ ਏਜੰਸੀਆਂ ਤੋਂ ਬਚ ਸਕਣ। 

  

ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਅੰਮਿ੍ਰਤਸਰ/ਬਿਊਰੋ ਨਿਊਜ਼ : ਪੈਰਿਸ ਉਲੰਪਿਕ ਵਿਚ ਕਾਂਸੀ ਦੇ ਦੋ ਤਮਗੇ ਜਿੱਤ ਕੇ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਇਲਾਹੀ ਗੁਰਬਾਣੀ ਅਤੇ ਕੀਰਤਨ ਵੀ ਸਰਵਣ ਕੀਤਾ। ਇਸ ਦੌਰਾਨ ਮਨੂ ਭਾਕਰ ਨੇ ਕਿਹਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਈ ਹੈ ਅਤੇ ਇੱਥੇ ਆ ਕੇ ਉਸ ਨੂੰ ਆਤਮਿਕ ਤੌਰ ’ਤੇ ਪ੍ਰਸੰਨਤਾ ਮਿਲੀ ਹੈ। ਮਨੂੰ ਭਾਕਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਦਭੁਤ ਸ਼ਾਂਤੀ ਦਾ ਪ੍ਰਤੀਕ ਹੈ।  ਉਨ੍ਹਾਂ ਕਿਹਾ ਕਿ ਮੇਰੀ ਬਹੁਤ ਦੇਰ ਦੀ ਇੱਛਾ ਸੀ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਅਤੇ ਮੇਰੀ ਉਹ ਇੱਛਾ ਅੱਜ ਪੂਰੀ ਹੋ ਗਈ ਹੈ। ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅੰਮਿ੍ਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਵੱਲੋਂ ਮਨੂੰ ਭਾਕਰ ਨੂੰ ਹਰਿਮੰਦਰ ਸਾਹਿਬ ਦਾ ਮਾਡਲ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਜ਼ਿਕਰਯੋਗ ਹੈ ਕਿ ਹਰਿਆਣਾ ਦੀ ਰਹਿਣ ਵਾਲੀ ਮਨੂੰ ਭਾਕਰ ਨੇ ਪੈਰਿਸ ਉਲੰਪਿਕ ਵਿਚ ਸ਼ੂਟਿੰਗ ਮੁਕਾਬਲਿਆਂ ਦੌਰਾਨ ਦੋ ਕਾਂਸੀ ਦੇ ਮੈਡਲ ਜਿੱਤੇ ਸਨ।

  

ਧਰਤੀ ਤੋਂ 400 ਕਿਲੋਮੀਟਰ ਦੂਰ ਤੋਂ ਕੀਤੀ ਪ੍ਰੈਸ ਕਾਨਫਰੰਸ

ਵਾਸ਼ਿੰਗਟਨ/ਬਿਊਰੋ ਨਿਊਜ਼ : 100 ਦਿਨ ਤੋਂ ਪੁਲਾੜ ’ਚ ਫਸੀ ਭਾਰਤੀ ਮੂਲ ਦੀ ਐਸਟ੍ਰੋਨਾਟ ਸੁਨੀਤਾ ਵਿਲੀਅਮ ਅਤੇ ਉਨ੍ਹਾਂ ਦੇ ਸਾਥੀ ਬੁਚ ਵਿਲਮੋਰ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਇਕ ਪ੍ਰੈਸ ਕਾਨਫਰੰਸ ਕੀਤੀ। ਇਹ ਕਾਨਫਰੰਸ ਭਾਰਤੀ ਸਮੇਂ ਅਨੁਸਾਰ ਲੰਘੀ ਦੇਰ 12 : 15 ਵਜੇ ਹੋਈ। ਸੁਨੀਤਾ ਵਿਲੀਅਮ ਅਤੇ ਬੁਚ ਵਿਲਮੋਰ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ। ਦੋਵਾਂ ਨੇ ਹੀ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ ਲਈ ਵੋਟ ਪਾਉਣਗੇ। ਵੋਟਿੰਗ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਬੁਚ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਹੀ ਵੋਟ ਦੇਣ ਨਾਲ ਜੁੜੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਇਹ ਜ਼ਰੂਰੀ ਡਿਊਟੀ ਹੈ। ਨਾਸਾ ਨੇ ਵੋਟ ਪਾਉਣ ਦੀ ਪ੍ਰਕਿਰਿਆ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਕਿਵੇਂ ਵੋਟ ਪਾ ਸਕਦੇ ਹਾਂ। ਸੁਨੀਤਾ ਵਿਲੀਅਮ ਨੇ ਕਿਹਾ ਕਿ ਉਹ ਸਪੇਸ ਤੋਂ ਵੋਟਿੰਗ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ। 400 ਕਿਲੋਮੀਟਰ ਦੂਰ ਸਪੇਸ ਸੈਂਟਰ ਤੋਂ ਸੁਨੀਤਾ ਅਤੇ ਬੁਚ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਚੋਣਾਂ ’ਚ ਵੋਟ ਪਾਉਣ ਦੇ ਲਈ ਨਾਸਾ ਤੋਂ ਪੋਸਟਲ ਬੈਲਟ ਦਾ ਅਰੇਂਜਮੈਂਟ ਕਰਨ ਸਬੰਧੀ ਬੇਨਤੀ ਕੀਤੀ ਹੈ।

 

ਗ੍ਰਹਿ ਮੰਤਰੀ ਬੋਲੇ : ਸਾਰੀਆਂ ਭਾਰਤੀ ਭਾਸ਼ਾਵਾਂ ਸਾਡਾ ਮਾਣ ਤੇ ਵਿਰਸਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿੰਦੀ ਦਿਵਸ ਦੇ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਹਿੰਦੀ ਦਿਵਸ ’ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਦਿਵਸ ਦੇ ਮੌਕੇ ਦੇਸ਼ ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਸਾਡਾ ਮਾਣ ਅਤੇ ਵਿਰਸਾ ਹਨ। ਭਾਸ਼ਾਵਾਂ ਨੂੰ ਅਮੀਰ ਕੀਤੇ ਬਿਨਾਂ ਅਸੀਂ ਅੱਗੇ ਨਹੀਂ ਵਧ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਭਾਸ਼ਾ ਹਿੰਦੀ ਦਾ ਹਰ ਭਾਰਤੀ ਭਾਸ਼ਾ ਨਾਲ ਅਟੁੱਟ ਰਿਸ਼ਤਾ ਹੈ। ਇਸ ਸਾਲ ਹਿੰਦੀ ਨੇ ਦੇਸ਼ ਦੀ ਸਰਕਾਰੀ ਭਾਸ਼ਾ ਵਜੋਂ ਜਨਤਕ ਸੰਚਾਰ ਅਤੇ ਰਾਸ਼ਟਰੀ ਏਕਤਾ ਦੇ 75 ਸਾਲ ਪੂਰੇ ਕਰ ਲਏ ਹਨ। ਮੈਨੂੰ ਭਰੋਸਾ ਹੈ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਨਾਲ ਲੈ ਕੇ, ਸਰਕਾਰੀ ਭਾਸ਼ਾ ਹਿੰਦੀ ਵਿਕਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿਚ ਯੋਗਦਾਨ ਪਾਉਂਦੀ ਰਹੇਗੀ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.