Friday, 19 June 2026

ਕਿਹਾ : ਦਿੱਲੀ ਚੋਣਾਂ ’ਚ ਧਾਂਦਲੀ ਕਰਨ ਲਈ ਭਾਜਪਾ ਬਣਵਾ ਰਹੀ ਹੈ ਜਾਅਲੀ ਵੋਟਰ ਕਾਰਡ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਭਾਜਪਾ ’ਤੇ ਦਿੱਲੀ ਚੋਣਾਂ ਦੌਰਾਨ ਧਾਂਦਲੀ ਕਰਨ ਦਾ ਗੰਭੀਰ ਆਰੋਪ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਧਾਂਦਲੀ ਕਰਨ ਲਈ ਬਾਹਰ ਤੋਂ ਲੋਕਾਂ ਨੂੰ ਲਿਆ ਕੇ ਉਨ੍ਹਾਂ ਦੇ ਜਾਅਲੀ ਵੋਟਰ ਕਾਰਡ ਬਣਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਧਾਂਦਲੀ ’ਚ ਕੇਂਦਰ ਸਰਕਾਰ ਦੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੰਸਦ ਮੈਂਬਰ ਸ਼ਾਮਲ ਹਨ। ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਭਾਰਤੀ ਚੋਣ ਕਮਿਸ਼ਨ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ ਅਤੇ ਚੋਣ ਕਮਿਸ਼ਨ ਦੀ ਮਾਣ ਮਰਿਆਦਾ ਦੇ ਨਾਲ ਖਿਲਵਾੜ ਕਰ ਰਹੀ ਹੈ। ਸੰਜੇ ਸਿੰਘ ਨੇ ਇਕ ਡਾਕੂਮੈਂਟ ਦਿਖਾਉਂਦੇ ਹੋਏ ਕਿਹਾ ਕਿ ਪ੍ਰਵੇਸ਼ ਵਰਮਾ ਦੇ ਬੰਗਲੇ ਦੇ ਪਤੇ ’ਤੇ 35 ਵੋਟਰ ਆਈਡੀ ਕਾਰਡ ਬਣਾਉਣ ਦੀ ਐਪਲੀਕੇਸ਼ਨ ਦਿੱਤੀ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਪੰਕਜ ਚੌਧਰੀ, ਭਾਜਪਾ ਸਾਂਸਦ ਜੈਪ੍ਰਕਾਸ਼ ਹਰਦੋਈ ਨੇ ਵੀ ਦਿੱਲੀ ’ਚ ਆਪਣੇ-ਆਪਣੇ ਬੰਗਲੇ ਤੋਂ 25 ਤੋਂ ਜ਼ਿਆਦਾ ਵੋਟਰ ਆਈਡੀ ਕਾਰਡ ਬਣਵਾਉਣ ਦੀ ਐਪਲੀਕੇਸ਼ਨ ਦਿੱਤੀ ਹੈ। ਸੰਜੇ ਸਿੰਘ ਨੇ ਕਿਹਾ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਅਜਿਹੇ ਫਰਾਡ ਕਰਕੇ ਚੋਣਾਂ ਜਿੱਤਦੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਆਉਂਦੀ 5 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ ਜਦਕਿ ਇਨ੍ਹਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।

  

  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਭਗਤਾਂ ਨੂੰ ਦਿੱਤੀ ਵਧਾਈ

ਅਯੋਧਿਆ/ਬਿਊਰੋ ਨਿਊਜ਼ : ਅਯੋਧਿਆ ’ਚ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦੀ ਅੱਜ ਪਹਿਲੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਭਗਤਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਿਰ ਵਿਕਸਤ ਭਾਰਤ ਦੀ ਸੰਕਲਪ ਸਿੱਧੀ ’ਚ ਮਦਦ ਕਰੇਗਾ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਤਿਆ ਨਾਥ ਰਾਮ ਲੱਲਾ ਦੀ ਅੱਜ ਮਹਾਂਆਰਤੀ ਕਰਨਗੇ। ਰਾਮ ਮੰਦਿਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਚਾਰ ਡਿਗਰੀ ਟੈਂਪਰੇਚਰ ਦੇ ਚਲਦਿਆਂ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਕੜਾਕੇ ਦੀ ਠੰਢ ਦੌਰਾਨ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰਨਾਂ ਰਾਜਾਂ ਤੋਂ ਰਾਮ ਭਗਤ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਪਹੁੰਚੇ ਹਨ। ਮੰਦਿਰ ਟਰੱਸਟ ਅਨੁਸਾਰ ਅੱਜ ਲਗਭਗ 2 ਲੱਖ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨ ਕਰਨਗੇ। ਮੰਦਿਰ ਟਰੱਸਟ ਵੱਲੋਂ ਅੰਗਦ ਟਿੱਲੇ ’ਤੇ ਜਰਮਨ ਹੈਂਗਰ ਟੈਂਟ ਲਗਵਾਏ ਹਨ ਅਤੇ ਇਨ੍ਹਾਂ ’ਚ 5 ਹਜ਼ਾਰ ਮਹਿਮਾਨਾਂ ਦੀ ਮੇਜ਼ਬਾਨੀ ਹੋਵੇਗੀ ਅਤੇ ਮਹਾਂਉਸਤਵ 11 ਤੋਂ 13 ਜਨਵਰੀ ਤੱਕ ਚੱਲੇਗਾ।

  

ਪਿਸਟਲ ਸਾਫ਼ ਕਰਦੇ ਸਮੇਂ ਗੋਲੀ ਸਿਰ ਤੋਂ ਹੋਈ ਆਰ-ਪਾਰ

ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਘਰ ਵਿਚ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਵਿਧਾਇਕ ਗੋਗੀ ਆਪਣੇ ਹੀ ਘਰ ’ਚ ਪਿਸਟਲ ਸਾਫ਼ ਕਰ ਰਹੇ ਸਨ ਅਤੇ ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ ਅਤੇ ਉਹ ਗੋਲੀ ਵਿਧਾਇਕ ਦੇ ਸਿਰ ਵਿਚੋਂ ਦੀ ਆਰ-ਪਾਰ ਹੋ ਗਈ। ਉੁਨ੍ਹਾਂ ਤੁਰੰਤ ਦਿਆਨੰਦ ਮੈਡੀਕਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ।  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਿਧਾਇਕ ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟਾਇਆ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਸੁਣ ਕੇ ਬੇਹੱਦ ਦੁੱਖ ਲੱਗਿਆ, ਗੋਗੀ ਜੀ ਬੇਹੱਦ ਵਧੀਆ ਇਨਸਾਨ ਸਨ। ਦੁੱਖ ਦੀ ਘੜੀ ’ਚ ਪਰਿਵਾਰ ਨਾਲ ਦਿਲੋਂ ਹਮਦਰਦੀ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰਨਾਂ ਸਿਆਸੀ ਆਗੂਆਂ ਵੱਲੋਂ ਵੀ ਗੋਗੀ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਗਿਆ ਹੈ। ਵਿਧਾਇਕ ਗੋਗੀ ਦਾ ਅੰਤਿਮ ਸਸਕਾਰ ਦੁਪਹਿਰ 3 ਵਜੇ ਲੁਧਿਆਣਾ ਦੇ ਕੇਵੀਐਮ ਸਕੂਲ ਨਜ਼ਦੀਕ ਸਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

ਨਵੇਂ ਪ੍ਰਧਾਨ ਦੀ ਚੋਣ ਤੱਕ ਬਲਵਿੰਦਰ ਸਿੰਘ ਭੂੰਦੜ ਬਣੇ ਰਹਿਣਗੇ ਕਾਰਜਕਾਰੀ ਪ੍ਰਧਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੱਡਾ ਫੈਸਲਾ ਲੈਂਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਅੱਜ ਚੰਡੀਗੜ੍ਹ ਵਿਖੇ ਹੋਈ ਅਤੇ ਇਸ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਵੀ ਹਾਜ਼ਰ ਸਨ। ਮੀਡੀਅ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਵਜੋਂ ਸੇਵਾ ਨਿਭਾਉਣ ਲਈ ਵਰਕਿੰਗ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ। ਇਹ ਵੀ ਜਾਣਕਾਰੀ ਪ੍ਰਾਪਤ  ਹੋਈ ਹੈ ਕਿ ਜਦੋਂ ਤੱਕ ਨਵਾਂ ਪ੍ਰਧਾਨ ਨਹੀਂ ਚੁਣਿਆ ਜਾਂਦਾ ਉਸ ਸਮੇਂ ਤੱਕ ਬਲਵਿੰਦਰ ਸਿੰਘ ਭੂੰਦੜ ਹੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਰਹਿਣਗੇ। ਧਿਆਨ ਰਹੇ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਆਪਣਾ ਅਸਤੀਫ਼ਾ ਵਰਕਿੰਗ ਕਮੇਟੀ ਨੂੰ ਸੌਂਪ ਚੁੱਕੇ ਸਨ ਅਤੇ ਉਨ੍ਹਾਂ ਦਾ ਕਾਰਜਕਾਲ ਲੰਘੀ 14 ਦਸੰਬਰ ਨੂੰ ਖਤਮ ਹੋ ਗਿਆ ਸੀ। ਜ਼ਿਕਰਯੋਗ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੋ੍ਰਮਣੀ ਅਕਾਲੀ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।

 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.