Friday, 19 June 2026

ਪਾਰਟੀ ਦਾ ਨਾਂ ਰੱਖਿਆ ‘ਅਕਾਲੀ ਦਲ ਵਾਰਿਸ ਪੰਜਾਬ ਦੇ’

ਸ੍ਰੀ ਮੁਕਤਸਰ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਅੰਮਿ੍ਰਤਪਾਲ ਸਿੰਘ ਦੀ ਨਵੀਂ ਸਿਆਸੀ ਪਾਰਟੀ ਦਾ ਅੱਜ ਐਲਾਨ ਹੋ ਗਿਆ ਹੈ। ਪਾਰਟੀ ਦਾ ਨਾਮ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਰੱਖਿਆ ਗਿਆ ਅਤੇ ਇਸ ਦਾ ਐਲਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਸਿਆਸੀ ਕਾਨਫਰੰਸ ਦੌਰਾਨ ਕੀਤਾ ਗਿਆ। ਪਾਰਟੀ ਦਾ ਪ੍ਰਧਾਨ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਨੂੰ ਬਣਾਇਆ ਗਿਆ ਹੈ। ਪਾਰਟੀ ਪ੍ਰਧਾਨ ਅੰਮਿ੍ਰਤਪਾਲ ਸਿੰਘ ਐਨਐਸਏ ਤਹਿਤ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ। ਇਸ ਲਈ ਪਾਰਟੀ ਨੂੰ ਚਲਾਉਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਵਿਚ ਅੰਮਿ੍ਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਅਮਰਜੀਤ ਸਿੰਘ, ਹਰਭਜਨ ਸਿੰਘ ਅਤੇ ਸੁਰਜੀਤ ਸਿੰਘ ਦਾ ਨਾਮ ਸ਼ਾਮਲ ਹੈ। ਨਵੀਂ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਹਨ ਉਨ੍ਹਾਂ ਵਿਚ ਸਿੱਖ ਭਾਈਚਾਰੇ ਦੇ ਹਿਤਾਂ ਦੀ ਰੱਖਿਆ ਕਰਨਾ, ਬੇਰੁਜ਼ਗਾਰੀ, ਖੇਤੀ ਸੰਕਟ, ਵਾਤਾਵਰਣ ਦੀ ਰੱਖਿਆ ਵੱਲ ਧਿਆਨ ਦੇਣਾ ਅਤੇ ਪੰਜਾਬ ਵਿਚ ਵਧਦੇ ਨਸ਼ਿਆਂ ਖਿਲਾਫ਼ ਅਵਾਜ਼ ਉਠਾਉਣਾ ਸ਼ਾਮਲ ਹੈ।

ਪ੍ਰਕਾਸ਼ ਸਿੰਘ ਬਾਦਲ ਨੂੰ ਫਖਰ ਏ ਕੌਮ ਪੁਰਸਕਾਰ ਵਾਪਸ ਦੇਣ ਦੀ ਕੀਤੀ ਗਈ ਅਪੀਲ

ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਅੱਜ ਸ਼ੋ੍ਰਮਣੀ ਅਕਾਲੀ ਦਲ ਬਾਦਲ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਸਿਆਸੀ ਕਾਨਫਰੰਸ ਦੌਰਾਨ ਸਭ ਤੋਂ ਜ਼ਿਆਦਾ ਇਕੱਠ ਦੇਖਿਆ ਗਿਆ ਅਤੇ ਇਸ ਕਾਨਫਰੰਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਵੱਡੇ ਆਗੂ ਵੀ ਸ਼ਾਮਲ ਹੋਏ। ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਬਾਗੀਆਂ ’ਤੇ ਜਮ੍ਹ ਕੇ ਵਰ੍ਹੇ ਅਤੇ ਕਿਹਾ ਕਿ ਏਜੰਸੀਆਂ ਵੱਲੋਂ ਲਗਾਤਾਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ ਪਰ ਮੈਂ ਪਾਰਟੀ ਨੂੰ ਬਚਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਗੁਨਾਹ ਆਪਣੀ ਝੋਲੀ ਵਿਚ ਪਵਾ ਲਏ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 104 ਸਾਲ ਪੁਰਾਣੀ ਪਾਰਟੀ ਦੀ 70 ਸਾਲ ਸੇਵਾ ਕੀਤੀ ਅਤੇ ਉਨ੍ਹਾਂ ਆਪਣੀ 70 ਸਾਲਾਂ ਦੀ ਸੇਵਾ ਦੌਰਾਨ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਿਹਾ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਇਕ ਮਤਾ ਲਿਆਂਦਾ ਗਿਆ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ ਫਖਰ ਏ ਕੌਮ ਪੁਰਸਕਾਰ ਉਨ੍ਹਾਂ ਨੂੰ ਫਿਰ ਤੋਂ ਦਿੱਤਾ ਜਾਵੇ।

 

ਪਾਤਰ ਦੇ ਨਾਮ ’ਤੇ ਐਥੀਕਲ ਆਰਟੀਕਲ ਇੰਟੈਲੀਜੈਂਸ ਸੈਂਟਰ ਬਣਾਉਣ ਦਾ ਕੀਤਾ ਐਲਾਨ

ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰੂ ਨਗਰੀ ਸ੍ਰੀ ਅਮਿ੍ਰਤਸਰ ਸਾਹਿਬ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਮਰਹੂਮ ਕਵੀ ਸੁਰਜੀਤ ਪਾਤਰ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਵਿਚ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਅੰਮਿ੍ਰਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਅਤੇ ਸਮਾਗਮ ਕਵੀ ਸੁਰਜੀਤ ਪਾਤਰ ਦਾ ਪਰਿਵਾਰ ਵੀ ਮੌਜੂਦ ਰਿਹਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਵਰਸਿਟੀ ’ਚ ਸੁਰਜੀਤ ਪਾਤਰ ਦੇ ਨਾਮ ’ਤੇ ‘ਐਥੀਕਲ ਆਰਟੀਕਲ ਇੰਟੈਲੀਜੈਂਸ ਸੈਂਟਰ’ ਬਣਾਉਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਮਰਹੂਮ ਕਵੀ ਸੁਰਜੀਤ ਪਾਤਰ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪੰਜਾਬ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਦੀ ਯਾਦ ’ਚ ਇਕੱਠੇ ਹੋਏ ਹਾਂ ਅਤੇ ਉਨ੍ਹਾਂ ਕਵਿਤਾ ਨੂੰ ਇਕ ਨਵਾਂ ਰੂਪ ਦਿੱਤਾ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁਰਜੀਤ ਪਾਤਰ ਨਾਲ ਮੇਰਾ ਬਹੁਤ ਪਿਆਰ ਸੀ ਅਤੇ ਮੈਂ ਉਨ੍ਹਾਂ ਨੂੰ ਮਿਲਣ ਲਈ ਅਕਸਰ ਲੁਧਿਆਣਾ ਜਾਇਆ ਕਰਦਾ ਸੀ।

  

ਸਰਕਾਰੀ ਵਾਹਨ ਦੀ ਨਿੱਜੀ ਕੰਮ ਲਈ ਵਰਤੋਂ ਕਰਨ ਦਾ ਲੱਗਿਆ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਚੋਣ ਜਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਿਟਰਨਿੰਗ ਅਫ਼ਸਰ ਵੱਲੋਂ ਮੁੱਖ ਮੰਤਰੀ ’ਤੇ ਆਪਣੇ ਨਿੱਜੀ ਕੰਮ ਲਈ ਸਰਕਾਰੀ ਵਾਹਨ ਦੀ ਵਰਤੋਂ ਕਰਨ ਦਾ ਆਰੋਪ ਲਗਾਇਆ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਆਤਿਸ਼ੀ ਨੇ ਦਿੱਲੀ ਚੋਣਾਂ ਦੇ ਐਲਾਨ ਮਗਰੋਂ 7 ਜਨਵਰੀ ਨੂੰ ਪੀ ਡਬਲਿਊ ਡੀ ਦੇ ਸਰਕਾਰੀ ਵਾਹਨ ਰਾਹੀਂ ਨਿੱਜੀ ਚੋਣ ਦਫ਼ਤਰ ਵਿਖੇ ਚੋਣ ਲੜਨ ਦਾ ਸਮਾਨ ਪਹੁੰਚਾਇਆ ਸੀ। ਚੋਣ ਜਾਬਤੇ ਦੇ ਨਿਯਮਾਂ ਅਨੁਸਾਰ ਕੋਈ ਵੀ ਉਮੀਦਵਾਰ ਸਰਕਾਰੀ ਵਾਹਨ ਦੀ ਵਰਤੋਂ ਆਪਣੇ ਨਿੱਜੀ ਕੰਮ ਲਈ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ ਦਿੱਲੀ ਚੋਣਾਂ ਸਬੰਧੀ ਐਲਾਨ ਹੋ ਚੁੱਕਿਆ ਹੈ ਅਤੇ ਸਾਰੀਆਂ 70 ਸੀਟਾਂ ਲਈ ਆਉਂਦੀ 5 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ ਜਦਕਿ ਇਨ੍ਹਾਂ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਧਿਆਨ ਰਹੇ ਕਿ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋਣ ਜਾ ਰਿਹਾ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.