Friday, 19 June 2026

ਪੁਲਿਸ ਨੇ ‘ਆਪ’ ਆਗੂਆਂ ਦੇ ਜੇਲ੍ਹ ਜਾਣ ਵਾਲੀ ਡਾਕੂਮੈਂਟਰੀ ਦੀ ਸਕਰੀਨਿੰਗ ਰੋਕੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ ਉਹ ਦਿੱਲੀ ਚੋਣਾਂ ਜਿੱਤਣ ਤੋਂ ਬਾਅਦ ਕਿਰਾਏਦਾਰਾਂ ਨੂੰ ਫਰੀ ਬਿਜਲੀ ਅਤੇ ਪਾਣੀ ਦੇਣਗੇ। ਜਦਕਿ ਦਿੱਲੀ ਵਾਸੀਆਂ ਲਈ ਪਹਿਲਾਂ ਤੋਂ ਹੀ ਫਰੀ ਬਿਜਲੀ ਅਤੇ ਫਰੀ ਪਾਣੀ ਦੀ ਸਕੀਮ ਲਾਗੂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਰਾਏਦਾਰਾਂ ਨੂੰ ਵੀ ਇਸ ਸਕੀਮ ਨਾਲ ਜੋੜੇਗੀ। ਉਧਰ ਆਮ ਆਦਮੀ ਪਾਰਟੀ ਵੱਲੋਂ ਅੱਜ ‘ਆਪ’ ਆਗੂਆਂ ਦੀ ਇਕ ਡਾਕੂਮੈਂਟਰੀ ਰਿਲੀਜ਼ ਕੀਤੀ ਜਾਣੀ ਸੀ ਪ੍ਰੰਤੂ ਦਿੱਲੀ ਪੁਲਿਸ ਨੇ ਇਸ ਡਾਕੂਮੈਂਟਰੀ ਦੀ ਸਕਰੀਨਿੰਗ ’ਤੇ ਰੋਕ ਲਗਾ ਦਿੱਤੀ। ਇਸ ਡਾਕੂਮੈਂਟਰੀ ਦਾ ਨਾਂ ‘ਅਨਬਰੇਕੇਬਲ’ ਰੱਖਿਆ ਗਿਆ। ਇਸ ਡਾਕੂਮੈਂਟਰੀ ’ਚ ‘ਆਪ’ ਆਗੂਆਂ ਦੇ ਜੇਲ੍ਹ ਜਾਣ ਦੀ ਕਹਾਣੀ ਦਿਖਾਈ ਗਈ ਹੈ। ਡਾਕੂਮੈਂਟਰੀ ਦੀ ਸਕਰੀਨਿੰਗ ਰੋਕੇ ਜਾਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਇਸ ਡਾਕੂਮੈਂਟਰੀ ਤੋਂ ਬੁਰੀ ਤਰ੍ਹਾਂ ਨਾਲ ਡਰੀ ਹੋਈ ਕਿਉਂਕਿ ਭਾਜਪਾ ਇਸ ਨੂੰ ਪਹਿਲਾਂ ਤੋਂ ਹੀ ਰੋਕਣਾ ਚਾਹੁੰਦੀ ਸੀ।

  

ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਮਈ ਜੀਵਨ ’ਤੇ ਆਧਾਰਤ ਹੈ  ਫਿਲਮ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਗਾਇਕ ਅਤੇ ਸੁਪਰ ਸਟਾਰ ਦਿਲਜੀਤ ਦੁਸਾਂਝ ਦੀ ਨਵੀਂ ਅਤੇ ਚਰਚਿਤ ਫਿਲਮ ‘ਪੰਜਾਬ-95’ ਆਉਂਦੀ 7 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਖੁਦ ਦਿਲਜੀਤ ਦੁਸਾਂਝ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਗਈ। ਉਨ੍ਹਾਂ ਲਿਖਿਆ ਕਿ ਫੁੱਲ ਮੂਵੀ ਨੋ ਕੱਟ। ਇਸ ਫਿਲਮ ਨੂੰ ਰਿਲੀਜ਼ਿੰਗ ਦੇ ਲਈ ਲਗਭਗ 1 ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਿਆ। ਕੇਂਦਰੀ ਫਿਲਮ ਬੋਰਡ ਨੇ ਪਹਿਲਾਂ ਫਿਲਮ ’ਚ 120 ਕੱਟ ਲਗਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਦਿਲਜੀਤ ਦੁਸਾਂਝ ਵੱਲੋਂ ਕੀਤੀ ਗਈ ਪੋਸਟ ਤੋਂ ਹੁਣ ਸਾਫ ਹੋ ਗਿਆ ਹੈ ਕਿ ਇਸ ਫਿਲਮ ਨੂੰ ਹੁਣ ਬਿਨਾ ਕਿਸੇ ਕੱਟ ਦੇ ਰਿਲੀਜ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਤ ਹੈ ਅਤੇ ਪੰਜਾਬ ਦੇ ਕਾਲੇ ਦੌਰ ਨੂੰ ਦਰਸਾਉਂਦੀ ਹੈ।

  

ਐਸਐਚਓ ਦੇ ਚਿਹਰੇ ’ਤੇ ਲੱਗੀ ਤਲਵਾਰ, ਐਸਆਈ ਦੀਆਂ ਕੱਟੀਆਂ ਗਈਆਂ ਉਂਗਲੀਆਂ

ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ’ਚ ਕਾਰ ਲੁੱਟਣ ਦੇ ਮਾਮਲੇ ’ਚ ਰੇਡ ਕਰਨ ਗਈ ਪੁਲਿਸ ਟੀਮ ’ਤੇ ਨਿਹੰਗਾਂ ਨੇ ਹਮਲਾ ਕਰ ਦਿੱਤਾ। ਥਾਣਾ ਸਦਰ ਦੇ ਐਸਐਚਓ ਅਤੇ ਪੁਲਿਸ ਚੌਕੀ ਮਰਾਡੋ ਦੇ ਇੰਚਾਰਜ ਐਸ ਆਈ ਸਮੇਤ 4 ਕਰਮਚਾਰੀ ਇਸ ਹਮਲੇ ਵਿਚ ਜ਼ਖਮੀ ਹੋ ਗਏ। ਐਸਐਚਓ ਦੀ ਅੱਖ ਦੇ ਕੋਲ ਤਲਵਾਰ ਦਾ ਕੱਟ ਲੱਗਿਆ ਜਦਕਿ ਚੌਕੀ ਇੰਚਾਰਜ ਦੀਆਂ ਦੋ ਉਂਗਲੀਆਂ ਕੱਟੀਆਂ ਗਈਆਂ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਘਟਨਾ ਸਥਾਨ ’ਤੇ ਗੋਲੀ ਵੀ ਚੱਲੀ ਪ੍ਰੰਤੂ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਪੁਸ਼ਟੀ ਨਹੀਂ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਇਕ ਆਰੋਪੀ ਨੂੰ ਗਿ੍ਰਫ਼ਤਾਰ ਕਰ ਲਿਆ ਜਦਕਿ ਬਾਕੀ ਹਮਲਾਵਰ ਫਰਾਰ ਹੋ ਗਏ। ਜ਼ਖਮੀ ਹੋਏ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 4 ਦਿਨ ਪਹਿਲਾਂ ਤਿੰਨ ਨਿਹੰਗ ਸਿੰਘਾਂ ਨੇ ਪਿੰਡ ਸੰਗੋਵਾਲ ’ਚੋਂ ਇਕ ਵਿਅਕਤੀ ਕੋਲੋਂ ਬੰਦੂਕ ਦੀ ਨੋਕ ’ਤੇ ਅਲਟੋ ਕਾਰ ਲੁੱਟ ਲਈ ਸੀ। ਇਸ ਮਾਮਲੇ ਵਿਚ ਹੀ ਪੁਲਿਸ ਪਾਰਟੀ ਪਿੰਡ ਕਮਾਲਪੁਰ ਵਿਚ ਰੇਡ ਕਰਨ ਗਈ ਸੀ।

ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 54 ਦਿਨ 

ਖਨੌਰੀ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਲੰਘੀ ਦੇਰ ਰਾਤ ਡੱਲੇਵਾਲ ਨੇ 3-4 ਵਾਰ ਉਲਟੀ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ 150-200 ਮਿਲੀਲੀਟਰ ਪਾਣੀ ਪੀਤਾ ਹੈ। ਜ਼ਿਕਰਯੋਗ ਹੈ ਕਿ ਖਨੌਰੀ ਬਾਰਡਰ ’ਤੇ ਡੱਲੇਵਾਲ ਨਾਲ ਮਰਨ ਵਰਤ ’ਤੇ ਬੈਠੇ 111 ਕਿਸਾਨਾਂ ਦੇ ਨਾਲ ਹੁਣ ਹਰਿਆਣਾ ਦੇ 10 ਕਿਸਾਨ ਵੀ ਮਰਨ ਵਰਤ ’ਤੇ ਬੈਠ ਗਏ ਹਨ। ਉਧਰ ਖਨੌਰੀ ਅਤੇ ਸ਼ੰਭੂ ਮੋਰਚੇ ਦੇ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਵਿਖੇ ਅੱਜ ਮੀਟਿੰਗ ਹੋਵੇਗੀ। ਮੀਟਿੰਗ ’ਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ। ਉਧਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਗਿਆ ਹੈ ਜਿਸ ’ਚ ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.