Friday, 19 June 2026

ਖਨੌਰੀ ਬਾਰਡਰ ’ਤੇ 111 ਕਿਸਾਨਾਂ ਜਥਾ ਮਰਨ ਵਰਤ ’ਤੇ ਬੈਠਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਪਿਛਲੇ 51 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਬੰਧੀ ਪੰਜਾਬ ਸਰਕਾਰ ਕੋਲੋਂ ਤੁਲਨਾਤਮਕ ਰਿਪੋਰਟ ਮੰਗ ਲਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਨਾਲ ਜੁੜੀਆਂ ਪਹਿਲੀਆਂ ਅਤੇ ਹੁਣ ਦੀਆਂ ਤਾਜ਼ੀਆਂ ਸਾਰੀਆਂ ਮੈਡੀਕਲ ਰਿਪੋਰਟ ਅਗਲੀ ਸੁਣਵਾਈ ਦੌਰਾਨ ਕੋਰਟ ਨੂੰ ਸੌਂਪੀਆਂ ਜਾਣ। ਡੱਲੇਵਾਲ ਮਾਮਲੇ ਨੂੰ ਲੈ ਕੇ ਅੱਜ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਨ ਕੇ ਸਿੰਘ ਦੀ ਬੈਂਚ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਲੇ ਕਿਹਾ ਕਿ ਡੱਲੇਵਾਲ ਨੂੰ ਡਾਕਟਰੀ ਮਦਦ ਦੇ ਮਾਮਲੇ ’ਚ ਪ੍ਰੋਗਰੈਸ ਹੋ ਰਹੀ ਹੈ ਅਤੇ ਸਾਡੀ ਟੀਮ ਉਨ੍ਹਾਂ ਤੋਂ ਸਿਰਫ਼ 10 ਮੀਟਰ ਦੀ ਦੂਰੀ ’ਤੇ ਹੈ। ਜਸਟਿਸ ਸੂਰਿਆ ਕਾਂਤ ਨੇ ਪੁੱਛਿਆ ਕਿ ਤੁਸੀਂ ਕਹਿ ਰਹੇ ਹੋ ਕਿ ਡੱਲੇਵਾਲ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ ਅਤੇ ਡਾਕਟਰ ਉਥੇ ਮੌਜੂਦ ਹਨ। ਉਧਰ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਨਾਲ 111 ਕਿਸਾਨਾਂ ਦਾ ਜਥਾ ਅੱਜ ਤੋਂ ਮਰਨ ਵਰਤ ’ਤੇ ਬੈਠ ਗਿਆ ਹੈ।

 

ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਨੂੰ ਦਿੱਤਾ ਗਿਆ ‘ਰਨ ਬਾਸ ਦਾ ਪੈਲੇਸ’ ਦਾ ਨਾਂ

ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ’ਚ ਸੂਬੇ ਦੇ ਪਹਿਲੇ ਲਗਜ਼ਰੀ ਹੋਟਲ ‘ਰਨ ਬਾਸ ਦਾ ਪੈਲੇਸ’ ਦੀ ਸਥਾਪਨਾ ਕੀਤੀ ਗਈ। ਇਸ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਅਤੇ ਇਹ ਹੋਟਲ ਆਪਣੇ ਆਪ ’ਚ ਕਲਾ ਅਤੇ ਸੰਸਕ੍ਰਿਤੀ ਦਾ ਨਮੂਨਾ ਹੈ। ਇਹ 18ਵੀਂ ਸਦੀ ਦਾ ਇਤਿਹਾਸਕ ਕਿਲਾ ਹੈ ਅਤੇ ਇਸ ’ਚੋਂ ਪੰਜਾਬ ਦੀ ਅਮੀਰ ਵਿਰਾਸਤ ਸਾਫ਼ ਝਲਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਅਸਲ ਦਿੱਖ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਇਸ ਹੋਟਲ ਦੀ ਵਿਆਹਾਂ ਲਈ ਆਨਲਾਈਨ ਬੁਕਿੰਗ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਿਮਾਚਲ ਦੇ ਮੈਕਲੋਡਗੰਜ, ਰਾਜਸਥਾਨ ਅਤੇ ਗੋਆ ’ਚ ਵੀ ਪੰਜਾਬ ਦੀ ਪ੍ਰਾਪਰਟੀ ਹੈ ਜਿਨ੍ਹਾਂ ਬਾਰੇ ਵੀ ਪੰਜਾਬੀਆਂ ਨੂੰ ਜਲਦੀ ਹੀ ਖੁਸ਼ਖਬਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਰਾਜਸਥਾਨ ਨੇ ਪੁਰਾਣੇ ਕਿਲਿਆਂ ਨੂੰ ਹੋਟਲਾਂ ’ਚ ਬਦਲਿਆ ਗਿਆ ਹੈ ਅਸੀਂ ਵੀ ਉਸੇ ਤਰਜ ’ਤੇ ਪੰਜਾਬ ਦੇ ਕਿਲ੍ਹਿਆਂ ਨੂੰ ਹੋਟਲਾਂ ’ਚ ਤਬਦੀਲ ਕਰਾਂਗੇ। ਜਿਨ੍ਹਾਂ ਨੂੰ ਅਸੀਂ ਵੈਡਿੰਗ ਡੈਸਟੀਨੇਸ਼ਨ ਦੇ ਰੂਪ ’ਚ  ਉਭਾਰਾਂਗੇ ਕਿਉਂਕਿ ਪੰਜਾਬ ਦਾ ਸੱਭਿਆਚਾਰ ਬਹੁਤ ਵਧੀਆ ਹੈ।

91 ਸਾਲ ਦੀ ਉਮਰ ’ਚ ਅਮਰੀਕਾ ਦੇ ਸੈਨਫਰਾਂਸਿਸਕੋ ’ਚ ਲਿਆ ਆਖਰੀ ਸਾਹ

ਲੁਧਿਆਣਾ/ਬਿਊਰੋ ਨਿਊਜ਼ : ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬੀ ਲੜਾਈ ਲੜਨ ਵਾਲੇ ਬਾਪੂ ਸੂਰਤ ਸਿੰਘ ਖ਼ਾਲਸਾ ਦਾ ਅੱਜ ਦੇਹਾਂਤ ਹੋ ਗਿਆ। ਉਹ 91 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਅਮਰੀਕਾ ਦੇ ਸੈਨ ਫਰਾਂਸਿਸਕੋ ’ਚ ਆਖਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਸੂਰਤ ਸਿੰਘ ਖ਼ਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ 2015 ’ਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜੋ ਲਗਭਗ 8 ਸਾਲ ਤੱਕ ਚੱਲੀ। ਉਨ੍ਹਾਂ ਅਦਾਲਤੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਖਾਣਾ ਖਾਣ ਅਤੇ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਦੇ ਚਲਦਿਆਂ ਉਹ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ 7 ਸਾਲ ਭਰਤੀ ਰਹੇ। ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੇ ਨਾਲ-ਨਾਲ ਸਾਰੇ ਧਰਮਾਂ ਦੇ ਉਨ੍ਹਾਂ ਕੈਦੀਆਂ ਦੀ ਬਿਨਾ ਸ਼ਰਤ ਰਿਹਾਈ ਮੰਗ ਰਹੇ ਸਨ, ਜਿਨ੍ਹਾਂ ਨੇ ਵੀ ਅਦਾਲਤੀ ਸਜ਼ਾ ਨੂੰ ਪੂਰਾ ਕਰ ਲਿਆ ਸੀ। ਸੂਰਤ ਸਿੰਘ ਖਾਲਸਾ ਦਾ ਜਨਮ 7 ਮਾਰਚ 1933 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਵਿਚ ਹੋਇਆ ਸੀ। ਉਨ੍ਹਾਂ ਦੇ ਪੰਜ ਪੁੱਤਰ ਅਤੇ ਇਕ ਪੁੱਤਰੀ ਹੈ ਜੋ ਸਾਰੇ ਹੀ ਅਮਰੀਕਾ ਦੇ ਨਾਗਰਿਕ ਹਨ।

  

ਸ਼ਰਾਬ ਘੋਟਾਲਾ ਮਾਮਲੇ ’ਚ ਈਡੀ ਨੂੰ ਕੇਸ ਚਲਾਉਣ ਦੀ ਗ੍ਰਹਿ ਮੰਤਰਾਲੇ ਨੇ ਦਿੱਤੀ ਆਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਚਲਾਉਣ ਲਈ ਈਡੀ ਨੂੰ ਆਗਿਆ ਦੇ ਦਿੱਤੀ ਹੈ। ਈਡੀ ਨੂੰ ਇਹ ਮਨਜ਼ੂਰੀ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਇਸ ਲਈ ਲੈਣੀ ਪਈ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਰਕਾਰੀ ਕਰਮਚਾਰੀਆਂ ’ਤੇ ਮੁਕੱਦਮਾ ਚਲਾਉਣ ਲਈ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਲੈਣੇ ਹੋਵੇਗੀ। ਜਦਕਿ ਦਿੱਲੀ ਦੇ ਐਲਜੀ ਵਿਨੇ ਸਕਸੇਨਾ ਪਹਿਲਾਂ ਹੀ ਕੇਜਰੀਵਾਲ ਖਿਲਾਫ ਕੇਸ ਚਲਾਉਣ ਦੀ ਆਗਿਆ ਦੇ ਚੁੱਕੇ ਹਨ। ਈਡੀ ਨੇ ਲੰਘੇ ਸਾਲ ਦੌਰਾਨ ਪੀਐਮਐਲਏ ਕੋਰਟ ’ਚ ਕੇਜਰੀਵਾਲ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ ਅਤੇ ਸ਼ਰਾਬ ਘੁਟਾਲਾ ਮਾਮਲੇ ’ਚ ਕੇਜਰੀਵਾਲ ਨੂੰ ਆਰੋਪੀ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਆਉਂਦੀ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਲਈ ਵੋਟਾਂ ਪਾਈਆਂ ਜਾਣਗੀਆਂ ਜਦਕਿ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.