Friday, 19 June 2026

ਚੰਡੀਗੜ੍ਹ : ਪੰਜਾਬ ਸੂਬੇ ਦੇ ਪ੍ਰਸਿੱਧ ‘ਪੰਜਾਬੀ ਵਿਰਸਾ ਟਰੱਸਟ’ ਨੇ ਸਾਲ 2024 ਦਾ ‘ਮਾਣ-ਮੱਤਾ ਪੱਤਰਕਾਰ ਪੁਰਸਕਾਰ’  ਪ੍ਰਸਿੱਧ ਅਰਥ ਸ਼ਾਸਤਰੀ ਅਤੇ ਕਾਲਮਨਵੀਸ ਡਾ. ਰਣਜੀਤ ਸਿੰਘ ਘੁੰਮਣ ਤੇ ਪੰਜਾਬ ਅਤੇ ਲੋਕਪੱਖੀ ਪੱਤਰਕਾਰੀ ਕਰਨ ਵਾਲੇ ਦੀਪਕ ਸ਼ਰਮਾ ਚਨਾਰਥਲ ਨੂੰ ਦੇਣ ਦਾ ਐਲਾਨ ਕੀਤਾ। ਇਸ 9ਵੇਂ ਪੁਰਸਕਾਰ ਭੇਟ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ‘ਪੰਜਾਬੀ ਵਿਰਸਾ ਟਰੱਸਟ (ਰਜਿ.)’ ਦੇ ਜਨਰਲ ਸਕੱਤਰ ਪਿ੍ਰੰ. ਗੁਰਮੀਤ ਸਿੰਘ ਪਲਾਹੀ ਨੇ ਆਖਿਆ ਕਿ ਇਹ ਪੁਰਸਕਾਰ ਇਨ੍ਹਾਂ ਦੋਵੇਂ ਸਖਸ਼ੀਅਤਾਂ ਨੂੰ ਆਉਂਦੀ 23 ਫਰਵਰੀ 2025, ਦਿਨ ਐਤਵਾਰ ਨੂੰ ਫਗਵਾੜਾ ਸ਼ਹਿਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਭੇਂਟ ਕੀਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਇਸ ਪੱਤਰਕਾਰੀ ਪੁਰਸਕਾਰ ਦੌਰਾਨ ਇਕ ਮਾਣ ਪੱਤਰ, ਸਨਮਾਨ ਚਿੰਨ੍ਹ, ਲੋਈ ਅਤੇ ਨਕਦ ਰਾਸ਼ੀ ਭੇਟ ਕੀਤੀ ਜਾਵੇਗੀ। ਧਿਆਨ ਰਹੇ ਕਿ ਡਾ. ਰਣਜੀਤ ਸਿੰਘ ਘੁੰਮਣ ਜਿੱਥੇ ਆਰਥਿਕ ਵਿਸ਼ਿਆਂ ਦੇ ਮਾਹਿਰ ਹਨ, ਉਥੇ ਪੰਜਾਬ ਦੀ ਆਰਥਿਕਤਾ ਨੂੰ ਅਤੇ ਪੰਜਾਬ ਦੀ ਕਿਸਾਨੀ ਨੂੰ ਪੈਰਾਂ ਸਿਰ ਕਰਨ ਲਈ ਉਹ ਆਪਣੀ ਕਲਮ ਰਾਹੀਂ ਅਤੇ ਵੱਖ-ਵੱਖ ਪਲੇਟ ਫਾਰਮਾਂ ਰਾਹੀਂ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸੇ ਤਰ੍ਹਾਂ ਨਾਮਵਰ ਪੱਤਰਕਾਰ, ਕਵੀ ਅਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਵੀ ਧਰਾਤਲ ਦੀ ਪੱਤਰਕਾਰੀ ਕਰਦੇ ਹਨ। ਪੰਜਾਬ ਅਤੇ ਪੰਜਾਬੀਅਤ ਨੂੰ ਕੇਂਦਰ ਵਿਚ ਰੱਖ ਕੇ ਉਨ੍ਹਾਂ ਦੀ ਪੱਤਰਕਾਰੀ ਹਮੇਸ਼ਾ ਲੋਕਪੱਖੀ ਰਹੀ ਹੈ। ਮਾਂ ਬੋਲੀ ਪੰਜਾਬੀ ਦੇ ਸਨਮਾਨ ਦੀ ਬਹਾਲੀ ਖਾਤਰ ਵੀ ਦੀਪਕ ਸ਼ਰਮਾ ਚਨਾਰਥਲ ਆਪਣਾ ਬਣਦਾ ਅਹਿਮ ਰੋਲ ਨਿਭਾਅ ਰਹੇ ਹਨ। ਉਕਤ ਦੋਵੇਂ ਸਖਸ਼ੀਅਤਾਂ ਵੱਲੋਂ ਪੱਤਰਕਾਰੀ ਦੇ ਖੇਤਰ ਵਿਚ ਨਿਭਾਈ ਜਾਂਦੀ ਉਸਾਰੂ ਭੂਮਿਕਾ ਸਦਕਾ ਹੀ ਉਨ੍ਹਾਂ ਦੀ ਚੋਣ ‘ਪੰਜਾਬੀ ਵਿਰਸਾ ਟਰੱਸਟ’ ਵੱਲੋਂ ਪੱਤਰਕਾਰੀ ਪੁਰਸਕਾਰ ਲਈ ਕੀਤੀ ਗਈ ਹੈ।

ਡਾ. ਰਣਜੀਤ ਸਿੰਘ ਘੁੰਮਣ ਅਤੇ ਦੀਪਕ ਸ਼ਰਮਾ ਚਨਾਰਥਲ ਨੂੰ ਸਾਲ 2024 ਦੇ ਪੱਤਰਕਾਰੀ ਪੁਰਸਕਾਰ ਲਈ ਚੁਣੇ ਜਾਣ ਸਬੰਧੀ ਫ਼ੈਸਲਾ ਪੰਜਾਬੀ ਵਿਰਸਾ ਟਰੱਸਟ ਵੱਲੋਂ ਬਣਾਈ ਚੋਣ ਕਮੇਟੀ, ਜਿਸ ਵਿੱਚ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ, ਲੇਖਕ ਡਾ.ਲਖਵਿੰਦਰ ਸਿੰਘ ਜੌਹਲ, ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ, ਕਾਲਮਨਵੀਸ ਪਿ੍ਰੰ. ਗੁਰਮੀਤ ਸਿੰਘ ਪਲਾਹੀ ਆਦਿ ਨੇ ਸਰਬਸੰਮਤੀ ਨਾਲ ਲਿਆ। 

23 ਫਰਵਰੀ 2025 ਨੂੰ ਫਗਵਾੜਾ ਵਿਖੇ ਹੋਣ ਵਾਲਾ ਇਹ ਸਨਮਾਨ ਸਮਾਰੋਹ ਪੰਜਾਬ ਚੇਤਨਾ ਮੰਚ ਦੇ ਸਹਿਯੋਗ ਨਾਲ ਹੋਏਗਾ ਅਤੇ ਡਾ.ਰਣਜੀਤ ਸਿੰਘ ਘੁੰਮਣ ‘‘ਪੰਜਾਬ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ’’ ਵਿਸ਼ੇ ’ਤੇ ਇਸ ਸਮੇਂ ਵਿਚਾਰ ਪੇਸ਼ ਕਰਨਗੇ। ਪਿ੍ਰੰ. ਗੁਰਮੀਤ ਸਿੰਘ ਪਲਾਹੀ ਜਨਰਲ ਸਕੱਤਰ ਨੇ ਦੱਸਿਆ ਕਿ  ਪਹਿਲਾ 2016 ਵਿੱਚ ਸ.ਨਰਪਾਲ ਸਿੰਘ ਸ਼ੇਰਗਿੱਲ ਅਤੇ ਪ੍ਰੋ. ਜਸਵੰਤ ਸਿੰਘ ਗੰਡਮ ਨੂੰ, ਦੂਜਾ 2017 ਵਿੱਚ ਪ੍ਰੋ. ਪਿਆਰਾ ਸਿੰਘ ਭੋਗਲ ਅਤੇ ਸ਼੍ਰੀ ਠਾਕਰ ਦਾਸ ਚਾਵਲਾ ਨੂੰ,  ਤੀਜਾ 2018 ਵਿੱਚ ਡਾ. ਸਵਰਾਜ ਸਿੰਘ ਅਤੇ ਸ. ਆਈ.ਪੀ. ਸਿੰਘ ਨੂੰ, ਚੌਥਾ 2019 ਵਿਚ ਡਾ. ਗਿਆਨ ਸਿੰਘ ਅਤੇ ਸ.ਅਵਤਾਰ ਸਿੰਘ ਸ਼ੇਰਗਿੱਲ ਨੂੰ, ਪੰਜਵਾਂ 2020 ਵਿੱਚ ਡਾ.ਐਸ.ਐਸ.ਛੀਨਾ ਅਤੇ ਸ੍ਰ:ਗੁਰਚਰਨ ਸਿੰਘ ਨੂਰਪੁਰ ਨੂੰ, ਛੇਵਾਂ 2021 ਵਿੱਚ ਸ੍ਰ: ਸਤਨਾਮ ਸਿੰਘ ਮਾਣਕ ਅਤੇ ਸ੍ਰ: ਚਰਨਜੀਤ ਸਿੰਘ ਭੁੱਲਰ ਨੂੰ, ਸੱਤਵਾਂ 2022 ਵਿੱਚ ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਅਤੇ ਡਾ. ਸ਼ਿਆਮ ਸੁੰਦਰ ਦੀਪਤੀ ਨੂੰ, ਅੱਠਵਾਂ 2023 ਵਿੱਚ ਸ: ਕੁਲਦੀਪ ਸਿੰਘ ਬੇਦੀ ਅਤੇ ਸ਼੍ਰੀਮਤੀ ਰਚਨਾ ਖਹਿਰਾ ਨੂੰ ਇਹ ਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਦਾਨ ਕੀਤਾ ਜਾ ਚੁੱਕਾ ਹੈ।   

  

 

  

ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮਹਾਂ ਪੰਚਾਇਤਾਂ ’ਚ ਸ਼ਾਮਲ ਹੋਣ ਦੀ ਕੀਤੀ ਜਾ ਰਹੀ ਹੈ ਅਪੀਲ

ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਕੁੱਝ ਦਿਨਾਂ ਮਗਰੋਂ ਇਕ ਸਾਲ ਪੂਰਾ ਹੋ ਜਾਵੇਗਾ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਜਥੇਬੰਦੀਆਂ ਨੇ 11 ਤੋਂ 13 ਫਰਵਰੀ ਤੱਕ ਤਿੰਨ ਮਹਾਂ ਪੰਚਾਇਤਾਂ ਕਰਨ ਦਾ ਫੈਸਲਾ ਕੀਤਾ ਹੈ। ਮਹਾਂ ਪੰਚਾਇਤਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਇਕੱਠੇ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕਜੁੱਟ ਕੀਤਾ ਜਾ ਰਿਹਾ ਹੈ। ਮਹਾਂ ਪੰਚਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਟਰੈਕਟਰ ਟਰਾਲੀਆਂ ਅਤੇ ਰਾਸ਼ਨ ਸਮੇਤ ਦੋਵੇਂ ਬਾਰਡਰਾਂ ’ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਬਾਰਡਰ ’ਤੇ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ 73ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਤੋਂ ਇਲਾਵਾ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਇਕ ਮੀਟਿੰਗ ਵੀ ਹੋਣ ਜਾ ਰਹੀ ਹੈ।

ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਅੰਮਿ੍ਰਤਸਰ ਏਅਰਪੋਰਟ ’ਤੇ ਪੁੱਜੇ 104 ਭਾਰਤੀ

ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਦੀ ਅੱਜ ਵਤਨ ਵਾਪਸੀ ਹੋ ਗਈ ਹੈ। ਅਮਰੀਕੀ ਫੌਜ ਦਾ ਜ਼ਹਾਜ਼ ਸੀ-17 ਇਨ੍ਹਾਂ ਭਾਰਤੀਆਂ ਨੂੰ ਲੈ ਕੇ ਅੰਮਿ੍ਰਤਸਰ ਏਅਰਪੋਰਟ ’ਤੇ ਪਹੰੁਚਿਆ। ਡਿਪੋਰਟ ਹੋ ਕੇ ਵਤਨ ਪਹੁੰਚਣ ਵਾਲਿਆਂ ’ਚ ਪੰਜਾਬ ਦੇ 30, ਹਰਿਆਣਾ ਅਤੇ ਗੁਜਰਾਤ ਦੇ 33-33, ਮਹਾਰਾਸ਼ਟਰ ਦੇ 3 ਜਦਕਿ ਯੂਪੀ ਅਤੇ ਚੰਡੀਗੜ੍ਹ ਦੇ 2-2 ਵਿਅਕਤੀ ਸ਼ਾਮਲ ਹਨ। ਏਅਰਪੋਰਟ ’ਤੇ ਵੈਰੀਫਿਕੇਸ਼ਨ, ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀਆਂ ਦੀ ਕਲੀਅਰੈਂਸ ਤੋਂ ਬਾਅਦ ਇਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਇਨ੍ਹਾਂ ਨੂੰ ਬੱਸਾਂ ਰਾਹੀਂ ਆਪਣੇ-ਆਪਣੇ ਟਿਕਾਣੇ ’ਤੇ ਭੇਜੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 205 ਭਾਰਤੀ ਨੂੰ ਡਿਪੋਰਟ ਕਰਨ ਦੀ ਖਬਰ ਸਾਹਮਣੇ ਆਈ ਸੀ ਪ੍ਰੰਤੂ ਅੱਜ 104 ਭਾਰਤੀ ਹੀ ਅੰਮਿ੍ਰਤਸਰ ਏਅਰਪੋਰਟ ’ਤੇ ਪਹੁੰਚੇ। ਬਾਕੀ ਬਚੇ ਭਾਰਤੀਆਂ ਨੂੰ ਕਦੋਂ ਡਿਪੋਰਟ ਕੀਤਾ ਜਾਵੇਗਾ ਇਸ ਸਬੰਧੀ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਧਿਆਨ ਰਹੇ ਕਿ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ’ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਡਿਪੋਰਟ ਕਰਨ ਦਾ ਹੁਕਮ ਦਿੱਤਾ ਸੀ।

ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਅੱਜ ਵੋਟਾਂ ਪਾਉਣ ਦਾ ਕੰਮ ਛੋਟੀਆਂ-ਮੋਟੀਆਂ ਝੜਪਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਜਦਕਿ ‘ਆਪ’ ਅਤੇ ਭਾਜਪਾ ਨੇ ਇਕ-ਦੂਜੇ ’ਤੇ ਫਰਜੀ ਵੋਟਾਂ ਪਾਉਣ ਦੇ ਆਰੋਪ ਵੀ ਲਗਾਏ।  ਇਨ੍ਹਾਂ ਚੋਣਾਂ ਦੇ ਨਤੀਜੇ ਆਉਂਦੀ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਵਿਧਾਨ ਸਭਾ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦਰਮਿਆਨ ਦੇਖਿਆ ਜਾ ਰਿਹਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਲਈ ਇਹ ਚੋਣਾਂ ਪ੍ਰੀਖਿਆ ਦੀ ਘੜੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ’ਤੇ ਪਿਛਲੇ 10 ਸਾਲਾਂ ਤੋਂ ਲਗਾਤਾਰ ਕਾਬਜ਼ ਚੱਲੀ ਆ ਰਹੀ ਹੈ। ਜਦਕਿ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਦਿੱਲੀ ਵਿਧਾਨ ਸਭਾ ਦਾ ਕਾਰਜਕਾਲ ਵੀ ਫਰਵਰੀ ਮਹੀਨੇ ਹੀ ਖਤਮ ਹੋਣ ਜਾ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਪਹਿਲਾਂ ਦਿੱਲੀ ਵਿਚ ਨਵੀਂ ਸਰਕਾਰ ਬਣ ਜਾਵੇਗੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.