Friday, 19 June 2026

ਪ੍ਰਯਾਗਰਾਜ ’ਚ ਸ਼ਰਧਾਲੂਆਂ ਦੀ ਐਂਟਰੀ ’ਤੇ ਲਗਾਈ ਰੋਕ

ਪ੍ਰਯਾਗਰਾਜ/ਬਿਊਰੋ ਨਿਊਜ਼ : ਲੰਘੀ ਦੇਰ ਰਾਤ ਪ੍ਰਯਾਗਰਾਜ ਦੇ ਸੰਗਮ ਤਟ ’ਤੇ ਭਗਦੜ ਮਚ ਗਈ। ਇਸ ਭਗਦੜ ਦੌਰਾਨ 14 ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ 50 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਭਗਦੜ ਤੋਂ ਬਾਅਦ ਪ੍ਰਸ਼ਾਸਨ ਦੀ ਬੇਨਤੀ ’ਤੇ ਸਾਰੇ 13 ਅਖਾੜਿਆਂ ਨੇ ਅੱਜ ਮੌਨੀ ਅਮਾਵਸ ਦੇ ਅੰਮਿ੍ਰਤ ਇਸ਼ਨਾਨ ਨੂੰ ਰੱਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨਾਲ ਫੋਨ ’ਤੇ ਗੱਲ ਕਰਕੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਹਾਦਸੇ ਤੋਂ ਬਾਅਦ ਐਨ ਐਸ ਜੀ ਕਮਾਂਡੋਜ਼ ਨੇ ਸੰਗਮ ਤਟ ’ਤੇ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਪ੍ਰਯਾਗਰਾਜ ’ਚ ਸ਼ਰਧਾਲੂਆਂ ਦੀ ਐਂਟਰੀ ’ਤੇ ਰੋਕ ਲਗਾ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਹਨ ਅਤੇ ਕਿਸੇ ਪ੍ਰਕਾਰ ਦੀ ਅਫਵਾਹ ’ਤੇ ਧਿਆਨ ਨਾ ਦਿੱਤਾ ਜਾਵੇ। ਪ੍ਰਯਾਗਰਾਜ ਵਿਖੇ ਵਾਪਰੀ ਘਟਨਾ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

 

ਐਡਵੋਕੇਟ ਧਾਮੀ ਨੇ ਰਾਮ ਰਹੀਮ ਦੀ ਪੈਰੋਲ ਨੂੰ ਤੁਰੰਤ ਰੱਦ ਕਰਨ ਦੀ ਕੀਤੀ ਮੰਗ

ਅੰਮਿ੍ਰਤਸਰ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵਲੋਂ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਦੀ ਦੋਗਲੀ ਨੀਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਆਸੀ ਲਾਹੇ ਲਈ ਰਾਮ ਰਹੀਮ ਨੂੰ ਵਾਰ-ਵਾਰ ਫਰਲੋ ਅਤੇ ਪੈਰੋਲ ਦਿੰਦੀ ਹੈ, ਜਦਕਿ ਤਿੰਨ-ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਐਡਵੋਕੇਟ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਸਿਆਸੀ ਲਾਹੇ ਲਈ ਰਾਮ ਰਹੀਮ ਨੂੰ ਚੋਣਾਂ ਸਮੇਂ ਫਰਲੋ ਦਿੰਦੀ ਹੈ ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਨੀਤੀ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀਆਂ ਹਨ। ਐਡਵੋਕੇਟ ਧਾਮੀ ਨੇ ਰਾਮ ਰਹੀਮ ਦੀ ਪੈਰੋਲ ਨੂੰ ਤੁਰੰਤ ਰੱਦ ਕਰਕੇ ਮੁੜ ਜੇਲ੍ਹ ਭੇਜਣ ਦੀ ਮੰਗ ਕੀਤੀ।

ਵਰਮਾ ਨੇ ਪੰਜਾਬੀਆਂ ਖਿਲਾਫ਼ ਕੀਤੀ ਸੀ ਵਿਵਾਦਤ ਟਿੱਪਣੀ

ਬਠਿੰਡਾ/ਬਿਊਰੋ ਨਿਊਜ਼ :  ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਖਿਲਾਫ ਬਠਿੰਡਾ ਦੀ ਅਦਾਲਤ ਵਿਚ ਮਾਨਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਰਮਾ ਖਿਲਾਫ਼ ਇਹ ਕਾਰਵਾਈ ਪੰਜਾਬੀਆਂ ਖਿਲਾਫ਼ ਕੀਤੀ  ਵਿਵਾਦਤ ਟਿੱਪਣੀ ਕਾਰਨ ਕੀਤੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਦੇ ਰਵਿੰਦਰ ਸਿੰਘ ਦੀ ਪਟੀਸ਼ਨ ’ਤੇ 30 ਜਨਵਰੀ ਨੂੰ ਬਠਿੰਡਾ ਕੋਰਟ ’ਚ ਇਸ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਐਡਵੋਕੇਟ ਸਾਹਿਲਪ੍ਰੀਤ ਰਾਹੀਂ ਦਾਇਰ ਕੀਤੀ ਗਈ ਇਸ ਅਰਜ਼ੀ ’ਚ ਕਿਹਾ ਗਿਆ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਇਕ ਟੀਵੀ ਚੈਨਲ ’ਤੇ ਪੰਜਾਬ ਦੇ ਲੋਕਾਂ ਖਿਲਾਫ਼ ਵਿਵਾਦਤ ਟਿੱਪਣੀ ਕੀਤੀ ਸੀ, ਜਿਸ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਧਿਆਨ ਰਹੇ ਕਿ ਭਾਜਪਾ ਸਾਂਸਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ਼ ਚੋਣ ਮੈਦਾਨ ਵਿਚ ਹਨ।

6 ਵਿਅਕਤੀਆਂ ਦੀ ਹੋਈ ਮੌਤ, 80 ਹੋਏ ਗੰਭੀਰ ਜ਼ਖਮੀ

ਬਾਗਪਤ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਬਾਗਪਤ ’ਚ ਅੱਜ ਮੰਗਲਵਾਰ ਨੂੰ ਜੈਨ ਭਾਈਚਾਰੇ ਦੇ ਨਿਰਵਾਣ ਉਤਸਵ ਦੌਰਾਨ ਹਾਦਸਾ ਵਾਪਰ ਗਿਆ। ਇਥੇ 65 ਫੁੱਟ ਉਚੇ ਮੰਚ ਦੀਆਂ ਪੌੜੀਆਂ ਟੁੱਟ ਗਈਆਂ, ਜਿਸ ਤੋਂ ਬਾਅਦ ਇਥੇ ਭਗਦੜ ਵਾਲੇ ਹਾਲਾਤ ਬਣ ਗਏ ਅਤੇ ਇਸ ਹਾਦਸੇ ਦੌਰਨ 6 ਸ਼ਰਧਾਲੂਆਂ ਦੀ ਮੌਤ ਹੋਈ ਜਦਕਿ 80 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਲੋਕਾਂ ਵੱਲੋਂ ਨੇੜਲੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਹਾਦਸਾ ਬਾਗਪਤ ਸ਼ਹਿਰ ਤੋਂ 20 ਕਿਲੋਮੀਟਰ ਦੂਰ ਬੜੌਤ ਤਹਿਸੀਲ ’ਚ ਸਵੇਰੇ 7 ਤੋਂ 8 ਵਜੇ ਦੇ ਦਰਮਿਆਨ ਵਾਪਰਿਆ। ਉਤਸਵ ਦੌਰਾਨ ਆਦਿਨਾਥ ਭਗਵਾਨ ਨੂੰ ਪ੍ਰਸ਼ਾਦ ਚੜ੍ਹਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ।  65 ਫੁੱਟ ਉਚੇ ਮੰਚ ’ਤੇ ਭਗਵਾਨ ਦੀ ਮੂਰਤੀ ਰੱਖੀ ਗਈ ਸੀ ਅਤੇ ਸ਼ਰਧਾਲੂ ਪੌੜੀਆਂ ਰਾਹੀਂ ਮੰਚ ’ਤੇ ਚੜ੍ਹ ਰਹੇ ਸਨ। ਜ਼ਿਆਦਾ ਵਜਨ ਹੋਣ ਕਾਰਨ ਮੰਚਾ ਹੇਠਾਂ ਡਿੱਗ ਗਿਆ ਅਤੇ ਹੇਠਾਂ ਦਬਣ ਕਾਰਨ 5 ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਹਿਚਾਣ ਤਰਸਪਾਲ, ਅਮਿਤ, ਊਸ਼ਾ, ਵਿਨੀਤ ਅਤੇ ਕਮਲੇਸ਼ ਵਜੋਂ ਹੋਈ ਹੈ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.