ਹਾਈਕਮਾਨ ਕਿਸੇ ਕਿਸਮ ਦੀ ਢਿੱਲ ਨਹੀਂ ਦੇਣੀ ਚਾਹੁੰਦੀ ਇਸ ਵਾਰ
ਚੰਡੀਗੜ੍ਹ : ਪੰਜਾਬ ਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ, ਵੱਡੇ ਵੱਡੇ ਕੇਂਦਰੀ ਮੰਤਰੀ ਤੇ ਦੀਗਰ ਪਾਰਟੀ ਨੇਤਾਵਾਂ ਨੇ ਪੰਜਾਬ ਦੇ ਦੌਰੇ ਆਰੰਭ ਕਰ ਦਿੱਤੇ ਹਨ। ਕੱਲ੍ਹ ਦੀ ਹੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਵੀ ਪੰਜਾਬ ਦਾ ਦੌਰਾ ਕੀਤਾ ਹੈ ਤੇ ਵੋਟਰਾਂ ਨੂੰ ਲੁਭਾਉਣ ਲਈ ਇਹ ਨਾਰਾ ਦਿੱਤਾ ਕਿ ਹੁਣ ਭਾਜਪਾ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੁੜ ਕੇ ਲਿਆਵੇਗੀ। ਇਸੇ ਦੌਰਾਨ ਸਾਰੀਆਂ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਅਜਿਹੇ ਨੇਤਾਵਾਂ ਨੂੰ ਅੱਗੇ ਲੈਕੇ ਆਉਣ ਦੇ ਰੌਂ ਵਿੱਚ ਹਨ ਜੋ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਕਾਮਯਾਬੀ ਦੁਆ ਸਕਣ। ਤੇ ਹੁਣ ਕਾਂਗਰਸ ਪਾਰਟੀ ਨੇ ਵੀ ਪੰਜਾਬ ਵਿੱਚ ਨਵਾਂ ਪਾਰਟੀ ਪ੍ਰਧਾਨ ਚੁਣਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।
ਇਸੇ ਸੰਦਰਭ ਵਿੱਚ ਕੇਂਦਰ ਵਿੱਚ ਪਿਛਲੇ ਐਤਵਾਰ ਨੂੰ ਲੋਕਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਸਿਰਕੱਢ ਕਾਂਗਰਸੀ ਨੇਤਾਵਾਂ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ। ਹਾਲਾਂਕਿ ਇਹ ਮਿਲਣੀ ਸ਼੍ਰੀਮਤੀ ਸੋਨੀਆ ਗਾਂਧੀ ਦੇ ਨਿਵਾਸ 10 ਜਨਪਥ ਤੇ ਸਾਂਝੀ ਵਾਰਤਾ ਦੇ ਰੂਪ ਵਿੱਚ ਹੋਈ ਪਰ ਸੂਤਰਾਂ ਮੁਤਾਬਕ ਸ਼੍ਰੀ ਗਾਂਧੀ ਨੇ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਗਏ ਨੇਤਾਵਾਂ ਨਾਲ ਵੱਖੋ ਵੱਖ ਰੂਪ ਵਿਚ ਵੀ ਮੁਲਾਕਾਤ ਵੀ ਕੀਤੀ। ਇਸ ਵੇਲੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ. ਪ੍ਰਤਾਪ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਜੈ ਇੰਦਰ ਸਿੰਗਲਾ ਸ਼ਾਮਿਲ ਸਨ।
ਜਿਵੇਂ ਕਿ ਪੰਜਾਬ ਦੇ ਲੋਕ ਜਾਣਦੇ ਹੀ ਹਨ ਕਿ ਪੰਜਾਬ ਕਾਂਗਰਸ ਦੀ ਸਭਤੋਂ ਪੁਰਾਣੀ ਬਿਮਾਰੀ ਹੈ ਹੰਕਾਰ ਅਤੇ ਆਪਹੁਦਰਾਪਣ। ਵਾਰ ਵਾਰ ਚੋਣਾਂ ਹਾਰਨ ਦੇ ਬਾਵਜੂਦ ਪੰਜਾਬ ਦੇ ਕਾਂਗਰਸੀ ਨੇਤਾ ਇੱਕਜੁਟ ਨਹੀਂ ਹੋ ਸਕੇ। ਸੁਣਿਐ ਕਿ ਰਾਹੁਲ ਗਾਂਧੀ ਨੇ ਇਸੇ ਵਿਸ਼ੇ ਤੇ ਪੰਜਾਬੀ ਕਾਂਗਰਸੀ ਨੇਤਾਵਾ ਨੂੰ ਨਾਲੇ ਤਾਂ ਖ਼ਰੀ ਖ਼ਰੀ ਸੁਣਾਈ ਤੇ ਨਾਲ ਹੀ ਸਾਵਧਾਨ ਕੀਤਾ ਕਿ ਜੇਕਰ ਹੁਣ ਵੀ ਨਾ ਸੁਧਰੇ ਤਾਂ ਫੇਰ ਵੇਲਾ ਹੱਥ ਨਹੀਂ ਆਉਣਾ। ਰਾਹੁਲ ਨੇ ਸਾਫ ਤੌਰ ਤੇ ਕਿਹਾ ਕਿ ਉਹ ਵੇਲਾ ਬੀਤ ਚੁਕਾ ਹੈ ਜਦੋਂ ਲੋਕ ਵਾਰ ਵਾਰ ਮੌਕਾ ਦਿੰਦੇ ਸਨ, ਇਸ ਵੇਲੇ ਮੁਕਾਬਲਾ ਕਿਸੇ ਇੱਕ ਪਾਰਟੀ ਨਾਲ ਨਹੀਂ ਹੈ, ਕਾਂਗਰਸ ਨੂੰ ਸਿਰਫ ਇੱਕਜੁਟਤਾ ਹੀ ਬਚਾ ਸਕਦੀ ਹੈ।
ਫਿਲਹਾਲ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਛੁਟੀ ਹੋਣ ਦੀਆਂ ਕਿਆਸਅਰਾਈਆਂ ਜਾਰੀ ਹਨ। ਕਾਂਗਰਸ ਪ੍ਰਧਾਨ ਦੀ ਦੌੜ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਸਭ ਤੋਂ ਅੱਗੇ ਹਨ ਜਦੋਂ ਕਿ ਚਰਨਜੀਤ ਸਿੰਘ ਚੰਨੀ ਦੂਜੇ ਅਤੇ ਵਿਜੈ ਇੰਦਰ ਸਿੰਗਲਾ ਤੀਜੇ ਥਾਂ ਤੇ ਦੱਸੇ ਜਾ ਰਹੇ ਹਨ। ਸ. ਪ੍ਰਤਾਪ ਸਿੰਘ ਬਾਜਵਾ ਜੋਕਿ ਮੌਜੂਦਾ ਰੂਪ ਵਿਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ, ਸੁਣਿਐ ਉਹ ਆਪਣੇ ਮੌਜੂਦਾ ਰੂਪ ਵਿਚ ਕਾਇਮ ਰਹਿਣਗੇ, ਜ਼ਾਹਿਰ ਹੈ ਕਿ ਉਹ ਵੀ ਕਾਂਗਰਸ ਪ੍ਰਧਾਨ ਦੀ ਦੌੜ ਤੋਂ ਤਕਰੀਬਨ ਬਾਹਰ ਹੀ ਹਨ। ਉਹਨਾਂ ਤੋਂ ਅਲਾਵਾ ਵੱਡੇ ਕਦ ਦੇ ਦੂਜੇ ਨੇਤਾਵਾਂ ਨੂੰ ਕੁਝ ਖਾਸ ਓਹਦੇ ਦੇਕੇ ਵੀ ਸੰਤੁਸ਼ਟ ਕਰਨ ਦੀਆਂ ਕੋਸ਼ਿਸ਼ਾਂ ਹਨ। ਉੱਧਰ ਰਾਹੁਲ ਗਾਂਧੀ ਨੇ ਸਾਰਿਆਂ ਨੂੰ ਲਗਭਗ ਤਾੜਨਾ ਦਿੰਦੇ ਹੋਏ ਇਹ ਸੁਨੇਹਾ ਤਾਂ ਦੇ ਹੀ ਦਿੱਤਾ ਹੈ ਕਿ ਹੁਣ ਸਭਨਾਂ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਹੀ ਪਵੇਗਾ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਹਾਈਕਮਾਨ ਪੰਜਾਬ ਦੇ ਨੇਤਾਂਵਾਂ ਦਾ ਸਿਆਸੀ ਕੱਦ ਜਾਨਣ ਲਈ ਪਹਿਲਾਂ ਹੀ ਸਰਵੇ ਕਰਵਾ ਚੁਕੀ ਹੈ। ਇਸਦੇ ਲਈ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਨੂੰ ਪੰਜਾਬ ਦਾ ਆਬਜ਼ਰਵਰ ਨਿਯੁਕਤ ਕੀਤਾ ਜਾ ਚੁਕਾ ਹੈ। ਇਹ ਟੀਮ ਪੰਜਾਬ ਦੇ ਕਈ ਖੇਤਰਾਂ ਦਾ ਦੌਰਾ ਕਰਕੇ ਤੇ ਸਮਾਜ ਦੇ ਕਈ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਹੜਾ ਨੇਤਾ ਕਿੰਨੇ ਕੁ ਪਾਣੀ `ਚ ਹੈ। ਕੁਝ ਵੀ ਹੋਵੇ ਪੰਜਾਬ ਕਾਂਗਰਸ ਪ੍ਰਧਾਨ ਦੀ ਚੋਣ ਅੱਜ ਯਾਨੀ ਸੋਮਵਾਰ ਦੇਰ ਸ਼ਾਮ ਤਕ ਹੋਣ ਦੀ ਪੂਰੀ ਸੰਭਾਵਨਾ ਹੈ, ਇਸਤੋਂ ਬਾਅਦ ਹੀ ਪਤਾ ਲੱਗੇਗਾ ਕਿ ਪੰਜਾਬ ਦੀ ਸਿਆਸਤ ਦਾ ਅਸਲੀ ਸਰਦਾਰ ਬਣਨ ਲਈ ਕੌਣ ਨਿੱਤਰਦਾ ਹੈ।


