Monday, 22 June 2026

ਕਿਹਾ : ਸਰਕਾਰੀ ਸਕੂਲ ਦੇ ਬਰਾਬਰ ਕੀਤੀ ਜਾਵੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸੂਬੇ ਦੇ ਆਦਰਸ਼ ਸਕੂਲਾਂ ਦੇ ਪ੍ਰਬੰਧਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਸਰਕਾਰ ਦੇ ਅਧੀਨ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਕੋਰਟ ਨੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਬਰਾਬਰ ਕਰਨ ਸਬੰਧੀ 4 ਮਹੀਨਿਆਂ ਅੰਦਰ ਫੈਸਲਾ ਲੈਣ ਦਾ ਹੁਕਮ ਵੀ ਦਿੱਤਾ ਹੈ। ਕੋਰਟ ਵੱਲੋਂ ਇਹ ਹੁਕਮ 30 ਵੱਖ-ਵੱਖ ਪਟੀਸ਼ਨਾਂ ’ਤੇ ਇਕੱਠਿਆਂ ਸੁਣਵਾਈ ਦੌਰਾਨ ਦਿੱਤਾ ਗਿਆ, ਜੋ ਕਿ ਲਗਭਗ ਪਿਛਲੇ 8 ਸਾਲਾਂ ਤੋਂ ਪੈਂਡਿੰਗ ਸਨ। ਇਨ੍ਹਾਂ ਪਟੀਸ਼ਨਾਂ ਰਾਹੀਂ ਤਨਖਾਹ ਸਬੰਧੀ ਅਤੇ ਅਧਿਆਪਕਾਂ ਦੀ ਸੇਵਾ ਮੁਕਤੀ ਦੇ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਗਈ ਸੀ। ਕੋਰਟ ਨੇ ਸੁਣਵਾਈ ਦੌਰਾਨ ਦੱਸਿਆ ਕਿ ਸੂਬੇ ਦੇ ਆਦਰਸ਼ ਸਕੂਲ ਪਬਲਿਕ-ਪ੍ਰਾਈਵੇਟ ਪਾਟਨਰਸ਼ਿਪ ਮਾਡਲ ’ਤੇ ਚਲਾਏ ਜਾ ਰਹੇ ਹਨ। ਜਿੱਥੇ ਨਿੱਜੀ ਸੰਸਥਾਵਾਂ ਜਾਂ ਐਨਜੀਓ ਵੱਲੋਂ ਇਨ੍ਹਾਂ ਸਕੂਲਾਂ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ। ਇਨ੍ਹਾਂ ਸਕੂਲਾਂ ਦਾ ਉਦੇਸ਼ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਉਚ ਪੱਧਰ ਦੀ ਸਿੱਖਿਆ ਪ੍ਰਦਾਨ ਕਰਨਾ ਸੀ।

 

ਡੇਰਿਆਂ ਦੀ ਸੇਵਾ ਲਈ ਸੂਬਿਆਂ ਦੇ ਕੋਆਰਡੀਨੇਟਰਾਂ ਦਾ ਕੀਤਾ ਐਲਾਨ

ਬਿਆਸ/ਬਿਊਰੋ ਨਿਊਜ਼ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਉਤਰਾਧਿਕਾਰੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਡੇਰਾ ਬਿਆਸ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਡੇਰਿਆਂ ਦੀ ਸੇਵਾ ਲਈ ਸੰਗਠਨਾਤਮਕ ਢਾਂਚੇ ’ਚ ਤਬਦੀਲੀ ਕਰਦੇ ਹੋਏ ਸੂਬਿਆਂ ਦੇ ਕੋਆਰਡੀਨੇਟਰਾਂ ਸਬੰਧੀ ਐਲਾਨ ਕਰਦੇ ਹੋਏ ਤਿੰਨ ਜ਼ੋਨ ਬਣਾਏ ਗਏ ਹਨ। ਜ਼ੋਨ ਇਕ ਵਿਚ ਪੰਜਾਬ ਦੀ ਜ਼ਿੰਮੇਵਾਰੀ ਡਾ. ਕੇ ਡੀ ਸਿੰਘ ਨੂੰ, ਹਿਮਾਚਲ ਪ੍ਰਦੇਸ਼ ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਯਪ ਅਤੇ ਮਨਚੰਦ ਚੌਹਾਨ ਨੂੰ ਸੌਂਪੀ ਗਈ। ਜਦਕਿ ਜੰਮੂ-ਕਸ਼ਮੀਰ ਦੀ ਜ਼ਿੰਮੇਵਾਰੀ ਵੇਦਰਾਜ ਅੰਗੁਰਾਨਾ ਅਤੇ ਉਤਰਾਖੰਡ ਦੀ ਜਿੰਮੇਵਾਰੀ ਸਚਿਨ ਚੋਪੜਾ ਨੂੰ ਦਿੱਤੀ ਗਈ  ਹੈ। ਇਸੇ ਤਰ੍ਹਾਂ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ, ਜ਼ੋਨ 2 ਵਿਚ ਰਾਜਸਥਾਨ ਦੀ ਜਿੰਮੇਵਾਰੀ ਸੀਤਾ ਰਾਮ ਚੋਪੜਾ ਨੂੰ, ਮੱਧ ਪ੍ਰਦੇਸ਼ ਦੀ ਮਿਯਾਂਕ ਸੇਠ ਨੂੰ ਅਤੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਰਵੀ ਪਟਨਾਨੀ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜ਼ੋਨ ਤਿੰਨ ਲਈ 9 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਅਤੇ ਇਹ ਸਾਰੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ।

ਕੁਰਕ ਕੀਤੀ ਗਈ ਜਾਇਦਾਦ ’ਚ ਬੈਂਕ ’ਚ ਜਮ੍ਹਾਂ ਪੂੰਜੀ, ਜ਼ਮੀਨ ਅਤੇ ਭਵਨ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼  : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ 29.75 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।  ਈਡੀ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਸਬੰਧਤ ਜਾਇਦਾਦਾਂ ਨੂੰ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਇੱਕ ਅੰਤਿਮ ਆਦੇਸ਼ ਜਾਰੀ ਕੀਤਾ ਗਿਆ ਸੀ।  ਈਡੀ ਵੱਲੋਂ ਕੁਰਕ ਕੀਤੀ ਗਈ ਜਾਇਦਾਦ ਵਿੱਚ ਬੈਂਕ ’ਚ ਜਮ੍ਹਾਂ ਪੂੰਜੀ, ਜ਼ਮੀਨ ਅਤੇ ਭਵਨ ਸ਼ਾਮਲ ਹਨ। ਪੰਜਾਬ ਨੈਸ਼ਨਲ ਬੈਂਕ ਨਾਲ ਦੋ ਅਰਬ ਡਾਲਰ ਦੀ ਕਥਿਤ ਧੋਖਾਧੜੀ ਦੇ ਮਾਮਲੇ ਦੀ ਜਾਂਚ ਈਡੀ ਪਿਛਲੇ ਪੰਜ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕਰ ਰਹੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੀਰਵ ਮੋਦੀ ਦੀ ਭਾਰਤ ਅਤੇ ਵਿਦੇਸ਼ ਸਥਿਤ 2,596 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।

‘ਆਪ’ ਵੱਲੋਂ 29 ਉਮੀਦਵਾਰਾਂ ਸਬੰਧੀ ਐਲਾਨ ਕਰਨਾ ਹਾਲੇ ਬਾਕੀ

 ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਅੱਜ 21 ਉਮੀਦਵਾਰਾਂ ਦੇ ਨਾਵਾਂ ਵਾਲੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਵਿਚੋਂ 61 ਸੀਟਾਂ ’ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਚੁੱਕੀ ਹੈ। ਅੱਜ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਅੰਬਾਲਾ ਕੈਂਟ ਤੋਂ ਰਾਜ ਕੌਰ ਗਿੱਲ, ਯਮੁਨਾਨਗਰ ਤੋਂ ਲਲਿਤ ਤਿਆਗੀ, ਲਾਡਵਾ ਤੋਂ ਜੋਗਾ ਸਿੰਘ, ਕੈਥਲ ਤੋਂ ਸਤਬੀਰ ਗੋਇਤ, ਕਰਨਾਲ ਤੋਂ ਸੁਨੀਲ ਬਿੰਦਲ, ਪਾਣੀਪਤ ਦਿਹਾਤੀ ਤੋਂ ਸੁਖਬੀਰ ਮਲਿਕ, ਗੰਨੌਰ ਤੋਂ ਸਰੋਜ ਬਾਲਾ, ਸੋਨੀਪਤ ਤੋਂ ਦੇਵੇਂਦਰ ਗੌਤਮ, ਗੋਹਾਨਾ ਤੋਂ ਸ਼ਿਵ ਕੁਮਾਰ, ਬਰੌਦਾ ਤੋਂ ਸੰਦੀਪ ਮਲਿਕ, ਜੁਲਾਣਾ ਤੋਂ ਕਵਿਤਾ ਦਲਾਲ, ਸਫੀਦੋਂ ਤੋਂ ਨਿਸ਼ਾ ਦੇਸਵਾਲ, ਟੋਹਾਣਾ ਤੋਂ ਸੁਖਵਿੰਦਰ ਸਿੰਘ, ਕਾਲਾਂਵਲੀ ਤੋਂ ਜਸਦੇਵ ਨਿੱਕਾ, ਸਿਰਸਾ ਤੋਂ ਸ਼ਾਮ ਮਹਿਤਾ, ਉਕਲਾਣਾ ਤੋਂ ਨਰਿੰਦਰ ਉਕਲਾਣਾ, ਨਾਰਨੌਂਦ ਤੋਂ ਰਾਜੀਵ ਪਾਲੀ, ਹਾਂਸੀ ਤੋਂ ਰਾਜੇਂਦਰ ਸੋਰਖੀ, ਹਿਸਾਰ ਤੋਂ ਸੰਜੈ ਸਤਰੌਦੀਆ, ਬਾਦਲੀ ਤੋਂ ਹੈਪੀ, ਗੁਰੂਗ੍ਰਾਮ ਤੋਂ ਨਿਸ਼ਾਂਤ ਆਨੰਦ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦੋਂਕਿ ‘ਆਪ’ ਵੱਲੋਂ ਹਾਲੇ ਵੀ 29 ਉਮੀਦਵਾਰਾਂ ਸਬੰਧੀ ਐਲਾਨ ਕਰਨਾ ਬਾਕੀ ਹੈ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.