Friday, 19 June 2026

ਡਰਾਈਵਰਾਂ, ਕੰਡਕਟਰਾਂ ਅਤੇ ਵਰਕਸ਼ਾਪਾਂ ’ਚ ਕੰਮ ਕਰਨ ਵਾਲੇ ਕਾਮਿਆਂ ਨੂੰ ਮਿਲੇਗਾ ਲਾਭ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਪਨਬਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਸੈਲਰੀ ਵਿਚ 5 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਸਬੰਧੀ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿਤਾ ਗਿਆ ਹੈ। ਇਸ ਦਾ ਲਾਭ ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਵਰਕਸ਼ਾਪ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਿਲੇਗਾ। ਇਹ ਵੀ ਜਾਣਕਾਰੀ ਮਿਲੀ ਹੈ  ਉਕਤ ਹੁਕਮ ਇਸੇ ਮਹੀਨੇ ਤੋਂ ਲਾਗੂ ਹੋ ਜਾਣਗੇ ਜਦਕਿ ਕੱਚੇ ਕਾਮਿਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਤਨਖਾਹ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਕੱਚੇ ਕਾਮਿਆਂ ਦਾ ਕਹਿਣਾ ਸੀ ਕਿ ਘੱਟ ਤਨਖਾਹ ਦੇ ਚਲਦਿਆਂ ਉਨ੍ਹਾਂ ਨੂੰ ਕੰਮ ਕਰਨਾ ਔਖਾ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਘਰ ਗੁਜ਼ਾਰਾ ਨਹੀਂ ਚੱਲ ਰਿਹਾ। ਇਸ ਸਭ ਦੇ ਚਲਦਿਆਂ ਕੱਚੇ ਕਾਮੇ ਕਈ ਵਾਰ ਹੜਤਾਲ ਵੀ ਕਰ ਚੁੱਕੇ ਸਨ ਅਤੇ ਉਨ੍ਹਾਂ ਦੀ ਲੰਘੇ ਦਿਨੀਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਇਕ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਕੱਚੇ ਕਾਮਿਆਂ ਨੂੰ ਸੇਵਾ ਨਿਯਮਾਂ ਤਹਿਤ ਪੱਕੇ ਕਰਨ ਦੇ ਲਈ ਨੀਤੀ ਬਣਾਉਣ ’ਤੇ ਸਹਿਮਤੀ ਬਣੀ ਸੀ।

 

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ ਐਲਾਨ

ਸ਼ੰਭੂ/ਬਿਊਰੋ ਨਿਊਜ਼ : ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੇ 21 ਜਨਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਹ ਜਥਾ ਪੈਦਲ ਦਿੱਲੀ ਵੱਲ ਕੂਚ ਕਰੇਗਾ ਅਤੇ ਇਸ ਜਥੇ ਵਿਚ 101 ਕਿਸਾਨ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮਨ ਨਹੀਂ ਬਣਾਇਆ, ਇਸ ਲਈ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਰਵਣ ਸਿੰਘ ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਹੀ ਦੇਸ਼ ’ਚ ਐਮਐਸਪੀ ’ਤੇ ਫਸਲ ਖਰੀਦ ਦੀ ਗਰੰਟੀ ਦਾ ਕਾਨੂੰਨ ਆਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇਸ਼ ਹਿਤ ’ਚ ਹਨ ਅਤੇ ਉਨ੍ਹਾਂ ਜ਼ਰੂਰ ਲਾਗੂ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਤਿੰਨ ਵਾਰ 6 ਦਸੰਬਰ, 8 ਦਸੰਬਰ ਅਤੇ 14 ਨੂੰ ਦਿੱਲੀ ਲਈ ਰਵਾਨਾ ਹੋਏ ਸਨ ਪ੍ਰੰਤੂ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਸ਼ੰਭੂ ਬਾਰਡਰ ਤੋਂ ਅੱਗੇ ਨਹੀਂ ਸੀ ਜਾਣ ਦਿੱਤਾ।

ਇਸਰੋ ਨੇ ਡਾਕਿੰਗ ਐਕਸਪੈਰੀਮੈਂਟ ਨੂੰ ਸਫਲਤਾਪੂਰਵਕ ਕੀਤਾ ਪੂਰਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਪੁਲਾੜ ’ਚ ਦੋ ਸਪੇਸ ਕਰਾਫਟ ਨੂੰ ਸਫਲਤਾਪੂਰਵਕ ਡਾਕ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਰੂਸ, ਅਮਰੀਕਾ ਅਤੇ ਚੀਨ ਨੇ ਅਜਿਹਾ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ। ਇਸਰੋ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤ ਨੇ ਅੱਜ 16 ਜਨਵਰੀ ਨੂੰ ਸਵੇਰੇ ਡਾਕਿੰਗ ਐਕਸਪੈਰੀਮੈਂਟ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਮਿਸ਼ਨ ਦੀ ਕਾਮਯਾਬੀ ’ਤੇ ਚੰਦਰਯਾਨ-4, ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਵਰਗੇ ਮਿਸ਼ਨ ਨਿਰਭਰ ਸਨ। ਚੰਦਰਯਾਨ-4 ਮਿਸ਼ਨ ਰਾਹੀਂ ਚੰਦਰਮਾ ਤੋਂ ਮਿੱਟੀ ਦੇ ਸੈਂਪਲ ਧਰਤੀ ’ਤੇ ਲਿਆਂਦੇ ਜਾਣਗੇ। ਉਥੇ ਹੀ ਗਗਨਯਾਨ ਮਿਸ਼ਨ ਰਾਹੀਂ ਮਨੁੱਖ ਨੂੰ ਪੁਲਾੜ ’ਚ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸਰੋ ਨੇ 30 ਦਸੰਬਰ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਰਾਤੀਂ 10 ਵਜੇ ਡਾਕਿੰਗ ਐਕਸਪੈਰੀਮੈਂਟ ਮਿਸ਼ਨ ਨੂੰ ਲਾਂਚ ਕੀਤਾ ਸੀ। ਇਸ ਦੇ ਤਹਿਤ ਪੀਐਸਐਲਵੀ-ਸੀ 60 ਰਾਕੇਟ ਤੋਂ ਦੋ ਸਪੇਸਕਰਾਫਟ ਧਰਤੀ ਤੋਂ 470 ਕਿਲੋਮੀਟਰ ਉਪਰ ਡਿਪਲਾਏ ਕੀਤੇ ਗਏ ਸਨ।

ਇਲਾਜ ਕਰ ਰਹੇ ਡਾਕਟਰਾਂ ਨੇ ਸੈਫ ਨੂੰ ਖਤਰੇ ਵਾਲੀ ਸਥਿਤੀ ਤੋਂ ਦੱਸਿਆ ਬਾਹਰ

ਮੁੰਬਈ/ਬਿਊਰੋ ਨਿਊਜ਼ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ’ਤੇ ਲੰਘੀ ਦੇਰ ਰਾਤ ਮੁੰਬਈ ਸਥਿਤ ਉਨ੍ਹਾਂ ਦੇ ਘਰ ’ਚ ਦਾਖਲ ਹੋ ਕੇ ਇਕ ਹਮਲਾਵਰ ਵਲੋਂ ਚਾਕੂ ਨਾਲ ਹਮਲਾ ਕੀਤਾ ਗਿਆ। ਸੈਫ ਦੇ ਗਲ, ਪਿੱਠ, ਹੱਥ ਅਤੇ ਸਿਰ ’ਤੇ ਚਾਕੂ ਲੱਗਿਆ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੰੁਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਕੀਤੀ ਗਈ। ਲੀਲਾਵਤੀ ਹਸਪਤਾਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੈਫ ’ਤੇ ਚਾਕੂ ਨਾਲ 6 ਵਾਰ ਹਮਲਾ ਕੀਤਾ ਗਿਆ, ਜਿਨ੍ਹਾਂ ਵਿਚੋਂ ਦੋ ਜ਼ਖਮੀ ਕਾਫ਼ੀ ਡੂੰਘੇ ਹਨ। ਜਦਕਿ ਇਕ ਜ਼ਖਮ ਰੀੜ੍ਹ ਦੀ ਹੱਡੀ ਦੇ ਬਿਲਕੁਲ ਨੇੜੇ ਹੈ। ਇਲਾਜ ਕਰ ਰਹੀ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਸੈਫ ਅਲੀ ਖਾਨ ਦੀ ਹਾਲਤ ਸਥਿਰ ਹੈ ਅਤੇ ਉਹ ਖਤਰੇ ਵਾਲੀ ਸਥਿਤ ਤੋਂ ਬਿਲਕੁਲ ਬਾਹਰ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਘਰ ’ਚ ਦਾਖਲ ਹੋਏ ਹਮਲਾਵਰ ਨੂੰ ਘਰ ’ਚ ਕੰਮ ਕਰਨ ਵਾਲੀ ਨੇ ਦੇਖ ਲਿਆ ਸੀ, ਜਿਸ ਤੋਂ ਬਾਅਦ ਦੋਵਾਂ ਦਰਮਿਆਨ ਬਹਿਸ ਹੋਈ ਗਈ। ਜਦੋਂ ਸੈਫ ਅਲੀ ਖਾਨ ਨੇ ਇਸ ਬਹਿਸ ਦਰਮਿਆਨ ਦਖਲ ਦਿੱਤਾ ਤਾਂ ਹਮਲਾਵਰ ਨੇ ਸੈਫ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.