Friday, 19 June 2026

ਕਿਹਾ : ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਅਸੀਂ ਮੋਰਚਾ ਜਿੱਤ ਕੇ ਰਹਾਂਗੇ

ਖਨੌਰੀ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਦੇ ਬਾਰਡਰ ’ਤੇ ਸਥਿਤ ਖਨੌਰੀ ਬਾਰਡਰ ਵਿਖੇ ਅੱਜ ਪੰਜਾਬ ਦੇ ਕਿਸਾਨਾਂ ਦੀ ਮਹਾਂ ਪੰਚਾਇਤ ਹੋਈ। ਇਸ ਮੌਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਟਰੇਚਰ ’ਤੇ ਮਹਾਂ ਪੰਚਾਇਤ ਵਿਚ ਲਿਆਂਦਾ ਗਿਆ। ਜਿੱਥੇ ਉਨ੍ਹਾਂ ਵੱਲੋਂ ਮਹਾਂ ਪੰਚਾਇਤ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੈਨੂੰ ਚੁੱਕਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਜਦੋਂ ਸਾਡੇ ਨੌਜਵਾਨਾਂ ਨੂੰ ਇਸ ਸਬੰਧੀ ਪਤਾ ਲਗਦਾ ਹੈ ਤਾਂ ਉਹ ਐਕਟਿਵ ਹੋ ਜਾਂਦੇ ਹਨ। ਉਨ੍ਹਾਂ ਕਿ ਅੱਜ ਜਿਹੜੇ ਵੀ ਕਿਸਾਨ ਭਰਾ ਮੋਰਚੇ ’ਤੇ ਮੌਜੂਦ ਹਨ ਉਨ੍ਹਾਂ ’ਤੇ ਪ੍ਰਮਾਤਮਾ ਦੀ ਕਿਰਪਾ ਹੈ। ਡੱਲੇਵਾਲ ਨੇ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਅਸੀਂ ਮੋਰਚਾ ਹਰ ਹਾਲਤ ਵਿਚ ਜਿੱਤਾਂਗੇ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਆਤਮ ਹੱਤਿਆਵਾਂ ’ਤੇ ਰੋਕ ਲੱਗਣੀ ਜ਼ਰੂਰੀ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਲਗਭਗ 4 ਲੱਖ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ ਪ੍ਰੰਤੂ ਮੇਰੇ ਅਨੁਸਾਰ ਹੁਣ ਤੱਕ 7 ਲੱਖ ਤੋਂ ਜ਼ਿਆਦਾ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ। ਡੱਲੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਅੱਗੇ ਆਉਣ ਅਤੇ ਅਸੀਂ ਸਾਰੇ ਮਿਲ ਕੇ ਇਸ ਅੰਦੋਲਨ ਨੂੰ ਜਿੱਤੀਏ। ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸੱਤਾ ਦਾ ਹੰਕਾਰ ਹੈ ਪਰ ਸਾਡੇ ਕਿਸਾਨ ਭਰਾ ਇਸ ਹੰਕਾਰ ਨੂੰ ਤੋੜ ਦੇਣਗੇ। ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 40 ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ।

  

ਸੰਸਦ ਮੈਂਬਰ ਸਰਜੀਤ ਸਿੰਘ ਖਾਲਸਾ ਬੋਲੇ : ਲੜੀ ਜਾਵੇਗੀ ਅਧਿਕਾਰਾਂ ਦੀ ਲੜਾਈ

ਫਰੀਦਕੋਟ/ਬਿਊਰੋ ਨਿਊਜ਼ : ਪੰਜਾਬ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਜੇਲ੍ਹ ’ਚ ਬੰਦ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਨਾਲ ਮਿਲ ਕੇ ਬਣਾਈ ਜਾਣ ਵਾਲੀ ਪਾਰਟੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਨਾਮ ਸ਼ੋ੍ਰਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਹੋਵੇਗਾ। ਜਿਸ ਦਾ ਰਸਮੀ ਐਲਾਨ 14 ਜਨਵਰੀ ਨੂੰ ਮੁਕਤਸਰ ਦੇ ਮਾਘੀ ਮੇਲੇ ਮੌਕੇ ਹੋਣ ਵਾਲੀ ਪੰਥ ਬਚਾਓ, ਪੰਜਾਬ ਬਚਾਓ ਕਾਨਫਰੰਸ ਦੌਰਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਨਫਰੰਸ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਆਪਣੇ ਸਮਰਥਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਤਾਂ ਜੋ ਸਾਰਿਆਂ ਨੂੰ ਨਵੀਂ ਪਾਰਟੀ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਸਕੇ। ਖਾਲਸਾ ਨੇ ਦੱਸਿਆ ਕਿ ਇਸ ਪਾਰਟੀ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪਾਰਟੀ ਸੂਬੇ ਦੇ ਅਧਿਕਾਰਾਂ ਦੀ ਲੜਾਈ ਲੜੇਗੀ।

  

ਪਰਵੇਸ਼ ਵਰਮਾ ਲੜਨਗੇ ਅਰਵਿੰਦ ਕੇਜਰੀਵਾਲ ਖਿਲਾਫ਼ ਚੋਣ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ 29 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਹੈ। ਪਰਵੇਸ਼ ਵਰਮਾ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਲੜਨਗੇ। ਇਸੇ ਤਰ੍ਹਾਂ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦੇ ਖਿਲਾਫ ਭਾਜਪਾ ਨੇ ਰਮੇਸ਼ ਬਿਧੂੜੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਕਾਂਗਰਸ ਪਾਰਟੀ ਨੇ ਇਸ ਸੀਟ ਤੋਂ ਅਲਕਾ ਲਾਂਬਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।  ਕਰੋਲ ਬਾਗ ਤੋਂ ਦੁਸ਼ਯੰਤ ਗੌਤਮ, ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ, ਬਿਜਵਾਸਨ ਤੋਂ ਕੈਲਾਸ਼ ਗਹਿਲੋਤ ਤੇ ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।  ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਆਮ ਆਦਮੀ ਪਾਰਟੀ 70 ਸੀਟਾਂ ਤੋਂ ਆਪਣੇ ਉਮੀਦਵਾਰਾਂ ਸਬੰਧੀ ਐਲਾਨ ਕਰ ਚੁੱਕੀ ਹੈ ਜਦਕਿ ਕਾਂਗਰਸ ਪਾਰਟੀ ਨੇ 48 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

  

ਮਹਿਲਾ ਸਮੇਤ ਤਿੰਨ ਕਿਸਾਨਾਂ ਦੀ ਹੋਈ ਮੌਤ, ਕਈ ਹੋਏ ਗੰਭੀਰ ਜ਼ਖਮੀ

ਬਰਨਾਲਾ/ਬਿਊਰੋ ਨਿਊਜ਼ : ਖਨੌਰੀ ਬਾਰਡਰ ’ਤੇ ਅੱਜ ਹੋਣ ਵਾਲੀ ਪੰਚਾਇਤ ਵਿਚ ਸ਼ਾਮਲ ਹੋਣ ਲਈ ਆ ਰਹੇ ਕਿਸਾਨਾਂ ਦੀਆਂ ਦੋ ਬੱਸਾਂ ਦਾ ਅੱਜ ਬਰਨਾਲਾ ਨੇੜੇ ਐਕਸੀਡੈਂਟ ਹੋ ਗਿਆ। ਇਸ ਹਾਦਸੇ ਦੌਰਾਨ 1 ਮਹਿਲਾ ਸਮੇਤ ਤਿੰਨ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਕਈ ਕਿਸਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਤੋਂ ਮਹਾਂ ਪੰਚਾਇਤ ਵਿਚ ਸ਼ਾਮਲ ਹੋਣ ਲਈ ਆ ਰਹੇ ਕਿਸਾਨਾਂ ਦੀ ਬੱਸ ਵੀ ਮੋਗਾ ਨੈਸ਼ਨਲ ਹਾਈਵੇ ’ਤੇ ਹਾਦਸਾਗ੍ਰਸਤ ਹੋ ਗਈ ਅਤੇ ਇਸ ਹਾਦਸੇ ਦੌਰਾਨ ਵੀ ਕਈ ਕਿਸਾਨ ਜਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.