Friday, 19 June 2026

ਚੋਣ ਜਾਬਤੇ ਦੀ ਉਲੰਘਣਾ ਕਰਨ ਦਾ ਲੱਗਿਆ ਆਰੋਪ

ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਭਲਕੇ 5 ਫਰਵਰੀ ਨੂੰ ਵੋਟਾਂ ਪਾਈ ਜਾਣਗੀਆਂ। ਪਰ ਵੋਟਿੰਗ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਦਿੱਲੀ ਪੁਲਿਸ ਨੇ ਚੋਣ ਜਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਦੇ ਸਮਰਥਕ ਮਨੀਸ਼ ਬਿਧੂੜੀ ਖਿਲਾਫ ਵੀ ਚੋਣ ਜਾਬਤੇ ਦੀ ਉਲੰਘਣਾ ਕਰਨ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 3-4 ਫਰਵਰੀ ਦੀ ਰਾਤ ਨੂੰ ਕਾਲਕਾਜੀ ਤੋਂ ‘ਆਪ’ ਉਮੀਦਵਾਰ 50 ਤੋਂ 70 ਲੋਕਾਂ ਦੇ ਨਾਲ 10 ਵਾਹਨਾਂ ਸਮੇਤ ਫਤਹਿ ਸਿੰਘ ਮਾਰਗ ’ਤੇ ਘੁੰਮ ਰਹੇ ਸਨ। ਉਨ੍ਹਾਂ ਚੋਣ ਜਾਬਤੇ ਦੇ ਚਲਦਿਆਂ ਪੁਲਿਸ ਨੂੰ ਰਸਤਾ ਖਾਲੀ ਕਰਵਾਉਣ ਲਈ ਵੀ ਆਖਿਆ ਅਤੇ ਫਲਾਇੰਗ ਸਕੁਐਡ ਦੀ ਸ਼ਿਕਾਇਤ ’ਤੇ ਆਤਿਸ਼ੀ ਖਿਲਾਫ਼ ਬੀਐਨਸੀ ਧਾਰਾ 223 ਅਤੇ ਆਰਵੀ ਐਕਟ 126 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਤਿਸ਼ੀ ਖਿਲਾਫ਼ ਮਾਮਲਾ ਦਰਜ ਕਰਨ ’ਤੇ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਚੋਣ ਕਮਿਸ਼ਨ ’ਤੇ ਸਵਾਲ ਚੁੱਕੇ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਕੂਲਾਂ ਦਾ ਸਿੱਖਿਆ ਹੋਰ ਉਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ 36 ਸਕੂਲ ਪਿ੍ਰੰਸੀਪਲਾਂ ਨੂੰ ਟੇ੍ਰਨਿੰਗ ਲਈ ਸਿੰਘਾਪੁਰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਹੁਣ ਤੱਕ ਪੰਜਾਬ ਦੇ 198 ਪਿ੍ਰੰਸੀਪਲ ਅਤੇ ਸਿੱਖਿਆ ਅਧਿਕਾਰੀ ਸਿੰਘਾਪੁਰ ਦੀ ਪਿੰ੍ਰਸੀਪਲਜ਼ ਅਕੈਡਮੀ ਤੋਂ ਸਿਖਲਾਈ ਲੈ ਚੁੱਕੇ ਹਨ। ਇਸ ਪ੍ਰੋਗਰਾਮ ਤਹਿਤ ਹੁਣ 36 ਪਿ੍ਰੰਸੀਪਲਾਂ ਦਾ 7ਵਾਂ ਬੈਚ ਮਾਰਚ ਵਿਚ ਸਿੰਗਾਪੁਰ ਭੇਜਿਆ ਜਾਵੇਗਾ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ’ਚ ਵੱਖ-ਵੱਖ ਪੱਧਰਾਂ ’ਤੇ ਕੰਮ ਕਰ ਰਹੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਕੂਲ ਸਿੱਖਿਆ ਪ੍ਰਬੰਧਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਨ ਲਈ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਵਿਖੇ ਇੰਟਰਨੈਸ਼ਨਲ ਐਜੂਕੇਸ਼ਨ ਅਫੇਅਰਜ਼ ਸੈਲ ਸਥਾਪਿਤ ਕੀਤਾ ਗਿਆ ਹੈ।

 

ਕਿਹਾ : ਕੇਂਦਰ ਬਜਟ ’ਚ ਪੰਜਾਬ ਨੂੰ ਅਣਗੌਲਿਆ ਕੀਤਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਇੱਕ ਵਾਰ ਫ਼ਿਰ ਪੰਜਾਬ ਨੂੰ ਅਣਦੇਖਿਆ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ ਨੌਜਵਾਨਾਂ ਨੂੰ ਕੁੱਝ ਨਹੀਂ ਦਿੱਤਾ। ਕੇਂਦਰ ਨੇ ਕਿਸਾਨਾਂ ਨੂੰ ਫ਼ਸਲ ’ਤੇ ਐੱਮਐੱਸਪੀ ਨਹੀਂ ਦਿੱਤੀ ਅਤੇ ਨਾ ਹੀ ਸੂਬੇ ਨੂੰ ਇੰਡਸਟਰੀ ਲਈ ਕੋਈ ਪੈਕੇਜ ਦਿੱਤਾ ਹੈ। ਇਹ ਬਜਟ ਸਿਰਫ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦਾ ਗਿਆ ਹੈ। ਇਸ ਵਿੱਚ ਸਿਰਫ ਬਿਹਾਰ ਸੂਬੇ ਲਈ ਹੀ ਵੱਡੇ ਐਲਾਨ ਕੀਤੇ ਗਏ ਹਨ। ਕਿਉਂਕ ਬਿਹਾਰ ਵਿਚ ਇਸੇ ਸਾਲ ਦੇ ਅਕਤੂਬਰ-ਨਵੰਬਰ ਮਹੀਨੇ ’ਚ ਚੋਣਾਂ ਹੋਣੀਆਂ ਹਨ ਅਤੇ ਇਸ ਬਜਟ ਰਾਹੀਂ ਬਿਹਾਰ ਦੇ ਲੋਕਾਂ ਆਪਣੇ ਵੱਲ ਖਿੱਚਣ ਦੀ ਕੇਂਦਰ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਹਾ ਕਿ ਕੇਂਦਰ ਨੇ ਬਜਟ ’ਚ ਪੰਜਾਬ ਅਤੇ ਪੰਜਾਬੀਆਂ ਨਾਲ ਮਤਰੇਆ ਸਲੂਕ ਕੀਤਾ ਹੈ ਪਰ ਪੰਜਾਬ ਨੂੰ ਅਸੀਂ ਆਪਣੇ ਬਲਬੂਤੇ ਪੈਰਾਂ ਸਿਰ ਖੜ੍ਹਾ ਕਰਕੇ ਰਹਾਂਗੇ।

 

ਕਿਹਾ : ਬਜਟ ਕਾਰਨ ਪੰਜਾਬ ਦੀ ਖੇਤੀਬਾੜੀ ਪਈ ਖ਼ਤਰੇ ਵਿੱਚ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿੱਤੀ ਵਰ੍ਹੇ 2025-26 ਦੇ ਬਜਟ ਵਿੱਚ ਦੇਸ਼ ਦੇ ਇੱਕਸਾਰ ਵਿਕਾਸ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਬਜਟ ਸਿਰਫ਼ ਦਿਖਾਵਾ ਹੈ ਅਤੇ ਇਸ ਵਿਚ ਪੰਜਾਬ ਲਈ ਕੁੱਝ ਵੀ ਨਹੀਂ। ਇਸ ਵਿਚ ਸਿਰਫ ਚੋਣਾਂ ਵਾਲੇ ਰਾਜਾਂ ’ਤੇ ਹੀ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਅਤੇ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਸਮੇਤ ਹੋਰ ਮੰਗਾਂ ਨੂੰ ਅਣਗੌਲਿਆਂ ਕਰ ਕੇ ਖੇਤੀਬਾੜੀ ਅਰਥਚਾਰੇ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਕੇਂਦਰ ਨੇ ਬਜਟ ਵਿੱਚ ਸਾਰਾ ਜ਼ੋਰ ਬਿਹਾਰ ਤੇ ਅਸਾਮ ’ਤੇ ਲਗਾ ਦਿੱਤਾ ਹੈ, ਜਦਕਿ ਪੰਜਾਬ ਵਰਗੇ ਅਹਿਮ ਸੂਬਿਆਂ ਨੂੰ ਕੁੱਝ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਪੀਐੱਮ ਫਸਲ ਬੀਮਾ ਯੋਜਨਾ ਬਾਰੇ ਵੀ ਕੁਝ ਨਹੀਂ ਕਿਹਾ ਗਿਆ ਅਤੇ ਕਿਸਾਨਾਂ ਨੂੰ ਝੋਨੇ ਦੇ ਫਸਲੀ ਚੱਕਰ ’ਚੋਂ ਕੱਢਣ ਵਾਸਤੇ ਵੀ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.