Friday, 19 June 2026

 

ਹਰਿਆਣਾ ਪੁਲਿਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ, ਕਈ ਕਿਸਾਨ ਹੋਏ ਜ਼ਖਮੀ

ਸ਼ੰਭੂ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜਥਾ ਅੱਜ ਦਿੱਲੀ ਲਈ ਰਵਾਨਾ ਹੋਇਆ ਪ੍ਰੰਤੂ ਘੱਗਰ ਨਦੀ ਦੇ ਪੁਲ ’ਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਜਥੇ ਨੂੰ ਰੋਕ ਦਿੱਤਾ। ਇਥੇ ਕਾਫੀ ਸਮੇਂ ਤੱਕ ਕਿਸਾਨਾਂ ਅਤੇ ਪੁਲਿਸ ਅਧਿਕਾਰੀਆਂ ਦਰਮਿਆਨ ਬਹਿ ਹੋਈ। ਇਸ ਤੋਂ ਬਾਅਦ ਕਿਸਾਨਾਂ ਨੇ ਇਥੇ ਲੱਗੀ ਜਾਲੀ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਅਤੇ ਹਰਿਆਣਾ ਪੁਲਿਸ ਨੇ ਕਿਸਾਨਾ ’ਤੇ ਅੱਥਰੂ ਗੈਸ ਦੇ ਗੋਲੇ ਦਾਗ ਦਿੱਤੇ। ਇਸ ਦੌਰਾਨ 9 ਕਿਸਾਨ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਕਿਸਾਨਾਂ ਦਾ ਆਰੋਪ ਹੈ ਕਿ ਹਰਿਆਣਾ ਪੁਲਿਸ ਨੇ ਰਾਕੇਟ ਲਾਂਚਰ ਰਾਹੀਂ ਬੰਬ ਅਤੇ ਗੋਲੀਆਂ ਚਲਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਵਾਰ ਹਰਿਆਣਾ ਪੁਲਿਸ ਨੇ ਕਿਸਾਨ ਜਥਿਆਂ ਨੂੰ ਅੱਗੇ ਨਹੀਂ ਸੀ ਵਧਣ ਦਿੱਤਾ। ਉਧਰ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਅਤੇ ਉਨ੍ਹਾਂ ਦੀ ਸਿਹਤ ਵਿਚ ਕਾਫੀ ਗਿਰਾਵਟ ਆ ਚੁੱਕੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੂਰਾ ਦੇਸ਼ ਚਿੰਤਤ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ।

  

 

ਕਿਹਾ : ਧਾਮੀ ਦੀ ਸ਼ਬਦਾਵਲੀ ਨੇ ਸਮੁੱਚੀ ਔਰਤ ਜਾਤ ਕੀਤਾ ਹੈ ਸ਼ਰਮਸ਼ਾਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੀਬੀ ਜਗੀਰ ਕੌਰ ਖਿਲਾਫ਼ ਵਰਤੇ ਅਪਮਾਨਜਨਕ ਸ਼ਬਦਾਂ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕਟ ਹਰਜਿੰਦਰ ਸਿੰਘ ਧਾਮੀ ਨੂੰ ਈਮੇਲ ਰਾਹੀਂ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਐਡਵੋਕੇਟ ਧਾਮੀ ਵੱਲੋਂ ਵਰਤੀ ਗਈ ਸ਼ਬਦਾਵਲੀ ਨਾਲ ਸਮੁੱਚੀ ਔਰਤ ਜਾਤ ਸ਼ਰਮਸ਼ਾਰ ਹੋਈ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਵੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਵਿਚ ਮਹਿਲਾ ਕਮਿਸ਼ਨ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਕਿਉਂਕਿ ਇਹ ਸਿਰਫ਼ ਬੀਬੀ ਤੱਕ ਸੀਮਤ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਐਡਵੋਕੇਟ ਧਾਮੀ ਮੁਆਫ਼ੀਨਾਮੇ ਦੇ ਪਿੱਛੇ ਲੁੱਕ ਨਹੀਂ ਸਕਦੇ ਤੇ ਉਨ੍ਹਾਂ ਨੂੰ ਚਾਰ ਦਿਨ ਦੇ ਅੰਦਰ ਪੇਸ਼ ਹੋਣ ਲਈ ਅਸੀਂ ਨੋਟਿਸ ਜਾਰੀ ਕੀਤਾ ਹੈ। ਧਿਆਨ ਰਹੇ ਕਿ ਲੰਘੇ ਦਿਨੀਂ ਐਡਵੋਕੇਟ ਧਾਮੀ ਨੇ ਫੋਨ ’ਤੇ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਸਬੰਧੀ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲੋਂ ਲਿਖਤੀ ਰੂਪ ਵਿਚ ਮੁਆਫ਼ੀ ਵੀ ਮੰਗ ਲਈ ਸੀ।

ਮੁੱਖ ਮੰਤਰੀ ਮਾਨ ਬੋਲੇ : ਛੋਟੇ ਭਰਾ ਨਾਲ ਮੁਲਾਕਾਤ ਕਰਕੇ ਮਿਲਿਆ ਮਨ ਨੂੰ ਸਕੂਨ

ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ ਸੈਕਟਰ 34 ਸਥਿਤ ਮੇਲਾ ਗਰਾਊਂਡ ’ਚ ਅੱਜ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਲਾਈਵ ਕੰਨਸਰਟ ਆਯੋਜਿਤ ਹੋਣਾ ਹੈ। ਇਸ ਕੰਨਸਰਟ ਤੋਂ ਪਹਿਲਾਂ ਕਾਫ਼ੀ ਵਿਵਾਦ ਖੜ੍ਹਾ ਹੋਇਆ ਅਤੇ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਸੀ ਅਤੇ ਅੰਤ ਇਸ ਪ੍ਰੋਗਰਾਮ ਨੂੰ ਆਗਿਆ ਮਿਲ ਗਈ। ਲਾਈਵ ਸ਼ੋਅ ਤੋਂ ਪਹਿਲਾਂ ਦਿਲਜੀਤ ਦੁਸਾਂਝ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀ ਬੋਲੀ ਨੂੰ ਸਰਹੱਦਾਂ ਤੋਂ ਪਾਰ ਲਿਜਾਣ ਵਾਲੇ ਛੋਟੇ ਭਰਾ ਦਿਲਜੀਤ ਦੁਸਾਂਝ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਈਚਾਰੇ ਦੇ ਪਹਿਰੇਦਾਰਾਂ ਨੂੰ ਹਮੇਸ਼ਾਂ ਤਰੱਕੀ ਅਤੇ ਖੁਸ਼ਹਾਲੀ ਬਖਸ਼ੇ। ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਦੇ ਕੰਨਸਰਟ ਨੂੰ ਲੈ ਕੇ ਹੁਣ ਸਾਰੀਆਂ ਦਿੱਕਤਾਂ ਦੂਰ ਹੋ ਚੁੱਕੀਆਂ ਅਤੇ ਇਹ ਪ੍ਰੋਗਰਾਮ ਅੱਜ ਸ਼ਾਮ ਨੂੰ ਹੋਵੇਗਾ।

 

ਕਿਹਾ : ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ

ਹੈਦਰਾਬਾਦ/ਬਿਊਰੋ ਨਿਊਜ਼ : ਫਿਲਮ ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਅੱਜ 18 ਘੰਟਿਆਂ ਮਗਰੋਂ ਸਵੇਰੇ ਲਗਭਗ  6.30 ਵਜੇ ਚੰਚਲਗੁਡਾ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਨ੍ਹਾਂ ਦੇ ਪਿਤਾ ਅੱਲੂ ਅਰਾਵਿੰਦ ਅਤੇ ਸਹੁਰਾ ਕੰਚਰਲਾ ਚੰਦਰਸ਼ੇਖਰ ਰੈੱਡੀ ਉਸ ਨੂੰ ਲੈਣ ਲਈ ਜੇਲ੍ਹ ਪੁੱਜੇ ਸਨ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅੱਲੂ ਅਰਜਨ ਗੀਤਾ ਆਰਟਸ ਪ੍ਰੋਡਕਸ਼ਨ ਹਾਊਸ ਪਹੁੰਚੇ। ਇਸ ਤੋਂ ਬਾਅਦ ਅੱਲੂ ਹੈਦਰਾਬਾਦ ਸਥਿਤ ਆਪਣੇ ਘਰ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਫਿਰ ਬਾਹਰ ਆਏ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪਿਆਰ ਅਤੇ ਸਮਰਥਨ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ। ਅੱਲੂ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਮੈਂ ਬਿਲਕੁਲ ਠੀਕ ਹਾਂ! ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ। ਮੈਂ ਇਕ ਵਾਰ ਫਿਰ ਪੀੜਤ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਇਹ ਇਕ ਮੰਦਭਾਗੀ ਘਟਨਾ ਸੀ ਅਤੇ ਜੋ ਕੁੱਝ ਵੀ ਹੋਇਆ ਉਸ ਲਈ ਸਾਨੂੰ ਅਫਸੋਸ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.