Friday, 19 June 2026

ਸਜ਼ਾ ਸੁਣਾਏ ਜਾਣ ਬਾਅਦ ਪਹਿਲੀ ਵਾਰ ਸਿਰਸਾ ਡੇਰੇ ਪਹੁੰਚੇ 

ਸਿਰਸਾ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ 30 ਦਿਨਾਂ ਦੇ ਪੈਰੋਲ ਮਿਲੀ ਗਈ ਹੈ। ਅੱਜ ਮੰਗਲਵਾਰ ਨੂੰ ਰਾਮ ਰਹੀਮ ਸਵੇਰੇ 6 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਏ ਅਤੇ ਸਖਤ ਸੁਰੱਖਿਆ ਦਰਮਿਆਨ ਸਿਰਸਾ ਡੇਰੇ ਵਿਖੇ ਪਹੁੰਚੇ। ਧਿਆਨ ਰਹੇ 2017 ’ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਪਹਿਲੀ ਵਾਰ ਸਿਰਸਾ ਡੇਰੇ ਵਿਖੇ ਪਹੰਚੇ ਹਨ। ਇਸ ਤੋਂ ਪਹਿਲਾਂ ਰਾਮ ਰਹੀਮ 11 ਵਾਰ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ ਅਤੇ ਉਹ ਉਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਵਿਚ ਰਹੇ। ਸਿਰਸਾ ਪਹੁੰਚਦੇ ਹੀ ਰਾਮ ਰਹੀਮ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਪ੍ਰਮਾਤਮਾ ਕਿਰਪਾ ਨਾਲ ਤੁਹਾਡੇ ਦਰਸ਼ਨਾਂ ਦੇ ਲਈ ਅਤੇ ਤੁਹਾਡੀ ਸੇਵਾ ’ਚ ਆਏ ਹਾਂ। ਇਸ ਵਾਰ ਅਸੀਂ ਸਿਰਸਾ ਸਥਿਤ ਸ਼ਾਹ ਸਤਿਨਾਮ ਜੀ ਧਾਮ ਵਿਖੇ ਆਏ ਹਾਂ। ਤੁਹਾਨੂੰ ਸਾਰਿਆਂ ਬੇਨਤੀ ਹੈ ਕਿ ਤੁਸੀਂ ਸਿਰਸਾ ਡੇਰੇ ’ਚ ਨਹੀਂ ਆਉਣਾ ਅਤੇ ਆਪਣੀ-ਆਪਣੀ ਜਗ੍ਹਾ ’ਤੇ ਰਹਿਣਾ ਹੈ। ਸਿਆਸੀ ਮਾਹਿਰਾਂ ਵੱਲੋਂ ਰਾਮ ਰਹੀਮ ਦੀ ਪੈਰੋਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਅਤੇ ਹਰਿਆਣਾ ਦੀਆਂ ਨਗਰ ਨਿਗਮ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

  

ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਰੁਝੇਵਿਆਂ ਕਾਰਨ ਮੁਲਤਵੀ ਹੋਈ ਇਕੱਤਰਤਾ

ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਥਕ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰੇ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 28 ਜਨਵਰੀ ਨੂੰ ਸੱਦੀ ਗਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਮੁਲਤਵੀ ਕਰ ਦਿੱਤੀ ਗੲ ਹੈ। ਇਹ ਇਕੱਤਰਤਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਸਿੰਘ ਸਾਹਿਬਾਨ ਦੇ ਕੁੱਝ ਨਿੱਜੀ ਰੁਝੇਵਿਆਂ ਕਾਰਨ ਮੁਲਤਵੀ ਕੀਤੀ ਗਈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ  ਜਥੇਦਾਰ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਵੱਲੋਂ ਦਿੱਤੀ ਗਈ।

 

ਕਿਹਾ : ਕਿਸਾਨਾਂ ਦੀਆਂ ਮੰਗਾਂ ਛੇਤੀ ਮੰਨੇ ਕੇਂਦਰ ਸਰਕਾਰ

ਪਟਿਆਲਾ/ਬਿਊਰੋ ਨਿਊਜ਼  : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਤਵਾਰ ਨੂੰ 76ਵੇਂ ਗਣਤੰਤਰ ਦਿਵਸ ਮੌਕੇ  ਪਟਿਆਲਾ ’ਚ ਤਿਰੰਗਾ ਲਹਿਰਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ ਪਰ ਅਫ਼ਸੋਸ ਉਸ ਨੂੰ ਆਪਣੇ ਮਸਲੇ ਹੱਲ ਕਰਵਾਉਣ ਲਈ ਭੁੱਖ ਹੜਤਾਲ ਕਰਨੀ ਪੈ ਰਹੀ ਹੈ ਤੇ ਹੁਣ ਤਾਂ ਮਰਨ ਵਰਤ ਵੀ ਰੱਖਣਾ ਪੈ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਸੱਦ ਕੇ ਗੱਲਬਾਤ ਕਰੇ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ ਲਈ ਅਹਿਮ ਟਰੈਕਟਰ ਦਾ ਮੂੰਹ ਦਿੱਲੀ ਦੀ ਬਜਾਏ ਖੇਤਾਂ ਵੱਲ ਹੀ ਰਹਿਣਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਰੂਰਲ ਡਿਵੈਲਪਮੈਂਟ ਫੰਡ ਤਹਿਤ ਪੰਜਾਬ ਦੇ ਕਰੀਬ 550 ਕਰੋੜ ਰੁਪਏ ਕੇਂਦਰ ਵੱਲੋਂ ਰੋਕੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਫੰਡ ਪੰਜਾਬ ਦਾ ਹੱਕ ਹੈ ਅਤੇ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਪੰਜਾਬ ਨੂੰ ਆਪਣਾ ਹੱਕ ਲੈਣ ਲਈ ਅਦਾਲਤ ਜਾਣਾ ਪੈਂਦਾ ਹੈ ਜੋ ਕਿ ਠੀਕ ਨਹੀਂ ਪਰ ਪੰਜਾਬ ਆਪਣਾ ਹੱਕ ਕਦੇ ਵੀ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਤੱਤ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸਸ਼ਿ ਕਰ ਰਹੇ ਹਨ ਜਿਨ੍ਹਾਂ ਨੂੰ ਕਿਸੇ ਵੀ ਸੂਰਤ ’ਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੈਬਨਿਟ ਮੰਤਰੀਆਂ ਵੱਲੋਂ ਤਿਰੰਗਾ ਲਹਿਰਾਇਆ ਗਿਆ।

 

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਰਤੱਵਿਆ ਪਥ ’ਤੇ ਲਹਿਰਾਇਆ ਤਿਰੰਗਾ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਭਰ ’ਚ ਅੱਜ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵੇਰੇ 10:30 ਵਜੇ ਕਰਤੱਵਿਆ ਪਥ ’ਤੇ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਫਿਰ ਪਰੇਡ ਸ਼ੁਰੂ ਹੋਈ। ਕਰਤਵਿਆ ਪਥ ’ਤੇ ਕੱਢੀ ਰਵਾਇਤੀ ਪਰੇਡ ਵਿੱਚ ਮਾਰਚਿੰਗ ਟੁਕੜੀਆਂ, ਮਿਜ਼ਾਈਲਾਂ ਅਤੇ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਵੀ ਸ਼ਾਮਲ ਸਨ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂ ਤੋ ਗਣਤੰਤਰ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਰੇਡ ਦੀ ਸ਼ੁਰੂਆਤ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸਲਾਮੀ ਲੈਣ ਨਾਲ ਹੋਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਤੇ ਉਨ੍ਹਾਂ ਦੇ ਇੰਡੋਨੇਸ਼ਿਆਈ ਹਮਰੁਤਬਾ ਸੁਬਿਆਂ ਤੋ ਭਾਰਤੀ ਰਾਸ਼ਟਰਪਤੀ ਦੇ ਅੰਗ ਰੱਖਿਅਕਾਂ ਦੀ ਨਿਗਰਾਨੀ ਵਿਚ ‘ਰਵਾਇਤੀ ਬੱਗੀ’ ਵਿੱਚ ਕਰਤਵਿਆ ਪਥ ’ਤੇ ਪਹੁੰਚੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਈ ਹੋਰ ਕੇਂਦਰੀ ਮੰਤਰੀ, ਦੇਸ਼ ਦੇ ਸਿਖਰਲੇ ਫੌਜੀ ਅਧਿਕਾਰੀ, ਵਿਦੇਸ਼ੀ ਡਿਪਲੋਮੈਟ ਤੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਕਰਤਵਿਆ ਪਥ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਤਿੰਨਾਂ ਸੈਨਾਵਾਂ ਦੀ ਸਾਂਝੀ ਝਾਕੀ ਵਿਚ ਹਥਿਆਰਬੰਦ ਬਲਾਂ ਦਰਮਿਆਨ ‘ਇਕਜੁੱਟਤਾ’ ਨੂੰ ਦਰਸਾਇਆ ਗਿਆ। ਝਾਕੀ ਵਿਚ ਅਰਜੁਨ ਜੰਗੀ ਟੈਂਕ, ਤੇਜਸ ਲੜਾਕੂ ਜਹਾਜ਼ ਤੇ ਐਡਵਾਂਸਡ ਲਾਈਟ ਹੈਲੀਕਾਪਟਰ ਨਾਲ ਜ਼ਮੀਨ, ਪਾਣੀ ਅਤੇ ਹਵਾ ਵਿੱਚ ਇੱਕ ਸਮਕਾਲੀ ਕਾਰਵਾਈ ਦਾ ਪ੍ਰਦਰਸ਼ਨ ਕੀਤਾ। ਇਸ ਝਾਕੀ ਦਾ ਥੀਮ ‘ਸਸ਼ਕਤ ਤੇ ਸੁਰੱਖਿਅਤ ਭਾਰਤ’ ਸੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.