Friday, 19 June 2026

ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮਗਰੋਂ ਧਾਲੀਵਾਲ ਨੇ ਐਸਡੀਐਮ ਨੂੰ ਕੀਤਾ ਸੀ ਫੋਨ

ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅੱਜ ਅੰਮਿ੍ਰਤਸਰ ਜ਼ਿਲ੍ਹੇ ਦੇ ਮਜੀਠਾ ਦੇ ਐਸਡੀਐਮ ਨਾਲ ਤਿੱਖੀ ਬਹਿਸ ਹੋਈ। ਇਲਾਕੇ ਦੇ ਕੁੱਝ ਲੋਕ ਆਪਣੇ ਪੈਂਡਿੰਗ ਕੰਮਾਂ ਨੂੰ ਲੈ ਕੇ ਕੈਬਨਿਟ ਮੰਤਰੀ ਕੋਲ ਪਹੁੰਚੇ ਸਨ। ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਧਾਲੀਵਾਲ ਨੇ ਮਜੀਠਾ ਦੇ ਐਸਡੀਐਮ ਨੂੰ ਫੋਨ ਕੀਤਾ ਅਤੇ ਇਸ ਦੌਰਾਨ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਤੋਂ ਬਾਅਦ ਧਾਲੀਵਾਲ ਨੇ ਐਸਡੀਐਮ ਨੂੰ ਲੋਕਾਂ ਦੇ ਕੰਮ ਕਰਨ ਦੀ ਨਸੀਹਤ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ ਪਬਲਿਕ ਦੇ ਨੁਮਾਇੰਦੇ ਹਾਂ ਅਤੇ ਲੋਕ ਸ਼ਿਕਾਇਤਾਂ ਲੈ ਕੇ ਸਾਡੇ ਕੋਲ ਆਉਂਦੇ ਹਨ। ਅਸੀਂ ਅਫ਼ਸਰਾਂ ਨੂੰ ਕੰਮ ਕਰਨ ਲਈ ਕਹਿਣਾ ਹੈ ਅਤੇ ਤੁਹਾਡੀ ਡਿਊਟੀ ਬਣਦੀ ਹੈ ਜੋ ਕੰਮ ਸਹੀ ਹੈ ਉਸ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ। ਉਨ੍ਹਾਂ ਐਸਡੀਐਮ ਨੂੰ ਕਿਹਾ ਕਿ ਜੇਕਰ ਤੁਸੀਂ ਇਕ ਮੰਤਰੀ ਨਾਲ ਇੰਨੀ ਬਹਿਸ ਕਰ ਰਹੇ ਹੋ ਤਾਂ ਆਮ ਲੋਕਾਂ ਨਾਲ ਤੁਸੀਂ ਕੀ ਕਰਦੇ ਹੋਵੋਗੇ। ਉਨ੍ਹਾਂ ਕਿਹਾ ਕਿ ਮੈਨੂੰ ਸਫਾਈ ਨਹੀਂ ਚਾਹੀਦੀ ਬਲਕਿ ਲੋਕਾਂ ਦਾ ਕੰਮ ਕਰਿਆ ਕਰੋ।

 

7 ਹਜ਼ਾਰ ਕੰਪਨੀਆਂ ਦੇ ਆਈਜੀਐਸਟੀ ਰਿਵਰਸਲ ਤੋਂ ਖਜ਼ਾਨੇ ’ਚ ਆਇਆ ਪੈਸਾ

ਚੰਡੀਗੜ੍ਹ/ਬਿਊਰੋ ਨਿਊਜ਼ : ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਦੇ ਖਜ਼ਾਨੇ ’ਚ 2500 ਕਰੋੜ ਰੁਪਇਆ ਆ ਗਿਆ ਹੈ। ਸੂਬਾ ਸਰਕਾਰ ਵੱਲੋਂ ਇਹ ਪੈਸਾ ਕਿਸੇ ਪ੍ਰਾਪਰਟੀ ਨੂੰ ਵੇਚ ਨਹੀਂ ਕਮਾਇਆ ਗਿਆ ਬਲਕਿ ਇਹ ਪੈਸਾ ਇੰਟੀਗ੍ਰੇਟਿਡ ਗੁਡਜ਼ ਐਂਡ ਸਰਵਿਸ ਟੈਕਸ ਰਾਹੀਂ 7 ਹਜ਼ਾਰ ਕੰਪਨੀਆਂ ਤੋਂ ਵਸੂਲਿਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਉਨ੍ਹਾਂ ਕੰਪਨੀਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਟੈਕਸ ਚੋਰੀ ਕਰਦੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਆਈਜੀਐਸਟੀ ਰਿਵਰਸਲ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਲਗਭਗ 1400 ਕਰੋੜ ਰੁਪਏ ਦੂਜੇ ਰਾਜਾਂ ਵਿਚ ਪਏ ਸਨ। ਇਕੱਲੀ ਰੇਲ ਕੋਚ ਫੈਕਟਰੀ ਤੋਂ ਸਰਕਾਰੀ ਖਜ਼ਾਨੇ ਨੂੰ 687 ਕਰੋੜ ਰੁਪਏ ਮਿਲੇ ਜਦਕਿ ਪਾਵਰੌਮ ਤੋਂ 129 ਕਰੋੜ ਰੁਪਏ ਹਾਸਲ ਹੋਏ। ਇਸ ਤੋਂ ਇਲਾਵਾ ਤਲਵੰਡੀ ਸਾਬੋ ਥਰਮਲ ਪਲਾਂਟ ਤੋਂ 83 ਕਰੋੜ ਰੁਪਏ, ਗੋਇੰਦਵਾਲ ਥਰਮਲ ਪਲਾਂਟ 44 ਕਰੋੜ ਰੁਪਏ, ਬਠਿੰਡਾ ਰਿਫਾਈਰੀ ਤੋਂ 80 ਕਰੋੜ, ਟ੍ਰਾਸਕੋ ਤੋਂ 40 ਕਰੋੜ, ਫੋਰਟਿਸ ਹੈਲਥ ਕੇਅਰ ਤੋਂ 24 ਕਰੋੜ, ਕਾਰਗਿਲ ਇੰਡੀਆ ਤੋਂ 14 ਕਰੋੜ ਹਾਸਲ ਹੋਏ। ਜਦਕਿ ਕਈ ਧਾਰਮਿਕ ਸੰਸਥਾਵਾਂ ਅਤੇ ਹੋਰ ਕੰਪਨੀਆਂ ਤੋਂ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਪੈਸਾ ਮਿਲਿਆ ਹੈ।

ਸੂਬਾ ਸਰਕਾਰ ਨੇ ਵੀਆਰਐਸ ਐਪਲੀਕੇਸ਼ਨ ਕੀਤੀ ਮਨਜ਼ੂਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੇ 1993 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਸ਼ਿਵ ਪ੍ਰਸਾਦ ਵੀਆਰਐਸ ਲੈਣਗੇ। ਸੂਬਾ ਸਰਕਾਰ ਨੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ ਅਤੇ ਇਸ ਸਮੇਂ ਉਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵਾਧੂ ਮੁੱਖ ਸਲਾਹਕਾਰ ਦੇ ਅਹੁਦੇ ’ਤੇ ਤਾਇਨਾਤ ਹਨ। ਧਿਆਨ ਰਹੇ ਕਿ ਸ਼ਿਵ ਪ੍ਰਸਾਦ ਨੇ 2030 ਵਿਚ ਸੇਵਾ ਮੁਕਤ ਹੋਣਾ ਸੀ ਪਰ ਹੁਣ ਉਹ ਆਪਣੀ ਇੱਛਾ ਅਨੁਸਾਰ ਫਰਵਰੀ ਮਹੀਨੇ ਵਿਚ ਸੇਵਾ ਮੁਕਤ ਹੋ ਸਕਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵੀ ਵੀਆਰਐਸ ਲਈ ਅਰਜ਼ੀ ਦਿੱਤੀ ਸੀ, ਜੋ ਉਨ੍ਹਾਂ ਨੇ ਬਾਅਦ ’ਚ ਵਾਪਸ ਲੈ ਲਈ ਸੀ। ਹੁਣ ਉਨ੍ਹਾਂ ਦਸੰਬਰ 2024 ’ਚ ਵੀਆਰਐਸ ਲਈ ਅਰਜ਼ੀ ਦਿੱਤੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਅਰਜ਼ੀ ਵਾਪਸ ਲੈਣ ਲਈ ਕਿਹਾ ਪਰ ਉਹ ਇਸ ਵਾਰ ਵੀਆਰਐਸ ਲੈਣ ਲਈ ਬਜਿੱਦ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਦੋ ਆਈਏਐਸ ਅਤੇ ਇਕ ਆਈਪੀਐਸ ਅਫ਼ਸਰ ਨੇ ਵੀਆਰਐਸ ਲੈ ਚੁੱਕੇ ਹਨ। ਜਿਨ੍ਹਾਂ ਵਿਚ ਕਰਨੈਲ ਸਿੰਘ, ਪਰਮਪਾਲ ਸਿੰਘ ਸਿੱਧੂ ਅਤੇ ਪਰਮਪਾਲ ਕੌਰ ਦਾ ਨਾਮ ਸ਼ਾਮਲ ਹੈ।

ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਗੱਲਬਾਤ ਲਈ ਦਿੱਤਾ ਸੱਦਾ

ਪਟਿਆਲਾ/ਬਿਊਰੋ ਨਿਊਜ਼ : ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਖਨੌਰੀ ਬਾਰਡਰ ’ਤੇ ਪਿਛਲੇ 55 ਦਿਨਾਂ ਤੋਂ ਮਰਨ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਟਰੀਟਮੈਂਟ ਸ਼ੁਰੂ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਂ 14 ਫਰਵਰੀ ਲਈ ਦਿੱਤੇ ਗੱਲਬਾਤ ਦੇ ਸੱਦੇ ਮਗਰੋਂ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਏਡ ਲੈਣ ਲਈ ਰਾਜ਼ੀ ਹੋ ਗਏ ਹਨ। ਖਨੌਰੀ ਬਾਰਡਰਾਂ ’ਤੇ ਮੌਜੁੂਦ ਡਾਕਟਰਾਂ ਦੀ ਟੀਮ ਨੇ ਲੰਘੀ ਅੱਧੀ ਰਾਤ ਤੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੇ ਡਰਿਪ ਲਾ ਦਿੱਤੀ ਗਈ ਹੈ। ਪਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ 14 ਫਰਵਰੀ ਨੂੰ ਹੋਣ ਵਾਲੀ ਗੱਲਬਾਤ ਤੱਕ ਆਪਣਾ ਮਰਨ ਵਰਤ ਜਾਰੀ ਰੱਖਣਗੇ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.