Monday, 22 June 2026

ਸ਼ਰਾਰਤੀ ਅਨਸਰਾਂ ਨੇ ਬੁੱਤ ’ਤੇ ਲਗਾਇਆ ਫਲਸਤੀਨ ਦਾ ਝੰਡਾ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਬਰੈਂਪਟਨ ’ਚ ਕੁੱਝ ਫਲਸਤੀਨੀ ਸ਼ਰਾਰਤੀ ਅਨਸਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ ਕੀਤੀ ਹੈ। ਆਰੋਪੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫਲਸਤੀਨ ਦਾ ਝੰਡਾ ਤੱਕ ਲਗਾ ਦਿੱਤਾ ਗਿਆ ਸੀ। ਇਸ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮੁੱਦਾ ਕਾਫੀ ਗਰਮਾਇਆ ਹੋਇਆ। ਵਾਇਰਲ ਵੀਡੀਓ 37 ਸੈਕਿੰਡ ਦਾ ਹੈ ਅਤੇ ਇਸ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਚੜ੍ਹੇ ਹੋਏ ਦੋ ਨੌਜਵਾਨ ਫਲਸਤੀਨ ਦਾ ਝੰਡਾ ਉਨ੍ਹਾਂ ਦੇ ਘੋੜੇ ’ਤੇ ਲਗਾ ਰਹੇ ਹਨ। ਦੋਵੇਂ ਨੌਜਵਾਨਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਅਤੇ ਹੇਠ ਹੋਰ ਕਈ ਵਿਅਕਤੀ ਖੜ੍ਹੇ ਸਨ, ਜਿਨ੍ਹਾਂ ’ਚੋਂ ਇਕ ਵਿਅਕਤੀ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ’ਤੇ ਕੱਪੜਾ ਬੰਨਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਸਾਰੇ ਮਾਮਲੇ ਤੋਂ ਕੈਨੇਡਾ ਦੀ ਪੀਲ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

  

25 ਲੱਖ ਰੁਪਏ ਤੱਕ ਮੁਫ਼ਤ ਇਲਾਜ ਅਤੇ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੇਣ ਦਾ ਕੀਤਾ ਵਾਅਦਾ

ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਪਾਰਟੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ’ਚ ਪੂਰਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। 40 ਪੇਜਾਂ ਦੇ ਇਸ ਚੋਣ ਮੈਨੀਫੈਸਟੋ ’ਚ ਲੋਕਾਂ ਨੂੰ 25 ਲੱਖ ਰੁਪਏ ਤੱਕ ਮੁਫ਼ਤ ਇਲਾਜ਼ ਅਤੇ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ। ਜਦਕਿ ਕੁੱਝ ਦਿਨ ਪਹਿਲਾਂ ਹਰਿਆਣਾ ਕਾਂਗਰਸ ਨੇ ਦਿੱਲੀ ’ਚ ਹਰਿਆਣਾ ਦੇ ਲੋਕਾਂ ਲਈ  7 ਗਰੰਟੀਆਂ ਦਾ ਐਲਾਨ ਕੀਤਾ ਸੀ। ਮੈਨੀਫੈਸਟੋ ਕਮੇਟੀ ਦੀ ਚੇਅਰਮੈਨ ਗੀਤਾ ਭੁੱਕਲ ਨੇ ਕਿਹਾ ਕਿ ਲੋਕਤੰਤਰ ’ਚ ਲੋਕ ਹੀ ਮਹਾਨ ਹੁੰਦੇ ਹਨ ਅਤੇ ਇਹ ਮੈਨੀਫੈਸਟੋ ਲੋਕਾਂ ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ ਹੀ ਤਿਆਰ ਕੀਤਾ ਗਿਆ ਹੈ। ਚੋਣ ਮੈਨੀਫੈਸਟੋ ਜਾਰੀ ਕਰਨ ਸਮੇਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਸਿੰਘ ਹੁੱਡਾ, ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੇਭਾਨ, ਹਰਿਆਣਾ ਕਾਂਗਰਸ ਦੇ ਇੰਚਾਰਜ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਹਾਜ਼ਰ ਰਹੇ। ਜਦਕਿ ਲੋਕ ਸਭਾ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਕੁਮਾਰੀ ਸ਼ੈਲਜ਼ਾ ਇਸ ਸਮਾਗਮ ਵਿਚੋਂ ਗੈਰਹਾਜ਼ਰ ਰਹੀ।

  

15 ਦਿਨਾਂ ਦੇ ਅੰਦਰ-ਅੰਦਰ ਸਰਕਾਰੀ ਕੋਠੀਆਂ ਨੂੰ ਖਾਲੀ ਕਰਨ ਦਾ ਦਿੱਤਾ ਹੁਕਮ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਹੀ ਪੰਜ ਸਾਬਕਾ ਮੰਤਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਸਰਕਾਰੀ ਕੋਠੀਆਂ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ, ਤਾਂ ਜੋ ਨਵੇਂ ਬਣੇ ਮੰਤਰੀਆਂ ਨੂੰ ਇਹ ਕੋਠੀਆਂ ਅਲਾਟ ਕੀਤੀਆਂ ਜਾ ਸਕਣ। ਪੰਜਾਬ ਸਿਵਲ ਸਕੱਤਰੇਤ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਚੇਤਨ ਸਿੰਘ ਜੌੜਾਮਾਜਰਾ, ਬਲਕਾਰ ਸਿੰਘ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੀ ਭਗਵੰਤ ਮਾਨ ਕੈਬਨਿਟ ਵਿਚ ਲੰਘੇ ਦਿਨੀਂ 5 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਵਿਚ ਤਰੁਣਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ, ਹਰਦੀਪ ਮੁੰਡੀਆਂ, ਡਾ. ਰਵਜੋਤ ਸਿੰਘ ਅਤੇ ਮਹਿੰਦਰ ਭਗਤ ਦਾ ਨਾਮ ਸ਼ਾਮਲ ਹੈ। ਨਵੇਂ ਬਣੇ ਕੈਬਨਿਟ ਮੰਤਰੀਆਂ ਵੱਲੋਂ ਲੰਘੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕ ਮੁਲਾਕਾਤ ਵੀ ਕੀਤੀ ਗਈ ਸੀ ਅਤੇ ਇਸ ਮੁਲਕਾਤ ਦੌਰਾਨ ਮੰਤਰੀਆਂ ਨੂੰ ਦਿੱਤੇ ਗਏ ਸਬੰਧਤ ਵਿਭਾਗਾਂ ’ਤੇ ਚਰਚਾ ਕੀਤੀ ਗਈ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨਾਲ ਫੋਨ ’ਤੇ ਕੀਤੀ ਗੱਲਬਾਤ

ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਲੜਕੀਆਂ ਦੇ ਹੋਸਟਲ ਦੀ ਅਚਾਨਕ ਕੀਤੀ ਚੈਕਿੰਗ ਅਤੇ ਉਨ੍ਹਾਂ ਦੇ ਕੱਪੜਿਆਂ ’ਤੇ ਕੀਤੇ ਕੁਮੈਂਟ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਜਾਰੀ ਹੈ। ਉਥੇ ਹੀ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਹੁਣ ਪੰਜਾਬ ਸਰਕਾਰ ਦਾ ਸਹਿਯੋਗ ਵੀ ਮਿਲ ਗਿਆ ਹੈ। ਹਸਪਤਾਲ ’ਚ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਕਿਸੇ ਗੱਲੋਂ ਵੀ ਪ੍ਰੇਸ਼ਾਨ ਨਹੀਂ ਹੋਣ ਦੇਵੇਗੀ ਅਤੇ ਉਨ੍ਹਾਂ ਨਿਆਂ ਦਿੱਤਾ ਜਾਵੇਗਾ। ਲੰਘੇ ਦਿਨੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਵੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਭਾਰਤ ਦੇ ਰਾਸ਼ਟਰਪਤੀ ਨੂੰ ਇਕ ਪੱਤਰ ਲਿਖਿਆ ਅਤੇ ਯੂਨੀਵਰਸਿਟੀ ਦੇ ਚਾਂਸਲਰ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਜਦਕਿ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਚਾਂਸਲਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.