Monday, 22 June 2026

ਕਿਹਾ : ਜੇ ਰਾਸ਼ਟਰਪਤੀ ਦੀ ਚੋਣ ਹਾਰਿਆ ਤਾਂ ਦੋਬਾਰਾ ਨਹੀਂ ਲੜਾਂਗਾ ਚੋਣ

ਸੈਕਰਾਮੈਂਟੋ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਇਸ ਵਾਰ 5 ਨਵੰਬਰ ਨੂੰ ਹੋਣ ਜਾ ਰਹੀ ਰਾਸ਼ਟਰਪਤੀ ਦੀ ਚੋਣ ਵਿਚ ਹਾਰ ਜਾਂਦੇ ਹਨ, ਤਾਂ ਉਹ ਚੌਥੀ ਵਾਰ ਦੁਬਾਰਾ ਰਾਸ਼ਟਰਪਤੀ ਦੇ ਅਹੁੁਦੇ ਲਈ ਚੋਣ ਨਹੀਂ ਲੜਣਗੇ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁੁਦੇ ਲਈ ਉਮੀਦਵਾਰ 78 ਸਾਲਾ ਡੋਨਾਲਡ ਟਰੰਪ ਵੱਲੋਂ ਇਹ ਐਲਾਨ ਇਕ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਕੀਤਾ ਗਿਆ। ਜ਼ਿਕਰਯੋਗ ਹੈ ਕਿ 5 ਨਵੰਬਰ ਨੂੰ ਹੋਣ ਜਾ ਰਹੀ ਅਮਰੀਕੀ ਰਾਸ਼ਟਰਪਤੀ ਚੋਣ ਲਈ ਹੁਣ ਤੱਕ ਜਿੰਨੇ ਵੀ ਸਰਵੇ ਕੀਤੇ ਗਏ ਹਨ, ਉਨਾਂ ਵਿਚ ਡੋਨਾਲਡ ਟਰੰਪ ਨੂੰ ਡੈਮੋਕਰੈਕਟਕ ਉਮੀਦਵਾਰ ਕਮਲਾ ਹੈਰਿਸ ਵੱਲੋਂ ਤਕੜਾ ਮੁਕਾਬਲਾ ਦਿੱਤਾ ਜਾ ਰਿਹਾ ਹੈ।

  

ਕਿਹਾ : ਮੰਤਰੀ ਤਾਂ ਬਦਲੇ ਗਏ ਪਰ ਰੇਤ ਮਾਫ਼ੀਆ ਖਿਲਾਫ਼ ਨਹੀਂ ਹੋਈ ਕੋਈ ਕਾਰਵਾਈ

ਜਲੰਧਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ’ਚ ਕੀਤੇ ਗਏ ਬਦਲਾਅ ’ਤੇ ਕਾਂਗਰਸੀ ਆਗੂਆਂ ਵੱਲੋਂ ਤੰਜ ਕਸੇ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ’ਚ ਅਸਥਿਰ ਸਰਕਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਮੰਤਰੀ ਮੰਡਲ ’ਚ ਚਾਰ ਵਾਰ ਫੇਰਬਦਲ ਕੀਤਾ ਜਾ ਚੁੱਕਿਆ ਹੈ। ਇਸੇ ਤਰ੍ਹਾਂ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰੇਤ ਦੀਆਂ ਖੱਡਾਂ ਤੋਂ ਹਰ ਸਾਲ 20 ਹਜ਼ਾਰ ਕਰੋੜ ਰੁਪਏ ਕਮਾਉਣ ਦਾ ਦਾਅਵਾ ਕੀਤਾ ਸੀ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਮਾਈਨਿੰਗ ਵਿਭਾਗ ਨਾਲ ਸਬੰਧਤ ਮੰਤਰੀ ਚਾਰ ਵਾਰ ਬਦਲ ਦਿੱਤੇ ਹਨ, ਜੋ ਰੇਤ ਮਾਫ਼ੀਆ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਉਜਾਗਰ ਕਰਦਾ ਹੈ। ਪਰਗਟ ਸਿੰਘ ਨੇ ਕਿਹਾ ਕਿ ਰੇਤ ਦੀਆਂ ਖੱਡਾਂ ਤੋਂ ਪੰਜਾਬ ਸਰਕਾਰ ਨੂੰ ਤਾਂ ਕੋਈ ਫਾਇਦਾ ਹੋਇਆ ਨਜ਼ਰ ਨਹੀਂ ਆਉਂਦਾ ਪਰ ਪੰਜਾਬ ਅੰਦਰ ਰੇਤ ਮਾਫ਼ੀਆ ਲਗਾਤਾਰ ਪੈਰ ਪਸਾਰ ਰਿਹਾ ਹੈ।

ਸੋਮਵਾਰ ਨੂੰ ਹੋ ਸਕਦਾ ਹੈ ਸਹੁੰ ਚੁੱਕ ਸਮਾਗਮ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜ ਕੈਬਨਿਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਕਿ ਕੈਬਨਿਟ ਵਿਚ ਪੰਜ ਤੋਂ ਛੇ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਨਵੇਂ ਵਜ਼ੀਰਾਂ ਨੂੰ ਸੋਮਵਾਰ ਨੂੰ ਰਾਜ ਭਵਨ ਵਿਚ ਸਹੁੰ ਚੁਕਾਈ ਜਾਵੇਗੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚੇਤਨ ਸਿੰਘ ਜੌੜਾਮਾਜਰਾ, ਬ੍ਰਹ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਤੋਂ ਇਲਾਵਾ ਸਰਹੱਦੀ ਖਿੱਤੇ ਦੇ ਇੱਕ ਹੋਰ ਵਜ਼ੀਰ ਦੀ ਕੈਬਨਿਟ ’ਚੋਂ ਛੁੱਟੀ ਹੋ ਸਕਦੀ ਹੈ। ਦੂਜੇ ਪਾਸੇ ਬਰਿੰਦਰ ਕੁਮਾਰ ਗੋਇਲ, ਡਾ. ਰਵੀਜੋਤ, ਤਰਨਪ੍ਰੀਤ ਸਿੰਘ ਸੌਂਦ, ਮਹਿੰਦਰ ਭਗਤ ਅਤੇ ਹਰਦੀਪ ਸਿੰਘ ਮੁੰਡੀਆਂ ਤੋਂ ਇਲਾਵਾ ਇੱਕ ਹੋਰ ਨੌਜਵਾਨ ਚਿਹਰੇ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਭਰਤਪੁਰ ਪੁਲਿਸ ਥਾਣੇ ’ਚ ਸਿੱਖ ਜੋੜੇ ਨਾਲ ਹੋਈ ਸੀ ਵਧੀਕੀ

ਭੁਬਨੇਸ਼ਵਰ/ਬਿਊਰੋ ਨਿਊਜ਼ : ਉੜੀਸਾ ਦੀ ਮੁੱਖ ਵਿਰੋਧੀ ਪਾਰਟੀ ਬੀਜੂ ਜਨਤਾ ਦਲ ਨੇ ਸੂਬੇ ਦੀ ਰਾਜਧਾਨੀ ਭੁਬਨੇਸ਼ਵਰ ਦੇ ਭਰਤਪੁਰ ਪੁਲੀਸ ਥਾਣੇ ਵਿਚ ਲੰਘੀ 15 ਸਤੰਬਰ ਨੂੰ ਇਕ ਸਿੱਖ ਫ਼ੌਜੀ ਅਫ਼ਸਰ ਤੇ ਉਸ ਦੀ ਮੰਗੇਤਰ ਨਾਲ ਕਥਿਤ ਕੁੱਟਮਾਰ ਕੀਤੇ ਜਾਣ ਖਲਿਾਫ਼ 24 ਸਤੰਬਰ ਨੂੰ ਭੁਬਨੇਸ਼ਵਰ ਵਿਚ 6 ਘੰਟਿਆਂ ਦੇ ਬੰਦ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪੀੜਤ ਲੜਕੀ ਖ਼ੁਦ ਇਕ ਸਿੱਖ ਫ਼ੌਜੀ ਅਫ਼ਸਰ ਦੀ ਧੀ ਵੀ ਹੈ। ਬੀਜੇਡੀ ਆਗੂ ਦੇਵੀ ਪ੍ਰਸਾਦ ਮਿਸ਼ਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉੜੀਸਾ ਅਮਨਪਸੰਦ ਸੂਬਾ ਹੈ ਪਰ ਇਥੇ ਭਾਜਪਾ ਦੇ 100 ਦਿਨਾਂ ਦੇ ਰਾਜ ਦੌਰਾਨ ਹੀ ਹਿੰਸਾ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਮੰਗਲਵਾਰ ਨੂੰ 6 ਘੰਟੇ ਲਈ ਭੁਬਨੇਸ਼ਵਰ ਬੰਦ ਰੱਖਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਜੋੜੇ ਉਤੇ ਤਸ਼ੱਦਦ ਢਾਹੇ ਜਾਣ ਦੇ ਮੌਜੂਦਾ ਮਾਮਲੇ ਵਿਚ ਸਰਕਾਰ ਤਮਾਸ਼ਬੀਨ ਬਣੀ ਹੋਈ ਹੈ।   

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.