Friday, 19 June 2026

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦੀ ਕਾਪੀ ਰਾਸ਼ਟਰਪਤੀ ਨੂੰ ਸੌਂਪੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵਿੱਤੀ ਸਾਲ 2025-26 ਲਈ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਤਰਾਲੇ ਵਿਚਲੇ ਆਪਣੇ ਹੋਰਨਾਂ ਅਧਿਕਾਰੀਆਂ ਤੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੂੰ ਨਾਲ ਲੈ ਕੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕੀਤੀ ਤੇ ਰਵਾਇਤ ਵਜੋਂ ਕੇਂਦਰੀ ਬਜਟ ਦੀ ਇਕ ਕਾਪੀ ਉਨ੍ਹਾਂ ਨੂੰ ਸੌਂਪੀ। ਵਿੱਤ ਮੰਤਰੀ ਸੀਤਾਰਮਨ ਸਵੇਰੇ 11 ਵਜੇ ਸੰਸਦ ਵਿਚ ਕੇਂਦਰੀ ਬਜਟ ਪੇਸ਼ ਕਰਨਗੇ। ਉਂਜ ਸਾਢੇ ਦਸ ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰੀ ਕੈਬਨਿਟ ਦੀ ਬੈਠਕ ਹੋਵੇਗੀ, ਜਿਸ ਵਿਚ ਕੇਂਦਰੀ ਬਜਟ ਨੂੰ ਰਸਮੀ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਦੌਰਾਨ ਕੇਂਦਰੀ ਬਜਟ ਦੀਆਂ ਕਾਪੀਆਂ ਸੰਸਦ ਭਵਨ ਪਹੁੰਚ ਗਈਆਂ ਹਨ।   

  

  

ਕਰਾਸ ਵੋਟਿੰਗ ਨਾਲ ਚੋਣ ਜਿੱਤੀ ਭਾਜਪਾ ਉਮੀਦਵਾਰ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਮੇਅਰ ਬਣ ਗਈ ਹੈ। ਅੱਜ ਹੋਈ ਕਰਾਸ ਵੋਟਿੰਗ ਦੌਰਾਨ ਉਨ੍ਹਾਂ ਦੋ ਵੋਟਾਂ ਨਾਲ ਚੋਣ ਜਿੱਤੀ। ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਨੂੰ 19 ਵੋਟ ਮਿਲੇ ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਗੱਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟ ਮਿਲੇ। ਧਿਆਨ ਰਹੇ ਕਿ ਭਾਜਪਾ ਕੋਲ ਸਿਰਫ਼ 16 ਕੌਂਸਲਰਾਂ ਦਾ ਸਮਰਥਨ ਸੀ ਜਦਕਿ ‘ਆਪ’ ਦੇ 13 ਅਤੇ ਕਾਂਗਰਸ ਦੇ 6 ਕੌਂਸਲਰਾਂ ਸਮੇਤ ਇਕ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਵੋਟ ਸਣੇ 20 ਵੋਟਾਂ ਨਾਲ ਪੂਰਨ ਬਹੁਮਤ ਸੀ। ਪਰ ਇਸ ਦੇ ਬਾਵਜੂਦ ਵੀ ‘ਆਪ’ ਅਤੇ ਕਾਂਗਰਸ ਗੱਠਜੋੜ ਦੀ ਉਮੀਦਵਾਰ ਮੇਅਰ ਦੀ ਚੋਣ ਹਾਰ ਗਈ। ਜਦਕਿ ਡਿਪਟੀ ਮੇਅਰ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਬੰਟੀ ਚੁਣੇ ਗਏ ਹਨ ਇਸੇ ਤਰ੍ਹਾਂ ਕਾਂਗਰਸ ਦੀ ਤਰੁਣਾ ਮਹਿਤਾ ਡਿਪਟੀ ਮੇਅਰ ਚੁਣੀ ਗਈ।

ਕਿਹਾ : ਸਰਕਾਰ ਆਪਣੇ ਨਿੱਜੀ ਹਿਤਾਂ ਲਈ ਡੇਰਾ ਮੁਖੀ ਨੂੰ ਦਿੰਦੀ ਹੈ ਵਾਰ-ਵਾਰ ਪੈਰੋਲ

ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਸਰਕਾਰ ਵਲੋਂ ਦਿੱਤੀ ਜਾ ਰਹੀ ਪੈਰੋਲ ਦਾ ਤਿੱਖਾ ਵਿਰੋਧ ਕੀਤਾ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਡੇਰਾ ਮੁਖੀ ਵਰਗੇ ਸੰਗੀਨ ਅਪਰਾਧੀ ਨੂੰ ਵਾਰ-ਵਾਰ ਪੈਰੋਲ ਦੇ ਕੇ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾਅ ਨਾ ਕਰਕੇ ਸਿੱਖਾਂ ਨੂੰ ਦੇਸ਼ ਅੰਦਰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਗੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਸਰਕਾਰ ਵਲੋਂ ਆਪਣੇ ਰਾਜਨੀਤਕ ਹਿਤਾਂ ਲਈ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਅਤੇ ਕਾਨੂੰਨ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਹਨ ਅਤੇ ਸਰਕਾਰ ਉਨ੍ਹਾਂ ਨੂੰ ਰਿਹਾਅ ਕਰਨ ਤੋਂ ਮੁਨਕਰ ਹੋ ਰਹੀ ਹੈ। ਦੂਜੇ ਪਾਸੇ  ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣੀ ਦੇਸ਼ ਦੀ ਜ਼ਮਹੂਰੀਅਤ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। 

ਸੂਬਾ ਸਰਕਾਰ ਨੇ ਗੱਡੀ ਦੀ ਨੰਬਰ ਪਲੇਟ ਨੂੰ ਦੱਸਿਆ ਫਰਜੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਸਟੀਕਰ ਵਾਲੀ ਕਾਰ ਜ਼ਬਤ ਕੀਤੀ ਗਈ ਹੈ। ਪੁਲਿਸ ਵੱਲੋਂ ਜਬਤ ਕੀਤੀ ਗਈ ਕਾਰ ਪੀਬੀ 35 ਏਈ 1342 ਵਿਚੋਂ ਆਮ ਆਦਮੀ ਪਾਰਟੀ ਦੇ ਬੈਨਰਾਂ ਸਮੇਤ ਪੈਸੇ ਅਤੇ ਸ਼ਰਾਬ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਜਦਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਆਰੋਪਾਂ ਨੂੰ ਬਿਲਕੁਲ ਗਲਤ ਦੱਸਿਆ ਹੈ ਅਤੇ ਗੱਡੀ ’ਤੇ ਲੱਗੀ ਨੰਬਰ ਪਲੇਟ ਨੂੰ ਫਰਜ਼ੀ ਦੱਸਿਆ ਹੈ। ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਦਿੱਲੀ ’ਚ ਫੜੀ ਗਈ ਗੱਡੀ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਮ ’ਤੇ ਰਜਿਸਟਰਡ ਹੈ। ਜੋ ਤਿੰਨ ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋਟ ’ਚ ਤਾਇਨਾਤ ਸਨ ਅਤੇ ਉਹ ਖੜਕੀ ਮਹਾਰਾਸ਼ਟਰ ਦੇ ਨਿਵਾਸੀ ਹਨ। ਪੀਬੀ 35 ਏਈ 1342 ਨੰਬਰ ’ਤੇ ਰਜਿਸਟਰਡ ਕਾਰ ਫੋਰਡ ਦੀ ਈਕੋ ਸਪੋਰਟਸ 2018 ਮਾਡਲ ਹੈ ਜਦਕਿ ਦਿੱਲੀ ਪੁਲਿਸ ਵੱਲੋਂ ਫੜੀ ਗਈ ਹੁੰਡਈ ਦੀ ਕਰੇਟਾ ਕਾਰ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਫੜੀ ਗਈ ਕਾਰ ਦਾ ਪੰਜਾਬ ਸਰਕਾਰ ਨਾਲ ਕੋਈ ਸਬੰਧ ਨਹੀਂ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.