Friday, 19 June 2026

ਕਿਹਾ : ਜਿੱਥੇ ਵੀ ਕਿਸਾਨ ਸੱਦਣਗੇ ਉਹ ਨੰਗੇ ਪੈਰੀਂ ਪਹੁੰਚਣਗੇ
ਪਟਿਆਲਾ/ਬਿਊਰੋ ਨਿਊਜ਼ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਆਪਣੇ ਪਟਿਆਲੇ ਦੌਰੇ ਦੌਰਾਨ ਕਿਹਾ ਕਿ ਜਿੱਥੇ ਵੀ ਕਿਸਾਨ ਗੱਲਬਾਤ ਲਈ ਬੁਲਾਉਣਗੇ ਉਹ ਨੰਗੇ ਪੈਰੀਂ ਜਾਣ ਲਈ ਤਿਆਰ ਹਨ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਨਗਰ ਨਿਗਮ ਚੋਣਾਂ ਨੂੰ ਲੈ ਕੇ ਉਨ੍ਹਾਂ ਆਈਪੀਐਸ ਅਤੇ ਆਈਏਐਸ ਅਧਿਕਾਰੀਆਂ ਨੂੰ ਡਿਊਟੀ ਵਿਚ ਕੋਈ ਕੋਤਾਹੀ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਆਈਪੀਐਸ ਤੇ ਆਈਏਐਸ ਅਧਿਕਾਰੀ ਕੇਂਦਰ ਸਰਕਾਰ ਦੇ ਅਧੀਨ ਹਨ, ਇਸ ਲਈ ਉਹ ਚੋਣਾਂ ਦੌਰਾਨ ਸੂਬਾ ਸਰਕਾਰ ਦੇ ਆਖੇ ਲੱਗ ਕੇ ਆਪਣੀ ਡਿਊਟੀ ਵਿੱਚ ਕੋਤਾਹੀ ਨਾ ਕਰਨ, ਨਹੀਂ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਵੱਖ-ਵੱਖ ਥਾਵਾਂ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਨੂੰ ਪੁਲੀਸ ਵੱਲੋਂ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

ਹਫਤੇ ’ਚ ਦੋ ਵਾਰ ਈਡੀ ਤੇ ਸੀਬੀਆਈ ਸਾਹਮਣੇ ਨਹੀਂ ਹੋਣਾ ਪਵੇਗਾ ਪੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੂੰ ਅੱਜ ਸੁਪਰੀਮ ਕੋਰਟ ਨੇ ਰਾਹਤ ਦਿੰਦਿਆਂ ਜ਼ਮਾਨਤ ਸ਼ਰਤਾਂ ਵਿਚ ਛੋਟ ਦੇ ਦਿੱਤੀ ਹੈ। ਇਸ ਛੂਟ ਦੇ ਤਹਿਤ ਹੁਣ ਮਨੀਸ਼ ਸਿਸੋਦੀਆ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਭਿ੍ਰਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਹਫ਼ਤੇ ’ਚ ਦੋ ਵਾਰ ਸੀਬੀਆਈ ਤੇ ਈਡੀ ਦੇ ਜਾਂਚ ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਕਿ ਹਫ਼ਤੇ ’ਚ ਦੋ ਵਾਰ ਪੇਸ਼ ਹੋਣਾ ਜ਼ਰੂਰੀ ਨਹੀਂ ਹੈ। ਪਰ ਮਨੀਸ਼ ਸਿਸੋਦੀਆ ਨੂੰ ਸੁਣਵਾਈ ਦੌਰਾਨ ਅਦਾਲਤ ਵਿਚ ਮੌਜੂਦ ਰਹਿਣਾ ਹੋਵੇਗਾ। ਜਦਕਿ ਇਸ ਤੋਂ ਪਹਿਲਾਂ ਕੋਰਟ ਨੇ ਸ਼ਰਤ ਲਗਾਈ ਸੀ ਕਿ ਹਰ ਸੋਮਵਾਰ ਅਤੇ ਵੀਰਵਾਰ ਨੂੰ ਸਵੇਰੇ 10 ਤੋਂ 11 ਵਜੇ ਦੇ ਦਰਮਿਆਨ ਮਨੀਸ਼ ਸਿਸੋਦੀਆ ਜਾਂਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ। ਪਿਛਲੀ ਸੁਣਵਾਈ ਦੌਰਾਨ ਸਿਸੋਦੀਆ ਦੇ ਵਕੀਲ ਨੇ ਦੱਸਿਆ ਕਿ ‘ਆਪ’ ਆਗੂ 60 ਵਾਰ ਜਾਂਚ ਅਧਿਕਾਰੀਆਂ ਅੱਗੇ ਪੇਸ਼ ਹੋ ਚੁੱਕੇ ਹਨ।


ਚੀਮਾ, ਰਣੀਕੇ, ਗਾਬੜੀਆ ਅਤੇ ਸੁੱਚਾ ਸਿੰਘ ਲੰਗਾਹ ਨੇ ਨਿਭਾਈ ਆਪਣੀ ਸੇਵਾ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਜਿਸ ਦੇ ਚਲਦਿਆਂ ਸੁਖਬੀਰ ਬਾਦਲ ਅਤੇ ਹੋਰ ਆਗੂ ਆਪਣੀ ਸੇਵਾ ਨਿਭਾਉਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਨਿਭਾਈ। ਸੁਖਬੀਰ ਬਾਦਲ ਨੇ ਸੇਵਾਦਾਰ ਵਾਲਾ ਚੋਲਾ ਪਹਿਨ ਕੇ ਅਤੇ ਹੱਥ ਵਿਚ ਬਰਛਾ ਫੜ ਕੇ ਸੇਵਾ ਕੀਤੀ ਅਤੇ ਭਲਕੇ ਵੀਰਵਾਰ ਨੂੰ ਉਹ ਇਥੇ ਹੀ ਸੇਵਾਦਾਰ ਵਜੋਂ ਆਪਣੀ ਸੇਵਾ ਨਿਭਾਉਣਗੇ। ਇਸ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਣੀਕੇ ਅਤੇ ਸੁੱਚਾ ਲੰਗਾਹ ਆਦਿ ਆਗੂਆਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਬੈਠ ਕੇ ਕੀਰਤਨ ਸਰਵਣ ਕੀਤਾ। ਸੁਖਬੀਰ ਬਾਦਲ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਚੱਪੇ-ਚੱਪੇ ’ਤੇ ਪੁਲਿਸ ਤਾਇਨਾਤ ਕੀਤੀ ਗਈ ਅਤੇ ਸਾਰਿਆਂ ਨੂੰ ਚੈਕਿੰਗ ਕਰਕੇ ਅੰਦਰ ਭੇਜਿਆ ਜਾ ਰਿਹਾ ਹੈ।

ਕਿਹਾ : 2027 ’ਚ ਸਰਕਾਰ ਬਣਾਉਣ ਲਈ ਅਕਾਲੀ-ਭਾਜਪਾ ਨੂੰ ਹੋਣਾ ਪਵੇਗਾ ਇਕੱਠੇ

ਤਲਵੰਡੀ ਸਾਬੋ/ਬਿਊਰੋ ਨਿਊਜ਼ : ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਇਕੱਠੇ ਹੋਵਾਂਗੇ ਤਾਂ ਹੀ 2027 ’ਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਇਸ ਦੇ ਲਈ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਵੀ ਨਾਲ ਮਿਲਾਉਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਨੂੰ ਜੋ ਧਾਰਮਿਕ ਸਜਾ ਲਗਾਈ ਗਈ ਹੈ ਅਸੀਂ ਸਾਰੇ ਉਸ ਨੂੰ ਹੁਕਮ ਮੰਨ ਕੇ ਨਿਭਾਅ ਰਹੇ ਹਾਂ।  ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਹੋਵੇਗੀ ਅਤੇ ਉਸ ਤੋਂ ਬਾਅਦ ਪਿਛਲੇ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਵਿਵਾਦ ਖਤਮ ਹੋ ਜਾਵੇਗਾ। ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਵੀ ਸਾਰੇ ਅਕਾਲੀ ਆਗੂਆਂ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਅਕਾਲੀ ਆਗੂਆਂ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਨੂੰ ਮੁੜ ਤੋਂ ਇਕਜੁੱਟ ਹੋਣ ਦੀ ਗੱਲ ਆਖੀ ਜਾ ਚੁੱਕੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.