Friday, 19 June 2026

ਕਿਹਾ : ਮੈਂ ਸਮੁੱਚੀ ਔਰਤ ਸ਼੍ਰੇਣੀ ਕੋਲੋਂ ਮੁਆਫ਼ੀ ਮੰਗਦਾ ਹਾਂ

ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਵਿਖੇ ਇੱਕ ਪੱਤਰ ਸੌਂਪ ਕੇ ਉਨ੍ਹਾਂ ਕੋਲੋਂ ਜਾਣੇ ਅਨਜਾਣੇ ਵਿੱਚ ਹੋਈ ਗਲਤੀ ਲਈ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਮੁੱਚੀ ਔਰਤ ਸ਼੍ਰੇਣੀ ਕੋਲੋਂ ਮੁਆਫ਼ੀ ਮੰਗੀ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਿੱਤੇ ਆਪਣੇ ਇਸ ਪੱਤਰ ਵਿੱਚ ਉਹਨਾਂ ਕਿਹਾ ਕਿ ਜਾਣੇ ਅਣਜਾਣੇ ਵਿੱਚ ਅਪਸ਼ਬਦ ਬੋਲੇ ਗਏ ਹਨ, ਜਿਸ ਦੀ ਉਹ ਖਿਮਾ ਯਾਚਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਲੰਘੇ ਦਿਨੀਂ ਇੱਕ ਵਿਅਕਤੀ ਨਾਲ ਮੋਬਾਈਲ ਫੋਨ ਉੱਤੇ ਗੱਲ ਕਰਦਿਆਂ ਉਹਨਾਂ ਕੋਲੋਂ ਕੁਝ ਇਤਰਾਯੋਗ ਸ਼ਬਦਾਵਲੀ ਵਰਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਜਾਣੇ ਅਣਜਾਣੇ ਵਿੱਚ ਹੋਇਆ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਇੱਕ ਜਿੰਮੇਵਾਰ ਪੰਥਕ ਅਹੁਦੇ ’ਤੇ ਹੁੰਦੇ ਹੋਇਆਂ ਉਹਨਾਂ ਨੂੰ ਅਜਿਹੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇੱਕ ਔਰਤ ਪ੍ਰਤੀ ਜੋ ਕੁਝ ਬੋਲਿਆ ਹੈ, ਉਸ ਦੀ ਉਹ ਬੀਬੀ ਜਗੀਰ ਕੌਰ ਅਤੇ ਸਮੁੱਚੀ ਔਰਤ ਸ਼੍ਰੇਣੀ ਕੋਲੋਂ ਨਿਮਰਤਾ ਸਹਿਤ ਮੁਆਫ਼ੀ ਮੰਗਦੇ ਹਨ। 

 

ਕਿਹਾ : ਜਲਦੀ ਹੀ ਅਧਿਆਪਕਾਂ ਦਾ ਦੂਜਾ ਬੈਚ ਟ੍ਰੇਨਿੰਗ ਲਈ ਕੀਤਾ ਜਾਵੇਗਾ ਰਵਾਨਾ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਨਲੈਂਡ ਦੌਰੇ ਤੋਂ ਟ੍ਰੇਨਿੰਗ ਲੈ ਕੇ ਪਰਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਮੁੱਖ ਮੰਤਰੀ ਮਾਨ ਨੇ ਸਾਰੇ ਟੀਚਰਾਂ ਤੋਂ ਫਿਨਲੈਂਡ ਦੌਰ ਦੇ ਅਨੁਭਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਮਾਨ ਨੇ ਕਿ ਇਸ ਵਾਰ ਫਿਨਲੈਂਡ ਗਏ ਅਧਿਆਪਕ ਦੀਵਾਲੀ ਆਪਣੇ ਘਰ ਨਹੀਂ ਸਕੇ ਪ੍ਰੰਤੂ ਅਗਲੀ ਦੋ ਦੀਵਾਲੀਆਂ ਇਕੱਠੀਆਂ ਮਨਾਵਾਂਗੇ ਅਤੇ ਇਸ ਵਾਰ ਦੀ ਮਿਸ ਹੋਈ ਦੀਵਾਲੀ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰਹੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਅਧਿਆਪਕਾਂ ਦਾ ਦੂਜਾ ਬੈਚ ਟੇ੍ਰਨਿੰਗ ਲਈ ਫਿਨਲੈਂਡ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਅਧਿਆਪਕਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਅਸੀਂ ਉਥੇ ਸਿੱਖਿਆ ਕਿ ਬੱਚਿਆਂ ਨੂੰ ਅਸੀਂ ਜ਼ਿਆਦਾ ਸਮਾਂ ਸਕੂਲ ਵਿਚ ਕਿਵੇਂ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦਾ ਮਨ ਸਕੂਲ ਵਿਚ ਲੱਗੇਗਾਂ ਤਾਂ ਉਨ੍ਹਾਂ ਦਾ ਮਨ ਪੜ੍ਹਾਈ ਵਿਚ ਵੀ ਜ਼ਰੂਰ ਲੱਗੇਗਾ। ਧਿਆਨ ਰਹੇ ਕਿ ਪੰਜਾਬ ਸਰਕਾਰ ਵੱਲੋਂ ਲੰਘੇ ਦਿਨੀਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਇਕ ਬੈਚ ਟ੍ਰੇਨਿੰਗ ਲਈ ਫਿਨਲੈਂਡ ਭੇਜਿਆ ਸੀ।

ਅਰਦਾਸ ਮੌਕੇ ਦਲਜੀਤ ਚੀਮਾ, ਬਲਵਿੰਦਰ ਭੂੰਦੜ ਅਤੇ ਰਣੀਕੇ ਵੀ ਰਹੇ ਹਾਜ਼ਰ 

ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਯਾਚਨਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਾਣੀਕੇ, ਬਲਵਿੰਦਰ ਸਿੰਘ ਭੂੰਦੜ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ। ਇਸ ਤੋਂ ਪਹਿਲਾਂ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਦੀ ਫਸੀਲ ਦੇ ਸਨਮੁਖ ਪੁੱਜੇ। ਧਿਆਨ ਰਹੇ ਕਿ ਸੁਖਬੀਰ ਬਾਦਲ ਅਤੇ ਹੋਰਨਾਂ ਅਕਾਲੀ ਆਗੂਆਂ ਨੂੰ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਧਾਰਮਿਕ ਸਜ਼ਾ ਲਗਾਈ ਗਈ ਸੀ। ਪੰਜ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਖਿਲਾਫ ਲਾਏ ਗਏ ਦੋਸ਼ਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਸਿੱਖ ਸੰਗਤ ਦੇ ਸਾਹਮਣੇ ਕਬੂਲ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਤਨਖ਼ਾਹ ਦੌਰਾਨ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾਦਾਰ ਵਜੋਂ ਸੇਵਾ ਨਿਭਾਈ। 

ਕਿਹਾ : ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਜ਼ਰੂਰੀ

ਖਨੌਰੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਪੰਜਾਬ ਦੇ ਖਨੌਰੀ ਬਾਰਡਰ ਵਿਖੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਈ ਸਖਤ ਹੁਕਮ ਜਾਰੀ ਕੀਤੇ ਹਨ। ਸੁਪਰੀਮ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਕਿ ਡੱਲੇਵਾਲ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾਵੇ। ਪ੍ਰੰਤੂ ਉਨ੍ਹਾਂ ਨੂੰ ਧੱਕੇ ਨਾਲ ਖਾਣ ਲਈ ਮਜਬੂਰ ਨਾ ਕੀਤਾ ਜਾਵੇ ਜਦਕਿ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਜ਼ਰੂਰੀ ਹੈ। ਕੋਰਟ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਉਧਰ ਸੁਪਰੀਮ ਕੋਰਟ ਵਿਚ ਸ਼ੰਭੂ ਬਾਰਡਰ ਨੂੰ ਖੋਲ੍ਹਣ ਨੂੰ ਲੈ ਕੇ ਪਾਈ ਗਈ ਪਟੀਸ਼ਨ ’ਤੇ ਵੀ ਸੁਣਵਾਈ ਹੋਈ। ਸੁਣਵਾਈ ਦੌਰਾਨ ਕੋਰਟ ਨੇ ਕਿਸਾਨਾਂ ਖਿਲਾਫ਼ ਕੋਈ ਤਾਕਤ ਨਾ ਵਰਤਣ ਦਾ ਹੁਕਮ ਦਿੱਤਾ। ਕਿਸਾਨਾਂ ਨੂੰ ਸਮਝਾਉਂਦੇ ਹੋਏ ਕੋਰਟ ਨੇ ਕਿਹਾ ਕਿ ਉਹ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਪ੍ਰੰਤੂ ਹਾਈਵੇ ਨੂੰ ਖੋਲ੍ਹ ਦੇਣ ਜਾਂ ਵਿਰੋਧ ਪ੍ਰਦਰਸ਼ਨ ਦੀ ਥਾਂ ਬਦਲ ਲੈਣ।  ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਮੁੜ ਤੋਂ ਹੋਵੇਗੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.