Friday, 19 June 2026

ਡੱਲੇਵਾਲ ਦੇ ਕਿਸੇ ਵੀ ਘਰ ’ਚ ਨਹੀਂ ਬਲਿਆ ਚੁੱਲ੍ਹਾ, ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਰਹੀ ਭੁੱਖ ਹੜਤਾਲ

ਫਰੀਦਕੋਟ/ਬਿਊਰੋ ਨਿਊਜ਼ : ਕੇਂਦਰ ਸਰਕਾਰ ਕੋਲੋਂ ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ’ਤੇ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦੇ ਸਮਰਥਨ ’ਚ ਅੱਜ ਉਨ੍ਹਾਂ ਦੇ ਪਿੰਡ ਨਿਵਾਸੀ ਵੀ ਉਤਰ ਆਏ ਹਨ ਅਤੇ ਡੱਲੇਵਾਲ ’ਚ ਕਿਸੇ ਵੀ ਘਰ ਅੱਜ ਚੁੱਲ੍ਹਾ ਨਹੀਂ ਬਲਿਆ। ਡੱਲੇਵਾਲ ਨਿਵਾਸੀਆਂ ਨੇ ਅੱਜ ਸਮੂਹਿਕ ਰੂਪ ਵਿਚ ਭੁੱਖ ਹੜਤਾਲ ਰੱਖੀ ਅਤੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀਕਲਾ ਲਈ ਅਰਦਾਸ ਵੀ ਕੀਤੀ। ਇਸੇ ਤਰ੍ਹਾਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਪਿਛਲੇ ਲੰਬੇ ਸਮੇਂ ਤੋਂ ਧਰਨੇ ’ਤੇ ਬੈਠੇ ਕਿਸਾਨ ਆਗੂਆਂ ਅਤੇ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿਚ ਅੱਜ ਭੁੱਖ ਹੜਤਾਲ ਕੀਤੀ ਗਈ।

ਅਕਾਲੀ ਦਲ ਨੇ ਪੰਜ ਨਗਰ ਨਿਗਮਾਂ ਲਈ ਅਬਜਰਵਰ ਕੀਤੇ ਨਿਯੁਕਤ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਪੰਜ ਨਗਰ ਨਿਗਮਾਂ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਿਆ ਹੈ। ਇਸ ਤੋਂ ਬਾਅਦ ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਅੰਦਰ ਹਲਚਲ ਪੈਦਾ ਹੋ ਗਈ ਹੈ। 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਸਬੰਧੀ ਐਲਾਨ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ੋ੍ਰਮਣੀ ਅਕਾਲੀ ਦਲ ਨੇ ਵੀ ਨਗਰ ਨਿਗਮ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਅਤੇ ਅਕਾਲੀ ਦਲ ਨੇ ਪੰਜ ਨਿਗਮ ਨਿਗਮਾਂ ਲਈ ਅਬਜਰਵਰ ਵੀ ਨਿਯੁਕਤ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਕਾਰਨ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਵਿਚ ਹੋਈਆਂ  ਚਾਰ ਜ਼ਿਮਨੀ ਚੋਣਾਂ ਨਹੀਂ ਲੜ ਸਕਿਆ ਸੀ।

 

ਪਾਰਟੀ ਦੇ ਸੀਨੀਅਰ ਆਗੂਆਂ ਨੂੰ ਚੋਣਾਂ ਲਈ ਇੰਚਾਰਜ ਕੀਤਾ ਨਿਯੁਕਤ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਹੋਈਆਂ ਚਾਰ ਜ਼ਿਮਨੀ ਚੋਣਾਂ ਦੌਰਾਨ ਭਾਵੇਂ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬੀ ਹਾਸਲ ਨਹੀਂ ਹੋਈ। ਪਰ ਪਾਰਟੀ ਨੇ ਪੰਜ ਨਗਰ ਨਿਗਮਾਂ ਅਤੇ 43 ਨਗਰ ਕੌਸਲਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਨੇ ਇਨ੍ਹਾਂ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ। ਭਾਜਪਾ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਸਾਬਕਾ ਮੰਤਰੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ, ਤਾਂ ਜੋ ਸ਼ਹਿਰੀ ਖੇਤਰਾਂ ਵਿਚ ਇਨ੍ਹਾਂ ਚੋਣਾਂ ਦੌਰਾਨ ਜਿੱਤ ਹਾਸਲ ਕੀਤੀ ਜਾ ਸਕੇ। ਭਾਜਪਾ ਨਗਰ ਨਿਗਮ ਅਤੇ ਨਗਰ ਕੌਂਸਲਾਂ ਚੋਣਾਂ ਨੂੰ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖ ਰਹੀ ਹੈ, ਕਿਉਂਕਿ ਸ਼ਹਿਰੀ ਖੇਤਰਾਂ ਵਿਚ ਭਾਜਪਾ ਦਾ ਆਧਾਰ ਮਜ਼ਬੂਤ ਹੋਇਆ ਹੈ। ਭਾਜਪਾ ਵੱਲੋਂ ਨਿਯੁਕਤ ਕੀਤੇ ਗਏ ਇੰਚਾਰਜਾਂ ਵਿਚ ਸ਼ਵੇਤ ਮਲਿਕ, ਪ੍ਰਨੀਤ ਕੌਰ, ਵਿਜੇ ਸਾਂਪਲਾ, ਸੋਮ ਪ੍ਰਕਾਸ਼, ਹਰਜੀਤ ਗਰੇਵਾਲ ਅਤੇ ਕੇਵਲ ਢਿੱਲੋਂ ਆਦਿ ਦਾ ਨਾਮ ਸ਼ਾਮਲ ਹੈ।

ਐਵਾਰਡ ਹਾਸਲ ਕਰਨ ਵਾਲਿਆਂ ’ਚ ਤਿੰਨ ਆਈਪੀਐਸ ਅਤੇ 7 ਪੀਪੀਐਸ ਅਧਿਕਾਰੀ ਸ਼ਾਮਲ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਦੇ ਤਿੰਨ ਆਈਪੀਐਸ ਅਫ਼ਸਰਾਂ ਸਮੇਤ 18 ਅਧਿਕਾਰੀਆਂ ਨੂੰ ਡੀਜੀਪੀ ਡਿਸਕ ਐਵਾਰਡ ਦਿੱਤਾ ਜਾਵੇਗਾ। ਇਹ ਐਵਾਰਡ ਵਧੀਆ ਸੇਵਾਵਾਂ ਦੇਣ ਬਦਲੇ ਸਬੰਧਤ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਜਾਰੀ ਕੀਤੀ ਗਈ ਸੂਚੀ ’ਚ ਐਸਐਸਪੀ ਪਟਿਆਲਾ ਨਾਨਕ ਸਿੰਘ, ਐਸਐਸਪੀ ਸੰਗਰੂਰ ਸਰਤਾਜ ਸਿੰਘ ਚਹਿਲ, ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਅਤੇ ਐਸਐਸਪੀ ਮਾਲੇਰਕੋਟਲਾ ਗਗਨਜੀਤ ਸਿੰਘ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਹੋਰ ਬ੍ਰਾਂਚਾਂ ਵਿਚ ਤਾਇਨਾਤ ਅਫ਼ਸਰਾਂ ਦੇ ਨਾਮ ਵੀ ਇਸ ਸੂਚੀ ਵਿਚ ਦਰਜ ਹਨ। ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਸਬੰਧੀ ਬੋਲਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਈਮਾਨਦਾਰੀ ਅਤੇ ਲਗਨ ਨਾਲ ਕਿਸੇ ਮੁਸ਼ਕਿਲ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਪੁਲਿਸ ਵਿਭਾਗ ਦੀ ਸ਼ਾਨ ਹਨ ਅਤੇ ਇਹ ਸਾਰੇ ਅਧਿਕਾਰੀ ਪੁਲਿਸ ਵਿਭਾਗ ’ਚ ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣਨਗੇ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.