Friday, 19 June 2026

ਮੋਦੀ, ਧਨਖੜ ਤੇ ਰਾਹੁਲ ਗਾਂਧੀ ਸਮੇਤ ਹੋਰਨਾਂ ਆਗੂਆਂ ਵੱਲੋਂ ਸ਼ਹੀਦਾਂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ 

ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਭਵਨ ’ਤੇ ਹੋਏ ਹਮਲੇ ਦੀ ਅੱਜ 23ਵੀਂ ਬਰਸੀ ਮਨਾਈ ਗਈ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕ ਅਰਜੁਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਕਿਰਨ ਰਿਜਿਜੂ ਸਮੇਤ ਹੋਰਨਾਂ ਆਗੂਆਂ ਵੱਲੋਂ ਹਮਲੇ ਵਿਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜ਼ਿਕਰਯੋਗ ਹੈ ਕਿ 23 ਸਾਲ ਪਹਿਲਾਂ 13 ਦਸੰਬਰ 2001 ਨੂੰ ਭਾਰਤੀ ਸੰਸਦ ’ਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦੌਰਾਨ ਜਵਾਨਾਂ ਸਮੇਤ 14 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਸੁਰੱਖਿਆ ਕਰਮੀਆਂ ਨੇ ਹਮਲਾ ਕਰਨ ਵਾਲੇ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਜਦਕਿ ਹਮਲੇ ਦੇ ਮੁੱਖ ਮੰਤਰੀ ਆਰੋਪੀ ਅਫਜਲ ਗੁਰੂ ਬਾਅਦ ਤਿਹਾੜ ਜੇਲ੍ਹ ’ਚ ਫਾਂਸੀ ਦਿੱਤੀ ਗਈ ਸੀ।

ਕੇਜਰੀਵਾਲ ਖਿਲਾਫ਼ ਕਾਂਗਰਸ ਨੇ ਸੰਦੀਪ ਦੀਕਸ਼ਤ ਨੂੰ ਮੈਦਾਨ ’ਚ ਉਤਾਰਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਸਾਲ 2025 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਦਿੱਲੀ ਸ਼ਹਿਰੀ ਇਕਾਈ ਦੇ ਮੁਖੀ ਦੇਵੇਂਦਰ ਯਾਦਵ ਨੂੰ ਬਾਦਲੀ ਤੋਂ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਤ ਨੂੰ ਨਵੀਂ ਦਿੱਲੀ ਤੋਂ ਉਮੀਦਵਾਰ ਬਣਾਇਆ ਹੈ। ਧਿਆਨ ਰਹੇ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਮੌਜੂਦਾ ਵਿਧਾਇਕ ਹਨ। ਉਮੀਦ ਹੈ ਕਿ ਸੰਦੀਪ ਦੀਕਸ਼ਤ ਦਾ ਮੁਕਾਬਲਾ ਅਰਵਿੰਦ ਕੇਜਰੀਵਾਲ ਨਾਲ ਹੋਵੇਗਾ। ਇਸੇ ਤਰ੍ਹਾਂ ਕਾਂਗਰਸ ਨੇ ਬੱਲੀਮਾਰਨ ਤੋਂ ਹਾਰੂਨ ਯੂਸਫ, ਪਟਪੜਗੰਜ ਤੋਂ ਚੌਧਰੀ ਅਨਿਲ ਕੁਮਾਰ, ਵਜ਼ੀਰਪੁਰ ਤੋਂ ਰਾਗਿਨੀ ਨਾਇਕ ਅਤੇ ਦਵਾਰਕਾ ਤੋਂ ਆਦਰਸ਼ ਸ਼ਾਸਤਰੀ ਨੂੰ ਵੀ ਉਮੀਦਵਾਰ ਬਣਾਇਆ ਹੈ। ਜਦਕਿ ਅਲੀ ਮਹਿੰਦੀ ਮੁਸਤਫਾਬਾਦ ਤੋਂ, ਅਬਦੁਲ ਰਹਿਮਾਨ ਸੀਲਮਪੁਰ ਤੋਂ, ਰੋਹਿਤ ਚੌਧਰੀ ਨਾਂਗਲੋਈ ਜਾਟ ਤੋਂ ਅਤੇ ਪ੍ਰਵੀਨ ਜੈਨ ਸ਼ਾਲੀਮਾਰ ਬਾਗ ਤੋਂ ਚੋਣ ਲੜਨਗੇ।

ਅਗਲੇ ਹਫ਼ਤੇ ਸੰਸਦ ’ਚ ਲਿਆਂਦਾ ਜਾਵੇਗਾ ਬਿਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਇਕ ਦੇਸ਼-ਇਕ ਚੋਣ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਗਲੇ ਹਫਤੇ ਤੱਕ ਇਸ ਬਿਲ ਨੂੰ ਸੰਸਦ ’ਚ ਪੇਸ਼ ਕੀਤਾ ਜਾ ਸਕਦਾ ਹੈ। ਮੋਦੀ ਸਰਕਾਰ ਇਸ ਬਿਲ ’ਤੇ ਆਮ ਸਹਿਮਤੀ ਬਣਾਉਣਾ ਚਾਹੁੰਦੀ ਹੈ ਅਤੇ ਸੰਸਦ ਤੋਂ ਬਿਲ ਨੂੰ ਚਰਚਾ ਦੇ ਲਈ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲ ਭੇਜਿਆ ਜਾਵੇਗਾ। ਜੁਆਇੰਟ ਪਾਰਲੀਮੈਂਟਰੀ ਕਮੇਟੀ ਇਸ ਬਿਲ ਸਬੰਧੀ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਚਰਚਾ ਕਰੇਗੀ। ਕਮੇਟੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਇਕ ਦੇਸ਼-ਇਕ ਚੋਣ ਲਾਗੂ ਕਰਨ ਦੇ ਲਈ ਕਈ ਰਾਜਾਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਘਟੇਗਾ। ਜਿਨ੍ਹਾਂ ਸੂਬਿਆਂ ’ਚ ਚੋਣਾਂ 2023 ਦੇ ਅਖੀਰ ’ਚ ਹੋਈਆਂ ਹਨ ਉਨ੍ਹਾਂ ਦਾ ਕਾਰਜਕਾਲ ਵਧਾਇਆ ਜਾ ਸਕਦਾ ਹੈ। ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਇਕ ਦੇਸ਼-ਇਕ ਚੋਣ ਵਾਲਾ ਕਾਨੂੰਨ 2029 ਤੋਂ ਹੀ ਲਾਗੂ ਹੋ ਸਕਦਾ ਹੈ।

14 ਦਸੰਬਰ ਨੂੰ ਚੰਡੀਗੜ੍ਹ ’ਚ ਹੋਣਾ ਹੈ ਦਿਲਜੀਤ ਦੁਸਾਂਝ ਦਾ ਲਾਈਵ ਕੰਸਰਟ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਚੇਅਰਪਰਸਨ ਵੱਲੋਂ 14 ਦਸੰਬਰ ਨੂੰ ਚੰਡੀਗੜ੍ਹ ’ਚ ਹੋਣ ਵਾਲੇ ਸ਼ੋਅ ਤੋਂ ਪਹਿਲਾਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕਮਿਸ਼ਨ ਦੀ ਚੇਅਰਪਰਸਨ ਸਪਿਰਾ ਬਾਂਸਲ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਦੋਸਾਂਝ ਦੇ ਪਿਛਲੇ ਸਮਾਰੋਹ ਦੌਰਾਨ ਬੱਚਿਆਂ ਨੂੰ ਸਟੇਜ ’ਤੇ ਬੁਲਾਇਆ ਗਿਆ ਸੀ ਅਤੇ ਕਈ ਵਾਰ ਕੁਝ ਅਜਿਹੇ ਗੀਤ ਚਲਾਏ ਜਾਂਦੇ ਹਨ ਜੋ ਬੱਚਿਆਂ ਲਈ ਚੰਗੇ ਨਹੀਂ ਹੁੰਦੇ। ਐਡਵਾਈਜ਼ਰੀ ਵਿੱਚ ਕਿਹਾ ਗਿਆ ਕਿ ‘‘ਪਟਿਆਲਾ ਪੈਗ’’,‘‘5 ਤਾਰਾ’’ ਅਤੇ ‘‘ਕੇਸ’’ ਵਰਗੇ ਗੀਤਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਇਨ੍ਹਾਂ ਗੀਤਾਂ ਵਿਚ ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਸਾਊਂਡ ਦੀ ਅਵਾਜ਼ ਵੀ ਘੱਟ ਰੱਖਣ ਲਈ ਕਿਹਾ ਗਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.