Friday, 19 June 2026

15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਵੇਗੀ ਮੀਟਿੰਗ

ਚੰਡੀਗੜ੍ਹ/ਬਿਊਰੋ ਨਿਊਜ਼ : ਪੀਆਰਟੀਸੀ, ਪਨਬਸ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਆਪਣੀ ਤਿੰਨ ਰੋਜ਼ਾ ਹੜਤਾਲ ਅੱਜ ਦੂਜੇ ਦਿਨ ਖਤਮ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਲਈ ਸੱਦਾ ਦਿੱਤੇ ਜਾਣ ਮਗਰੋਂ ਹੜਤਾਲ ’ਤੇ ਗਏ ਕੱਚੇ ਕਾਮਿਆਂ ਨੇ ਹੜਤਾਲ ਨੂੰ ਖਤਮ ਕਰਨ ਫੈਸਲਾ ਕੀਤਾ ਹੈ। ਹੁਣ ਆਉਂਦੀ 15 ਜਨਵਰੀ ਨੂੰ ਸਿਵਲ ਸਕੱਤਰੇਤ ਵਿਖੇ ਯੂਨੀਅਨ ਦੇ ਪੰਜ ਨੁਮਾਇੰਦਿਆਂ ਨਾਲ ਮੁੱਖ ਮੰਤਰੀ ਵੱਲੋਂ ਮੀਟਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਕੱਚੇ ਕਾਮਿਆਂ ਵੱਲੋਂ ਕੀਤੀ ਗਈ ਹੜਤਾਲ ਦੇ ਚਲਦਿਆਂ ਲਗਭਗ ਤਿੰਨ ਹਜ਼ਾਰ ਬੱਸਾਂ ਅੱਡਿਆਂ ’ਤੇ ਖੜ੍ਹ ਗਈਆਂ ਸਨ। ਜਿਸ ਕਾਰਨ ਬੱਸਾਂ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਦੋ ਦਿਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਹੜਤਾਲ ਖਤਮ ਤੋਂ ਬਾਅਦ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਨੂੰ ਸੁਖ ਦਾ ਸਾਹ ਮਿਲਿਆ ਅਤੇ ਹੁਣ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਆਮ ਵਾਂਗ ਸੜਕਾਂ ’ਤੇ ਦੌੜਨਗੀਆਂ।

 

8 ਫਰਵਰੀ ਨੂੰ ਐਲਾਨੇ ਜਾਣਗੇ ਨਤੀਜੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਲਈ ਆਉਂਦੀ 5 ਫਰਵਰੀ ਨੂੰ ਇਕ ਗੇੜ ਤਹਿਤ ਵੋਟਾਂ ਪਾਈਆਂ ਜਾਣਗੀਆਂ ਜਦਕਿ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਰਾਜੀਵ ਕੁਮਾਰ ਵੱਲੋਂ ਅੱਜ ਮੰਗਲਵਾਰ ਨੂੰ ਐਲਾਨ ਕੀਤਾ ਗਿਆ। ਮੁੱਖ ਚੋਣ ਕਮਿਸ਼ਨ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ’ਚ ਡੇਢ ਕਰੋੜ ਵੋਟਰਾਂ ਦੇ ਲਈ 33 ਹਜ਼ਾਰ ਬੂਥ ਬਣਾਏ ਜਾਣਗੇ। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ 83 ਲੱਖ 49 ਹਜ਼ਾਰ ਪੁਰਸ਼ ਅਤੇ 79 ਲੱਖ ਮਹਿਲਾ ਵੋਟਰ ਜਦਕਿ 2 ਲੱਖ 8 ਹਜ਼ਾਰ ਨਵੇਂ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਤੋਂ ਇਲਾਵਾ 830 ਵੋਟਰ 100 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਦਿੱਲੀ ’ਚ ਬਣਨ ਵਾਲੀ ਨਵੀਂ ਸਰਕਾਰ ਸਬੰਧੀ ਸਭ ਕੁੱਝ ਸਪੱਸ਼ਟ ਹੋ ਜਾਵੇਗਾ। ਇਸ ਤੋਂ ਇਲਾਵਾ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਵੀ 18 ਫਰਵਰੀ ਨੂੰ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਜਾ ਰਹੇ ਹਨ।

ਸਿਹਤ ਮੰਤਰੀ ਜੇਪੀ ਨੱਢਾ ਬੋਲੇ : ਇਹ ਇਕ ਆਮ ਵਾਇਰਸ ਇਸ ਤੋਂ ਡਰਨ ਦੀ ਲੋੜ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਐਚਐਮਪੀਵੀ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਭਾਰਤ ਵਿਚ 8 ਹੋ ਗਈ ਹੈ। ਅੱਜ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ’ਚ ਐਚਐਮਪੀਵੀ ਤੋਂ ਪੀੜਤ ਦੋ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਇਕ 13 ਸਾਲਾ ਲੜਕੀ ਅਤੇ ਇਕ 7 ਸਾਲਾ ਲੜਕਾ ਸ਼ਾਮਲ ਹੈ। ਇਹ ਦੋਵੇਂ ਬੱਚੇ ਲਗਾਤਾਰ ਸਰਦੀ ਅਤੇ ਬੁਖਾਰ ਤੋਂ ਪੀੜਤ ਸਨ ਅਤੇ ਜਾਂਚ ਦੌਰਾਨ ਪਤਾ ਚਲਿਆ ਕਿ ਇਹ ਐਚਐਮਪੀਵੀ ਵਾਇਰਸ ਤੋਂ ਪੀੜਤ ਹਨ। ਜਿਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਕੰਟਰੋਲ ਹੇਠ ਦੱਸੀ ਜਾ ਰਹੀ ਹੈ। ਜਦਕਿ ਇਕ ਦਿਨ ਪਹਿਲਾਂ ਕਰਨਾਟਕ ’ਚ 2,ਤਾਮਿਲਨਾਡੂ ’ਚ 2, ਪੱਛਮੀ ਬੰਗਾਲ ’ਚ 1 ਅਤੇ ਗੁਜਰਾਤ ’ਚ 1 ਮਾਮਲਾ ਸਾਹਮਣੇ ਆਇਆ ਸੀ। ਐਚਐਮਪੀਵੀ ਦੇ 8 ਮਾਮਲੇ ਸਾਹਮਣੇ ਤੋਂ ਬਾਅਦ ਸਿਹਤ ਮੰਤਰੀ ਜੇ ਪੀ ਨੱਢਾ ਨੇ ਕਿਹਾ ਕਿ ਇਹ ਇਕ ਆਮ ਵਾਇਰਸ ਹੈ ਅਤੇ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।

 

ਭਾਰਤ, ਨੇਪਾਲ ਅਤੇ ਭੂਟਾਨ ’ਚ ਵੀ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਦੇ ਤਿੱਬਤ ਪ੍ਰਾਂਤ ’ਚ ਮੰਗਲਵਾਰ ਨੂੰ ਸਵੇਰੇ ਆਏ ਭੂਚਾਲ ਕਾਰਨ 53 ਵਿਅਕਤੀਆਂ ਦੀ ਮੌਤ ਗਈ ਜਦਕਿ 62 ਵਿਅਕਤੀ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਭਾਰਤੀ ਸਮੇਂ ਅਨੁਸਾਰ ਚੀਨ ’ਚ ਇਹ ਭੂਚਾਲ ਸਵੇਰੇ ਸਾਢੇ 6 ਵਜੇ ਆਇਆ ਅਤੇ ਇਸ ਦਾ ਕੇਂਦਰ ਤਿੱਬਤ ਦੇ ਸ਼ਿਜਾਂਗ ’ਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਗਿਆ ਹੈ। ਭਾਰਤ ਦੇ ਨੈਸ਼ਨਲ ਸੈਂਟਰ ਫਾਰ ਸੀਮੋਲਾਜ਼ੀ ਅਨੁਸਾਰ ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਜਦਕਿ ਇਕ ਹੋਰ ਰਿਪਰਟ ਅਨੁਸਾਰ ਇਸ ਦੀ ਤੀਬਰਤਾ 6.8 ਦੱਸੀ ਜਾ ਰਹੀ ਹੈ। ਇਸ ਭੂਚਾਲ ਦੇ ਝਟਕੇ ਨੇਪਾਲ, ਭੂਟਾਨ ਸਮੇਤ ਭਾਰਤ ਦੇ ਸਿੱਕਮ, ਉਤਰਾਖੰਡ ਅਤੇ ਦਿੱਲੀ ਵਿਚ ਵੀ ਮਹਿਸੂਸ ਕੀਤੇ ਗਏ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.