Friday, 19 June 2026

ਕਿਹਾ : ਸਰਕਾਰ ਨੇ ਬਜਟ ਰਾਹੀਂ ਮੱਧ ਵਰਗੀ ਲੋਕਾਂ ਦੀ ਅਵਾਜ਼ ਸੁਣੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਬਰਾਹਿਮ ਲਿੰਕਨ ਦੇ ਇਕ ਕਥਨ ਦੀ ਵਿਆਖਿਆ ਕਰਦੇ ਹੋਏ ਅੱਜ ਕੇਂਦਰੀ ਬਜਟ ਨੂੰ ‘ਲੋਕਾਂ ਵੱਲੋਂ, ਲੋਕਾਂ ਲਈ, ਲੋਕਾਂ ਦਾ’ ਬਜਟ ਦੱਸਿਆ। ਉਨ੍ਹਾਂ ਕਿਹਾ ਕਿ ਟੈਕਸਾਂ ਵਿੱਚ ਕਟੌਤੀ ਦਾ ਵਿਚਾਰ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੀ, ਪਰ ਇਸ ਲਈ ਨੌਕਰਸ਼ਾਹਾਂ ਨੂੰ ਮਨਾਉਣ ਵਿੱਚ ਸਮਾਂ ਲੱਗਾ। ਵਿੱਤ ਮੰਤਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਬਜਟ ਰਾਹੀਂ ਮੱਧ ਵਰਗ ਦੀ ਆਵਾਜ਼ ਸੁਣੀ ਹੈ, ਜੋ ਇਮਾਨਦਾਰ ਟੈਕਸਦਾਤਾ ਹੋਣ ਦੇ ਬਾਵਜੂਦ ਆਪਣੀਆਂ ਇੱਛਾਵਾਂ ਪੂਰੀਆਂ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਸਨ। ਜਿਕਰਯੋਗ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ 1 ਫਰਵਰੀ ਨੂੰ ਆਮ ਬਜਟ  ਪੇਸ਼ ਕੀਤਾ ਗਿਆ ਸੀ। ਬਜਟ ਦੌਰਾਨ ਟੈਕਸ ਭਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਗਈ ਸੀ।

 

ਫਾਈਨਲ ਮੁਕਾਬਲੇ ’ਚ ਦੱਖਣੀ ਅਫ਼ਰੀਕਾ ਨੂੰ 9 ਵਿਕਟਾਂ ਨਾਲ ਹਰਾਇਆ

ਕੁਆਲਾਲੰਪੁਰ/ਬਿਊਰੋ ਨਿਊਜ਼ : ਭਾਰਤ ਨੇ ਇਕਤਰਫ਼ਾ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤ ਨੇ ਦੱਖਣੀ ਅਫ਼ਰੀਕਾ ਵੱਲੋਂ ਦਿੱਤੇ 83 ਦੌੜਾਂ ਦੇ ਟੀਚੇ ਨੂੰ 52 ਗੇਂਦਾਂ ਬਾਕੀ ਰਹਿੰਦਿਆਂ 11.2 ਓਵਰਾਂ ਵਿਚ ਇਕ ਵਿਕਟ ’ਤੇ 84 ਦੌੜਾਂ ਬਣਾ ਕੇ ਪੂਰਾ ਕੀਤਾ। ਭਾਰਤ ਬਿਨਾਂ ਕੋਈ ਵਿਕਟ ਗੁਆਇਆਂ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਟੀਮ ਵੀ ਬਣਿਆ। ਗੋਂਗਾਡੀ ਤਿ੍ਰਸ਼ਾ 33 ਗੇਂਦਾਂ ਉੱਤੇ ਨਾਬਾਦ 44 ਦੌੜਾਂ ਬਣਾ ਕੇ ਭਾਰਤ ਲਈ ਟੌਪ ਸਕੋਰਰ ਰਹੀ। ਸਾਨਿਕਾ ਚਾਲਕੇ ਨੇ ਵੀ 22 ਗੇਂਦਾਂ ਵਿਚ ਨਾਬਾਦ 26 ਦੌੜਾਂ ਬਣਾਈਆਂ। ਦੋਵਾਂ ਨੇ ਦੂਜੇ ਵਿਕਟ ਲਈ 48 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਇਸ ਤੋਂ ਪਹਿਲਾਂ ਤਿ੍ਰਸ਼ਾ ਨੇ ਗੇਂਦਬਾਜ਼ੀ ਵਿਚ ਵੀ ਕਮਾਲ ਦਿਖਾਇਆ ਤੇ 15 ਦੌੜਾਂ ਬਦਲੇ ਤਿੰਨ ਵਿਕਟ ਲਏ। ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ਵਿਚ 82 ਦੌੜਾਂ ’ਤੇ ਸਿਮਟ ਗਈ। ਹੋਰਨਾਂ ਗੇਂਦਬਾਜ਼ਾਂ ਵਿਚ ਪਾਰੂਨਿਕਾ ਸਿਸੋਦੀਆ ਨੇ 6 ਦੌੜਾਂ ਬਦਲੇ 2 ਵਿਕਟ, ਆਯੂਸ਼ੀ ਸ਼ੁਕਲਾ ਨੇ ਨੌਂ ਦੌੜਾਂ ’ਤੇ 2 ਤੇ ਵੈਸ਼ਨਵੀ ਸ਼ਰਮਾ ਨੇ 23 ਦੌੜਾਂ ਬਦਲੇ ਦੋ ਵਿਕਟ ਲਏ। ਦੱਖਣੀ ਅਫਰੀਕਾ ਦੀ ਕਪਤਾਨ ਕਾਇਲਾ ਰੇਨੇਕੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਅਫਰੀਕੀ ਟੀਮ ਨੇ ਨਿਯਮਤ ਵਕਫੇ ਉੱਤੇ ਵਿਕਟ ਗੁਆਏ। ਟੀਮ ਲਈ ਮਾਇਕੀ ਵਾਨ ਵੂਸਟਰ ਨੇ ਸਭ ਤੋਂ ਵੱਧ 23 ਦੌੜਾਂ ਬਣਾਈਆਂ। ਟੀਮ ਦੇ ਸਿਰਫ਼ ਚਾਰ ਬੱਲੇਬਾਜ਼ ਦੋਹਰੇ ਅੰਕੜੇ ’ਤੇ ਪਹੁੰਚੇ ਤੇ ਜਦੋਂਕਿ ਚਾਰ ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ।  

ਕਿਹਾ : ਬਜਟ ਦੌਰਾਨ ਪੰਜਾਬ ਲਈ ਕੁੱਝ ਨਹੀਂ ਰੱਖਿਆ ਗਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਵਲੋਂ ਅੱਜ ਬਜਟ ਪੇਸ਼ ਕੀਤਾ ਗਿਆ, ਜਿਸ ਵਿਚ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਗਿਆ, ਜਿਸ ਦੇ ਚਲਦੇ ਪੰਜਾਬ ਅਤੇ ਹਰ ਪੰਜਾਬੀ ਬੇਹੱਦ ਨਿਰਾਸ਼ ਹੈ  ਉਨ੍ਹਾਂ ਕਿਹਾ ਕਿ ਪ੍ਰੀ-ਬਜਟ ਮੀਟਿੰਗ ਵਿਚ ਉਨ੍ਹਾਂ ਵਲੋਂ ਸ਼ਿਰਕਤ ਕਰਦੇ ਹੋਏ ਪੰਜਾਬ ਲਈ ਜੋ ਵੀ ਮੰਗ ਕੀਤੀ ਗਈ ਸੀ, ਚਾਹੇ ਉਹ ਕਿਸਾਨਾਂ ਨਾਲ ਸਬੰਧਤ ਹੋਵੇ, ਪਰਾਲੀ ਦਾ ਹੱਲ, ਆਰ.ਡੀ.ਐੱਫ. ਸਮੇਤ ਕਈ ਹੋਰ ਮਸਲੇ ਰੱਖੇ ਸਨ ਜਿਨ੍ਹਾਂ ਵਿਚੋਂ ਕੇਂਦਰ ਸਰਕਾਰ ਨੇ ਇਕ ਵੀ ਮੰਗ ਨਹੀਂ ਮੰਨੀ, ਜਿਸ ਤੋਂ ਸਾਫ ਹੋ ਗਿਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। 

ਵਿਰੋਧੀ ਪਾਰਟੀਆਂ ਨੇ ਬਜਟ ਨੂੰ ਭੰਡਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਬਜਟ 2025 ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਕੋਈ ਤੁਹਾਡੀ ਪ੍ਰਸ਼ੰਸਾ ਕਰ ਰਿਹਾ ਹੈ ਕਿ ਬਜਟ ਬਹੁਤ ਵਧੀਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਬਜਟ ਆਮ ਨਾਗਰਿਕਾਂ ਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਬਜਟ ਦਾ ਫੋਕਸ ਇਸ ਗੱਲ ’ਤੇ ਰਹਿੰਦਾ ਹੈ ਕਿ ਸਰਕਾਰ ਆਪਣਾ ਖਜ਼ਾਨਾ ਕਿਵੇਂ ਭਰੇਗੀ? ਪਰ ਇਹ ਬਜਟ ਉਸ ਦੇ ਬਿਲਕੁੱਲ ਉਲਟ ਹੈ। ਇਹ ਬਜਟ ਦੇਸ਼ ਦੇ ਨਾਗਰਿਕਾਂ ਦੀ ਜੇਬ ਕਿਵੇਂ ਭਰੇਗਾ, ਦੇਸ਼ ਦੇ ਨਾਗਰਿਕਾਂ ਦੀ ਬਚਤ ਕਿਵੇਂ ਹੋਵੇਗੀ ਅਤੇ ਉਹ ਦੇਸ਼ ਦੇ ਵਿਕਾਸ ਵਿਚ ਕਿਵੇਂ ਭਾਗੀਦਾਰ ਬਣਗੇ, ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ ਸੁਧਾਰ ਵੱਲ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਪਰਮਾਣੂ ਊਰਜਾ ਵਿਚ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਬਹੁਤ ਇਤਿਹਾਸਕ ਹੈ। ਬਜਟ ਵਿਚ ਰੁਜ਼ਗਾਰ ਦੇ ਸਾਰੇ ਖੇਤਰਾਂ ਨੂੰ ਹਰ ਤਰ੍ਹਾਂ ਨਾਲ ਤਰਜੀਹ ਦਿੱਤੀ ਗਈ ਹੈ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਬਜਟ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਬਜਟ ਨੂੰ ਖੂਬ ਭੰਡਿਆ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਪੇਸ਼ ਕੀਤੇ ਗਏ ਬਜਟ ਵਿਚ ਆਮ ਜਨਤਾ ਲਈ ਕੁੱਝ ਵੀ ਨਹੀਂ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.