Friday, 19 June 2026

ਰੋਹਿਤ ਸ਼ਰਮਾ ਕਪਤਾਨ ਅਤੇ ਸ਼ੁਭਮਨ ਗਿੱਲ ਹੋਣਗੇ ਟੀਮ ਦਾ ਉਪ ਕਪਤਾਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ ਕੰਟਰੋਲ ਬੋਰਡ ਨੇ ਇੰਗਲੈਂਡ ਦੇ ਖਿਲਾਫ ਇਕ ਦਿਨਾ ਸੀਰੀਜ਼ ਅਤੇ ਚੈਂਪੀਅਨ ਟਰਾਫੀ ਲਈ ਅੱਜ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਮੁੰਬਈ ਵਾਨਖੇੜੇ ਸਟੇਡੀਅਮ ’ਚ ਸਿਲੈਕਟਰ ਅਜੀਤ ਅਗਰਕਰ ਅਤੇ ਕਪਤਾਨ ਰੋਹਿਤ ਸ਼ਰਮਾ ਨੇ 15 ਮੈਂਬਰੀ ਭਾਰਤੀ ਕ੍ਰਿਕਟ ਦੇ ਨਾਮਾਂ ਸਬੰਧੀ ਐਲਾਨ ਕੀਤਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇਕ ਸਾਲ ਬਾਅਦ ਭਾਰਤੀ ਕ੍ਰਿਕਟ ਟੀਮ ’ਚ ਵਾਪਸੀ ਹੋਈ ਜਦਕਿ ਆਸਟਰੇਲੀਆ ਦੌਰੇ ਦੌਰਾਨ ਜ਼ਖਮੀ ਹੋਏ ਜਸਪ੍ਰੀਤ ਬੁਮਰਾਹ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਸੁਰੇਸ਼ ਅਈਅਰ, ਕੇ ਐਲ ਰਾਹੁਲ, ਹਾਰਦਿਕ ਪੰਡਿਆ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਰਿਸ਼ਭ ਪੰਤ, ਯਸ਼ਵੀ ਜਾਇਸਵਾਲ, ਵਾਸ਼ਿੰਗਟਨ ਸੁੰਦਰ ਅਤੇ ਅਰਸ਼ਦੀਪ ਸਿੰਘ ਦਾ ਨਾਮ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਚੈਂਪੀਅਨ ਟਰਾਫੀ 19 ਫਰਵਰੀ ਤੋਂ 9 ਮਾਰਚ ਤੱਕ ਪਾਕਿਸਤਾਨ ਅਤੇ ਯੂਏਈ ਦੇ 4 ਸ਼ਹਿਰਾਂ ਵਿਚ ਖੇਡੀ ਜਾਵੇਗੀ।

 

  

ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਤ ਕੁੰਭ ਅਭਿਆਨ ਦੇ ਤਹਿਤ ਚੰਡੀਗੜ੍ਹ ਸੇਵਾ ਭਾਰਤੀ ਵੱਲੋਂ ਹਜ਼ਾਰਾਂ ਥੈਲੇ, ਥਾਲੀਆਂ ਅਤੇ ਗਿਲਾਸਾ ਦੀ ਸੇਵਾ ਹਰਿਤ ਮਹਾਂ ਕੁੰਭ ਲਈ ‘ਇਕ ਥੈਲਾ ਇਕ ਥਾਲੀ’ ਅਭਿਆਨ ਤਹਿਤ ਭੇਜੇ ਗਏ। ਹਰਿਆਵਲ ਪੰਜਾਬ ਦੇ ਸਹਿਯੋਗ ’ਚ ਸੇਵਾ ਭਾਰਤੀ ਚੰਡੀਗੜ੍ਹ ਵੱਲੋਂ 4000 ਥੈਲੇ, 4000 ਥਾਲੀਆਂ ਅਤੇ 4000 ਹਜ਼ਾਰ ਗਿਲਾਸ ਪੂਜਾ ਪ੍ਰੋਗਰਾਮ ਤੋਂ ਬਾਅਦ ਸੇਵਾ ਧਾਮ, ਸੈਕਟਰ 29 ਵੱਲੋਂ ਪ੍ਰਯਾਗਰਾਜ ਲਈ ਭੇਜੇ ਗਏ। ਪ੍ਰਯਾਗਰਾਜ ’ਚ ਚੱਲ ਰਹੇ ਮਹਾਂ ਕੁੰਭ ਨੂੰ ਪ੍ਰਦੂਸ਼ਣ ਮੁਕਤ, ਕਚਰਾ ਮੁਕਤ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਲਈ ਮਾਰਗ ਹਰਿਆਵਲ ਪੰਜਾਬ ਦਰਸ਼ਨ ’ਚ ‘ਇਕ ਥੈਲਾ ਇਕ ਥਾਲੀ’ ਅਭਿਆਨ ਤਹਿਤ ਚਲਾਇਆ ਗਿਆ ਹੈ। ਤਾਂ ਜੋ ਕੁੰਭ ਮੇਲਾ ਪਲਾਸਟਿਕ ਦੇ ਕੂੜੇ ਤੋਂ ਮੁਕਤ ਹੋ ਸਕੇ। ਇਸ ਦੀ ਜਾਣਕਾਰੀ ਦਿੰਦੇ ਹੋਏ ਸੇਵਾ ਭਾਰਤੀ ਚੰਡੀਗੜ੍ਹ ਪ੍ਰਧਾਨ ਰਾਜਿੰਦਰ ਜੈਨ ਨੇ ਦੱਸਿਆ ਕਿ ਹੁਣ ਤੱਕ ਹਰਿਆਵਲ ਪੰਜਾਬ ਵੱਲੋਂ 27000 ਥਾਲੀਆਂ, 16500 ਗਿਲਾਸ ਤੇ 20000 ਥੈਲੇ ਭੇਜੇ ਜਾ ਚੁੱਕੇ ਹਨ ਅਤੇ 40000 ਥੈਲੇ ਭੇਜਣ ਦੀ ਯੋਜਨਾ ਹੈ। ਇਸ ਪਹਿਲ ਨਾਲ ਵਾਤਾਵਰਣ ਸੰਭਾਲ ਪ੍ਰਤੀ ਸ਼ਰਧਾਲੂਆਂ ’ਚ ਜਾਗਰੂਕਤਾ ਅਤੇ ਸਮਰਪਣ ਦੀ ਭਾਵਨਾ ਆਵੇਗੀ। ਵਾਤਾਵਰਣ ਮਿੱਤਰ ਵੀ ਆਪਣੀਆਂ ਸੇਵਾਵਾਂ ਮਹਾਂ ਕੁੰਭ ’ਚ ਜਾ ਕੇ ਦੇ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

 

  

ਸੋਮਵਾਰ ਨੂੰ ਕੀਤਾ ਜਾਵੇਗਾ ਸਜ਼ਾ ਸਬੰਧੀ ਐਲਾਨ

ਕੋਲਕਾਤਾ/ਬਿਊਰੋ ਨਿਊਜ਼ : ਸਿਆਲਦਾਹ ਅਦਾਲਤ ਨੇ ਕੋਲਕਾਤਾ ਦੇ ਆਰ.ਜੀ. ਕਾਰ ਹਸਪਤਾਲ ਵਿਚ ਇਕ ਸਿਖਲਾਈ ਪ੍ਰਾਪਤ ਡਾਕਟਰ ਨਾਲ ਜਬਰ ਜਨਾਹ ਅਤੇ ਉਸ ਦੇ ਕਤਲ ਮਾਮਲੇ ਵਿਚ ਮੁੱਖ ਦੋਸ਼ੀ ਸੰਜੇ ਰਾਏ ਨੂੰ ਦੋਸ਼ੀ ਠਹਿਰਾਇਆ ਹੈ। ਜਸਟਿਸ ਅਨਿਰਬਾਨ ਦਾਸ ਨੇ ਫੈਸਲਾ ਸੁਣਾਇਆ ਅਤੇ ਸਜ਼ਾ ਸਬੰਧੀ ਸੋਮਵਾਰ ਨੂੰ ਐਲਾਨ ਕੀਤਾ ਜਾਵੇਗਾ। ਇਹ ਫੈਸਲਾ 162 ਦਿਨਾਂ ਬਾਅਦ ਦਿੱਤਾ ਗਿਆ ਹੈ ਜਦਕਿ ਇਹ ਘਟਨਾ 9 ਅਗਸਤ 2024 ਨੂੰ ਵਾਪਰੀ ਸੀ। ਸੀ.ਬੀ.ਆਈ. ਨੇ 7 ਅਕਤੂਬਰ, 2024 ਨੂੰ ਦੋਸ਼ੀ ਸੰਜੇ ਰਾਏ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਅਦਾਲਤ ਨੇ 9 ਜਨਵਰੀ ਨੂੰ ਸੁਣਵਾਈ ਪੂਰੀ ਕਰ ਲਈ ਸੀ। ਸੀ.ਬੀ.ਆਈ. ਨੇ ਦੋਸ਼ੀ ਸੰਜੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ 8-9 ਅਗਸਤ ਦੀ ਰਾਤ ਨੂੰ ਆਰ.ਜੀ. ਕਾਰ ਹਸਪਤਾਲ ਵਿਚ ਇਕ ਸਿਖਿਆਰਥੀ ਡਾਕਟਰ ਨਾਲ ਜਬਰ ਜਨਾਹ ਕਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। 9 ਅਗਸਤ ਦੀ ਸਵੇਰ ਨੂੰ, ਡਾਕਟਰ ਦੀ ਲਾਸ਼ ਸੈਮੀਨਾਰ ਹਾਲ ਵਿਚ ਮਿਲੀ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ, ਪੁਲਿਸ ਨੇ 10 ਅਗਸਤ ਨੂੰ ਸੰਜੇ ਰਾਏ ਨੂੰ ਗਿ੍ਰਫ਼ਤਾਰ ਕੀਤਾ ਸੀ। ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ 10 ਦਸੰਬਰ, 2024 ਨੂੰ ਸੁਪਰੀਮ ਕੋਰਟ ਨੂੰ ਇਕ ਸਟੇਟਸ ਰਿਪੋਰਟ ਸੌਂਪੀ ਸੀ। ਇੱਥੇ, ਫੈਸਲੇ ਤੋਂ ਪਹਿਲਾਂ, ਪੀੜਤ ਦੇ ਪਿਤਾ ਨੇ ਕਿਹਾ ਹੈ ਕਿ ਦੋਸ਼ੀ ਦੀ ਸਜ਼ਾ ਅਦਾਲਤ ਤੈਅ ਕਰੇਗੀ, ਪਰ ਅਸੀਂ ਇਨਸਾਫ਼ ਮਿਲਣ ਤੱਕ ਅਦਾਲਤ ਦੇ ਦਰਵਾਜ਼ੇ ਖੜਕਾਉਂਦੇ ਰਹਾਂਗੇ।    

ਤਰਸੇਮ ਸਿੰਘ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵੱਲੋਂ ਕੀਤਾ ਗਿਆ ਐਲਾ

ਅੰਮਿ੍ਰਤਸਰ/ਬਿਊਰੋ ਨਿਊਜ਼ : ਨਵੀਂ ਬਣੀ ਪਾਰਟੀ ‘ਅਕਾਲੀ ਦਲ ਵਾਰਸ ਪੰਜਾਬ ਦੇ’ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਰਸੇਮ ਸਿੰਘ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ਅਰਦਾਸ ਕੀਤੀ ਗਈ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਪਾਰਟੀ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਸੁਰੱਖਿਆ ਲਈ ਵੀ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਚਿਹਰਾ ਸਨ ਪਰ ਹੁਣ ਨਹੀਂ, ਕਿਉਂਕਿ ਉਨ੍ਹਾਂ ਨੇ ਪੰਜਾਬ ਦੀ ਬਿਹਤਰੀ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਉਹ ਜਥੇਦਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਿੰਘ ਸਾਹਿਬਾਨ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਚੰਡੀਗੜ੍ਹ ਤੇ ਅੰਮਿ੍ਰਤਸਰ ਵਿਚ ਦਫ਼ਤਰ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੀ ਸੱਤ ਮੈਂਬਰੀ ਸੰਵਿਧਾਨ ਅਤੇ ਏਜੰਡਾ ਕਮੇਟੀ ਬਣਾਈ ਹੈ ਜੋ ਪਾਰਟੀ ਦੇ ਸੰਵਿਧਾਨ ਦਾ ਫ਼ੈਸਲਾ ਕਰੇਗੀ। ਇਸ ਮੌਕੇ ਹੋਰ ਆਗੂ ਵੀ ਮੌਜੂਦ ਸਨ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.