Thursday, 25 June 2026

ਚੰਡੀਗੜ੍ਹ/ਨਵੀਂ ਦਿੱਲੀ :  ਭਾਸ਼ਾ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲ ਤੋਂ ਦਿੱਲੀ ਸਥਿਤ ਪੰਜਾਬ ਭਵਨ ਵਿੱਚ ਪੰਜਾਬੀ ਦਾਨਸ਼ਵਰਾਂ ਦੀਆਂ ਤਸਵੀਰਾਂ ਸਥਾਪਿਤ ਕਰਨ ਦਾ ਕੰਮ ਆਰੰਭ ਕੀਤਾ ਗਿਆ ਸੀ। ਹੁਣ ਤੱਕ ਪਹਿਲਾਂ ਲਗਾਈਆਂ ਗਈਆਂ ਲਗਭਗ 40 ਤਸਵੀਰਾਂ ਤੋਂ ਬਾਅਦ ਅੱਜ 20 ਹੋਰ ਸਵਰਗੀ ਲੇਖਕਾਂ ਅਤੇ ਵਿਦਵਾਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਜਿਨਾਂ ਵਿੱਚ ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਡਾ. ਦੀਵਾਨ ਸਿੰਘ ਕਾਲੇਪਾਣੀ, ਪ੍ਰਿੰਸੀਪਲ ਸੁਜਾਨ ਸਿੰਘ, ਸ. ਜਸਵੰਤ ਸਿੰਘ ਕੰਵਲ, ਸ. ਨਾਨਕ ਸਿੰਘ, ਡਾ. ਹਰਭਜਨ ਸਿੰਘ, ਸ੍ਰੀਮਤੀ ਦਲੀਪ ਕੌਰ ਟਿਵਾਣਾ, ਸ੍ਰੀ ਬਲਰਾਜ ਸਾਹਨੀ, ਬਾਵਾ ਬੁੱਧ ਸਿੰਘ, ਸ਼੍ਰੀਮਤੀ ਸੁਖਵੰਤ ਕੌਰ ਮਾਨ, ਸ. ਮਹਿੰਦਰ ਸਿੰਘ ਸਰਨਾ, ਜਨਾਬ ਦੀਪਕ ਜੈਤੋਈ, ਮਹਿੰਦਰ ਕੌਰ ਗਿੱਲ, ਸ਼੍ਰੀ ਰਾਮ ਸਰੂਪ ਅਣਖੀ, ਡਾ. ਰਤਨ ਸਿੰਘ ਜੱਗੀ, ਸ਼੍ਰੀ ਮੋਹਨਜੀਤ, ਸ਼੍ਰੀ ਪਰਮਿੰਦਰਜੀਤ  ਅਤੇ ਪ੍ਰੋ. ਅਜਮੇਰ ਔਲਖ ਸ਼ਾਮਿਲ ਹਨ।

ਇਹ ਤਸਵੀਰਾਂ ਪੰਜਾਬ ਭਵਨ ਦੇ ਬੀ ਬਲਾਕ ਦੀ ਡਿਓੜੀ ਅਤੇ ਉੱਪਰਲੀਆਂ ਮੰਜ਼ਿਲਾਂ ਦੇ ਵਰਾਂਡਿਆਂ ਵਿੱਚ ਲਗਾਈਆਂ ਗਈਆਂ। ਸ੍ਰੀ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਭਵਨ ਦੇ ਕਰਮਚਾਰੀਆਂ ਵੱਲੋਂ  ਇਹ ਕਾਰਜ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਅਤੇ ਡਿਪਟੀ ਡਾਇਰੈਕਟਰ ਸ੍ਰੀ ਆਲੋਕ ਚਾਵਲਾ ਦੀ ਨਿਗਰਾਨੀ ਵਿਚ ਕੀਤਾ ਗਿਆ। ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ ਡਾ. ਐਸ ਕਰੁਣਾ ਰਾਜੂ ਨਾਲ ਮੁਲਾਕਾਤ ਕਰਕੇ ਪੰਜਾਬ ਭਵਨ ਵਿੱਚ ਪੰਜਾਬੀਅਤ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਡਿਪਟੀ ਰੈਜੀਡੈਂਟ ਕਮਿਸ਼ਨਰ ਸ੍ਰੀਮਤੀ ਆਸਿਤਾ ਸ਼ਰਮਾ ਨੇ ਕਿਹਾ ਕਿ ਆਉਂਣ ਵਾਲੇ ਸਮੇਂ ਵਿੱਚ ਭਾਸ਼ਾ ਵਿਭਾਗ ਦੀ ਸਥਾਨਕ ਲਾਇਬਰੇਰੀ ਦੀ ਮੁਰੰਮਤ ਦਾ ਕੰਮ ਮੁਕੰਮਲ  ਕਰਾ ਕੇ ਇਸ ਨੂੰ ਇਥੇ ਆਉਣ ਅਤੇ ਠਹਿਰਨ ਵਾਲੀਆਂ ਸ਼ਖ਼ਸੀਅਤਾਂ ਲਈ ਆਕਰਸ਼ਕ ਬਣਾਇਆ ਜਾਵੇਗਾ।

ਜਲੰਧਰ: ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਅਤੇ ਭਾਰਤ ਦੇ ਸਾਬਕਾ ਕ੍ਰਿਕਟਰ ਸ. ਹਰਭਜਨ ਸਿੰਘ ਨੇ ਜਲੰਧਰ ਦੇ  ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡਿਯਮ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਲਈ ਆਪਣੇ ਐਮਪੀ ਫੰਡ ਤੋਂ 13.48 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ।

ਸੋਲਰ ਪਾਵਰ ਪ੍ਰੋਜੈਕਟ ਦਾ ਪ੍ਰਸਤਾਵ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਨੁਮਾਨ ਦੇ ਨਾਲ ਭੇਜਿਆ ਗਿਆ ਸੀ। ਪੰਜਾਬ ਵਿੱਚ ਖੇਡਾਂ ਦੇ ਵਿਕਾਸ ਲਈ ਲਗਾਤਾਰ ਸਹਿਯੋਗ ਦੇਣ ਵਾਲੇ ਸਾਂਸਦ ਸ. ਹਰਭਜਨ ਸਿੰਘ ਨੇ ਇਸ ਪ੍ਰੋਜੈਕਟ ਨੂੰ ਤੁਰੰਤ ਮਨਜ਼ੂਰੀ ਦੇ ਦਿੱਤੀ। ਇਹ ਪਹਿਲੀ ਵਾਰ ਨਹੀਂ ਹੈ ਕਿ ਸਾਂਸਦ ਵੱਲੋਂ ਐਸੋਸੀਏਸ਼ਨ ਨੂੰ ਆਰਥਿਕ ਮਦਦ ਦਿੱਤੀ ਗਈ ਹੋਵੇ। ਸਾਲ 2023 ਵਿੱਚ ਉਨ੍ਹਾਂ ਨੇ ਇਸੇ ਸਟੇਡਿਯਮ ਵਿੱਚ ਜਿਮ ਦੇ ਲਈ 16.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਕਿਹਾ ਕਿ ਸ. ਹਰਭਜਨ ਸਿੰਘ ਨਾਲ ਮੁਲਾਕਾਤ ਹਮੇਸ਼ਾ ਵਧੀਆ ਹੁੰਦੀ ਹੈ। ਉਨ੍ਹਾਂ ਦੱਸਿਆ ਕਿ 2023 ਵਿੱਚ ਸਾਂਸਦ ਨੇ ਸਟੇਡਿਯਮ ਦੇ ਜਿਮ ਲਈ ਸਹਿਯੋਗ ਦਿੱਤਾ ਸੀ ਅਤੇ ਉਸ ਵੇਲੇ ਵੀ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵੀ ਲੋੜ ਹੋਵੇ, ਸੰਪਰਕ ਕਰ ਲੈਣਾ। ਖੰਨਾ ਨੇ ਕਿਹਾ ਕਿ ਸ. ਹਰਭਜਨ ਸਿੰਘ ਦਾ ਇਸ ਸਟੇਡਿਯਮ ਨਾਲ ਖਾਸ ਲਗਾਵ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਥੇ ਬੈਡਮਿੰਟਨ ਖੇਡੀ ਅਤੇ ਟ੍ਰੇਨਿੰਗ ਕਿੱਤੀ ਸੀ। ਸਾਂਸਦ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਅਗਲੀ ਵਾਰ ਸ਼ਹਿਰ ਆਉਣ ‘ਤੇ ਉਹ ਸਟੇਡਿਯਮ ਦਾ ਦੌਰਾ ਕਰਨਗੇ।

ਰਿਤਿਨ ਖੰਨਾ ਨੇ ਗ੍ਰਾਂਟ ਮਨਜ਼ੂਰ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੁ ਅਗਰਵਾਲ ਅਤੇ ਸ. ਅਮਰਜੀਤ ਸਿੰਘ ਦਾ ਧੰਨਵਾਦ ਕੀਤਾ।

ਖੰਨਾ ਨੇ ਕਿਹਾ, “ਸੋਲਰ ਪਾਵਰ ਪਲਾਂਟ ਲੱਗਣ ਨਾਲ ਬਿਜਲੀ ਦੇ ਖਰਚ ਵਿੱਚ ਕਮੀ ਆਵੇਗੀ। ਬਚਤ ਹੋਣ ਵਾਲੀ ਰਕਮ ਖਿਡਾਰੀਆਂ ਦੇ ਵਿਕਾਸ ਅਤੇ ਟ੍ਰੇਨਿੰਗ ‘ਤੇ ਖਰਚ ਕੀਤੀ ਜਾਵੇਗੀ, ਜਿਸ ਨਾਲ ਨਵੇਂ ਅਤੇ ਉਭਰਦੇ ਖਿਡਾਰੀਆਂ ਨੂੰ ਵਧੀਆ ਸੁਵਿਧਾਵਾਂ ਮਿਲਣਗੀਆਂ।”

ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡਿਯਮ ਦਾ ਪ੍ਰਬੰਧਨ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕੀਤਾ ਜਾਂਦਾ ਹੈ, ਜਿਸ ਦੀ ਅਗਵਾਈ ਜਲੰਧਰ ਦੇ ਡਿਪਟੀ ਕਮਿਸ਼ਨਰ ਕਰਦੇ ਹਨ। ਸਾਲ 1963 ਵਿੱਚ ਸਥਾਪਤ ਅਤੇ ਸਵਰਗਵਾਸੀ ਰਾਇਜ਼ਾਦਾ ਹੰਸਰਾਜ ਸੋਂਧੀ ਦੇ ਨਾਮ ‘ਤੇ ਬਣਿਆ ਇਹ ਸਟੇਡਿਯਮ ਉੱਤਰ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਪ੍ਰਸਿੱਧ ਬੈਡਮਿੰਟਨ ਸਟੇਡਿਯਮਾਂ ਵਿੱਚ ਸ਼ਾਮਲ ਹੈ। ਸਾਲ 2019 ਤੋਂ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ ਸਟੇਡਿਯਮ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। 1 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਸਟੇਡਿਯਮ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਅਤੇ ਹੁਣ ਇਹ ਉੱਚ ਪੱਧਰੀ ਬੈਡਮਿੰਟਨ ਮੁਕਾਬਲਿਆਂ ਦਾ ਕੇਂਦਰ ਬਣ ਚੁੱਕਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅੱਜ ਮੰਗਲਵਾਰ ਨੂੰ ਮੁੰਬਈ ਵਿਚ ਹੋਈ ਗਲੋਬਲ ਇਕਨਾਮਿਕ ਕੋਆਪਰੇਸ਼ਨ ਕਾਨਫਰੰਸ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫਰਨਾਂਡਿਜ਼ ਵੀ ਹਾਜ਼ਰ ਸਨ। ਕਾਨਫਰੰਸ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤ ਹੁਣ ਦੁਨੀਆ ਨਾਲ ਹੋਰ ਮਜ਼ਬੂਤੀ ਨਾਲ ਜੁੜ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਏ ਵਪਾਰਕ ਸਮਝੌਤੇ ਇਸ ਗੱਲ ਦਾ ਸਪਸ਼ਟ ਸਬੂਤ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਵੀ ਇੱਕ ਮਹੱਤਵਪੂਰਨ ਸਮਝੌਤਾ ਹੋਇਆ ਹੈ, ਜਿਸ ਨਾਲ ਦੋਨੋਂ ਦੇਸ਼ਾਂ ਦੇ ਸੰਬੰਧ ਹੋਰ ਮਜ਼ਬੂਤ ਹੋਏ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜਕੱਲ੍ਹ ਦੁਨੀਆ ਵਿੱਚ ਚੀਜ਼ਾਂ ਦਾ ਇਸਤੇਮਾਲ ਹਥਿਆਰ ਵਾਂਗ ਕੀਤਾ ਜਾ ਰਿਹਾ ਹੈ। ਉਤਪਾਦਨ, ਪੈਸੇ ਅਤੇ ਬਾਜ਼ਾਰ ਦੀ ਤਾਕਤ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਕਈ ਦੇਸ਼ਾਂ ਨੇ ਨਿਰਯਾਤ ’ਤੇ ਵੀ ਸਖ਼ਤੀ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਵਿਸ਼ਵ ਦੇ ਦੇਸ਼ਾਂ ਨਾਲ ਵੱਧ ਤੋਂ ਵੱਧ ਜੁੜ ਰਿਹਾ ਹੈ। ਜੈ ਸ਼ੰਕਰ ਨੇ ਕਿਹਾ ਕਿ ਹਾਲੀਆ ਵਪਾਰਕ ਸਮਝੌਤੇ ਇਸਦੀ ਪੁਸ਼ਟੀ ਕਰਦੇ ਹਨ। 

100 ਅਰਬ ਡਾਲਰ ਦੇ ਨਿਵੇਸ਼ ਦੀ ਕਹੀ ਗੱਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਡਾਨੀ ਇੰਟਰਪ੍ਰਾਈਜ਼ਿਜ਼ ਲਿਮਟਿਡ ਨੇ ਭਾਰਤ ਵਿਚ ਸੋਵਰਜਨ ਏ.ਆਈ. ਇਨਫਰਾਸਟਰੱਕਚਰ ਨੂੰ ਵਿਕਸਿਤ ਕਰਨ ਲਈ 100 ਅਰਬ ਡਾਲਰ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਕੰਪਨੀ ਦਾ ਇਹ ਕਦਮ ਭਾਰਤ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜ਼ੀਟਲ ਇਨਫਰਾਸਟਰੱਕਚਰ ਦੇ ਖੇਤਰ ਵਿਚ ਵਿਸ਼ਵ ਪੱਧਰ ’ਤੇ ਮਜ਼ਬੂਤ ਮੁਕਾਬਲੇਦਾਰ ਬਣਾਉਣ ਵੱਲ ਇਕ ਮਹੱਤਵਪੂਰਨ ਕੋਸ਼ਿਸ਼ ਮੰਨੀ ਜਾ ਰਹੀ ਹੈ। ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਈ-ਕਮਾਰਸ ਦਿੱਗਜ਼ ਫਲਿੱਪਕਾਰਟ ਨਾਲ ਆਪਣੀ ਭਾਈਚਾਰਕ ਸਾਂਝ ਨੂੰ ਹੋਰ ਵਿਸਥਾਰ ਦੇਵੇਗੀ। ਇਸ ਸਹਿਯੋਗ ਤਹਿਤ ਦੇਸ਼ ਵਿਚ ਦੂਜਾ ਹਾਈ-ਪਰਫਾਰਮੈਂਸ ਏ.ਆਈ. ਡਾਟਾ ਸੈਂਟਰ ਤਿਆਰ ਕੀਤਾ ਜਾਵੇਗਾ। ਇਹ ਨਵਾਂ ਡਾਟਾ ਸੈਂਟਰ ਵੱਡੇ ਪੱਧਰ ’ਤੇ ਡਾਟਾ ਪ੍ਰੋਸੈਸਿੰਗ ਅਤੇ ਹਾਈਪਰਸਕੇਲ ਕੰਪਿਊਟਿੰਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਜਾਵੇਗਾ, ਜਿਸ ਨਾਲ ਦੇਸ਼ ਵਿਚ ਏ.ਆਈ. ਟੈਕਨਾਲੋਜੀ ਦੇ ਵਿਕਾਸ ਨੂੰ ਵੱਡਾ ਬਲ ਮਿਲੇਗਾ। ਇਸ ਨਿਵੇਸ਼ ਨੂੰ ਭਾਰਤ ਦੇ ਡਿਜ਼ੀਟਲ ਭਵਿੱਖ ਲਈ ਇਕ ਮਜ਼ਬੂਤ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.