Thursday, 18 June 2026

ਬਾਗੀ ਅਕਾਲੀ ਆਗੂ ਵੀ ਵੱਡੀ ਗਿਣਤੀ ’ਚ ਰਹੇ ਮੌਜੂਦ

ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ। ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਤੋਂ ਇਲਾਵਾ ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ ਸਮੇਤ ਵੱਡੀ ਗਿਣਤੀ ’ਚ ਬਾਗੀ ਅਕਾਲੀ ਆਗੂ ਵੀ ਮੌਜੂਦ ਸਨ। ਇਸ ਮੌਕੇ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਭਰਤੀ ਨਿਯਮਾਂ ਅਨੁਸਾਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਤੇ ਨਿਯਮਾਂ ਅਨੁਸਾਰ ਹੈ। ਜਦਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਪੰਜ ਮੈਂਬਰੀ ਕਮੇਟੀ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਹੈ।

 

ਸਪੇਸਐਕਸ ਦਾ ਕੈਪਸੂਲ ਭਲਕੇ ਫਲੋਰੀਡ ਦੇ ਤਟ ’ਤੇ ਕਰੇਗਾ ਲੈਂਡ

ਵਾਸ਼ਿੰਗਟਨ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਫਸੇ ਨਾਸਾ ਦੇ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੂੰ ਲੈ ਕੇ ਸਪੇਸਐਕਸ ਕੈਪਸੂਲ ਧਰਤੀ ਲਈ ਰਵਾਨਾ ਹੋ ਗਿਆ ਹੈ। ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 3:27 ਵਜੇ ਧਰਤੀ ’ਤੇ ਵਾਪਸ ਆਉਣਗੇ। ਸੁਨੀਤ ਵਿਲੀਅਮਜ਼ ਅਤੇ ਤਿੰਨ ਹੋਰ ਪੁਲਾੜ ਯਾਤਰੀਆਂ ਨੂੰ ਅੱਜ ਸਵੇਰੇ ਆਈ.ਐਸ.ਐਸ. ਤੋਂ ਅਨਡੌਕ ਕੀਤਾ ਗਿਆ। ਪੁਲਾੜ ਯਾਤਰੀਆਂ ਦੀ ਇਸ ਯਾਤਰਾ ਵਿਚ 17 ਘੰਟੇ ਲੱਗਣ ਵਾਲੇ ਹਨ ਅਤੇ ਉਹ ਫਲੋਰੀਡਾ ਦੇ ਤੱਟ ’ਤੇ ਉਤਰਨਗੇ। ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੇ ਪਿਛਲੇ ਸਾਲ 5 ਜੂਨ ਨੂੰ ਨਾਸਾ ਦੇ ਮਿਸ਼ਨ ਦੇ ਹਿੱਸੇ ਵਜੋਂ ਇਕ ਬੋਇੰਗ ਪੁਲਾੜ ਯਾਨ ’ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ। ਉਨ੍ਹਾਂ ਨੇ ਉੱਥੇ ਸਿਰਫ਼ ਇਕ ਹਫ਼ਤੇ ਲਈ ਰੁਕਣਾ ਸੀ ਪਰ ਪੁਲਾੜ ਯਾਨ ਵਿਚ ਤਕਨੀਕੀ ਨੁਕਸ ਕਾਰਨ ਦੋਵੇਂ ਧਰਤੀ ’ਤੇ ਵਾਪਸ ਨਹੀਂ ਆ ਸਕੇ।

ਕੇਜਰੀਵਾਲ ਨੇ ਮੁੱਖ ਮੰਤਰੀ ਬਦਲਣ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰਿਆ

ਚੰਡੀਗੜ੍ਹ/ਬਿਊਰੋ ਨਿਊਜ਼ :  ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਅਫ਼ਵਾਹਾਂ ਨੂੰ ਵਿਰਾਮ ਦਿੰਦਿਆਂ ਸਪਸ਼ਟ ਕੀਤਾ ਕਿ ਭਗਵੰਤ ਮਾਨ ਹੀ ਪੰਜਾਬ ਦੇ ਮੁੱਖ ਮੰਤਰੀ ਰਹਿਣਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਪੰਜ ਸਾਲ ਪੂਰੇ ਹੀ ਨਹੀਂ ਕਰਨਗੇ ਬਲਕਿ ਉਸ ਤੋਂ ਬਾਅਦ ਅਗਲੇ ਪੰਜ ਸਾਲ ਵੀ ਭਗਵੰਤ ਮਾਨ ਹੀ ਮੁੱਖ ਮੰਤਰੀ ਹੋਣਗੇ। ਸ੍ਰੀ ਕੇਜਰੀਵਾਲ ਹੁਸ਼ਿਆਰਪੁਰ ਵਿਚ ‘ਵਿਪਾਸਨਾ’ ਮਗਰੋਂ ਕੱਲ੍ਹ ਹੀ ਅੰਮਿ੍ਰਤਸਰ ਪੁੱਜ ਗਏ ਸਨ ਅਤੇ ਉਹ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਦੇ ਗ੍ਰਹਿ ਵਿਖੇ ਠਹਿਰੇ ਸਨ। ਉਨ੍ਹਾਂ ਭਾਜਪਾ ਆਗੂ ਅਤੇ ਦੁਰਗਿਆਨਾ ਮੰਦਰ ਕਮੇਟੀ ਦੀ ਮੁਖੀ ਪ੍ਰੋਫੈਸਰ ਲਕਸ਼ਮੀਕਾਂਤਾ ਚਾਵਲਾ ਨਾਲ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਸੀ। ਪੰਜਾਬ ਵਿੱਚ ‘ਆਪ’ ਸਰਕਾਰ ਦੇ ਤਿੰਨ ਸਾਲ ਦਾ ਕਾਰਜਕਾਲ ਮੁਕੰਮਲ ਹੋਣ ’ਤੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ।

ਡਾ. ਚੀਮਾ ਨੇ ਇਸ ਮੈਂਬਰਸ਼ਿਪ ਨੂੰ ਗੈਰਕਾਨੂੰਨੀ ਦਿੱਤਾ ਕਰਾਰ

ਚੰਡੀਗੜ੍ਹ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਅੱਜ ਪੰਜਾਬ ਦੇ ਸਿੱਖ ਭਾਈਚਾਰੇ ਨੂੰ 18 ਮਾਰਚ ਨੂੰ ਹਰਿਮੰਦਰ ਸਾਹਿਬ ਪਹੁੰਚ ਕੇ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ ਹੈ। ਕਮੇਟੀ ਦੇ ਬੁਲਾਰੇ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ, ‘‘ਅਸੀਂ ਸਾਰੇ ਸਿੱਖਾਂ, ਪੰਜਾਬੀਆਂ ਤੇ ਪੰਥ ਹਿਤੈਸ਼ੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ 18 ਮਾਰਚ ਨੂੰ ਹਰਿਮੰਦਰ ਸਾਹਿਬ ਪਹੁੰਚਣ। ਅਰਦਾਸ ਮਗਰੋਂ ਸਵੇਰੇ 11 ਵਜੇ ਤੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਵੇਗੀ।’’ ਇਸ ਕਮੇਟੀ ਵਿਚ ਮਨਪ੍ਰੀਤ ਇਆਲੀ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ, ਸਤਵੰਤ ਕੌਰ ਤੇ ਇਕਬਾਲ ਸਿੰਘ ਝੂੰਦਾਂ ਸ਼ਾਮਲ ਹਨ। ਕਮੇਟੀ ਦਾ ਦਾਅਵਾ ਹੈ ਕਿ ਇਹ ਪਹਿਲਕਦਮੀ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਸਿਧਾਂਤਾਂ ਮੁਤਾਬਕ ਪੁਨਰਗਠਨ ਤੇੇ ਪਾਰਟੀ ਅੰਦਰ ਤਬਦੀਲੀ ਲਿਆਉਣ ਲਈ ਕੀਤੀ ਗਈ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜ ਮੈਂਬਰੀ ਕਮੇਟੀ ਦੀ ਇਹ ਪੇਸ਼ਕਦਮੀ ਸਿੱਧੀ ਚੁਣੌਤੀ ਨਜ਼ਰ ਆ ਰਹੀ ਹੈ। ਕਿਉਂਕਿ ਸ਼ੋ੍ਰਮਣੀ ਅਕਾਲੀ ਪਹਿਲਾਂ ਹੀ 20 ਜਨਵਰੀ ਤੋਂ ਆਪਣੀ ਮੈਂਬਰਸ਼ਿਪ ਸ਼ੁਰੂ ਕਰ ਚੁੱਕਾ ਹੈ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਜਿਸਟਰਡ ਪਾਰਟੀ ਹੈ। ਇਸ ਦੇ ਸੰਵਿਧਾਨ ਤੇ ਬਣਤਰ ਨੂੰ ਚੋਣ ਕਮਿਸ਼ਨ ਮਾਨਤਾ ਦਿੰਦਾ ਹੈ। ਕੋਈ ਵੀ ਵਿਅਕਤੀ ਜਾਂ ਸੰਗਠਨ ਇਸ ਦੇ ਨਾਮ ਤੇ ਬੈਨਰ ਹੇਠ ਬਰਾਬਰ ਮੈਂਬਰਸ਼ਿਪ ਮੁਹਿੰਮ ਨਹੀਂ ਚਲਾ ਸਕਦਾ ਤੇ ਇਹ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.