Thursday, 18 June 2026

ਰਿੰਕੂ ਨਾਮੀ ਵਿਅਕਤੀ ਖਿਲਾਫ਼ ਮਾਮਲਾ ਕੀਤਾ ਗਿਆ ਦਰਜ

ਪਟਿਆਲਾ/ਬਿਊਰੋ ਨਿਊਜ਼ : ਸ਼ੰਭੂ ਬਾਰਡਰ ਤੋਂ  ਕਿਸਾਨੀ ਮੋਰਚੇ ਵਿੱਚ ਖੜੀਆਂ ਟਰਾਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਘਨੌਰ ਪੁਲਿਸ ਨੇ ਪਿੰਡ ਲੋਹ ਸਿੰਬਲੀ ਵਾਸੀ ਰਿੰਕੂ ਨਾਮੀ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ 3 ਟਰਾਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਸੰਭੂ ਬਾਰਡਰ ਤੋਂ ਕਿਸਾਨੀ ਧਰਨਾ ਚੁੱਕੇ ਜਾਣ ਦੌਰਾਨ 19 ਅਤੇ 20 ਮਾਰਚ ਦਰਮਿਆਨੀ ਰਾਤ ਕਿਸਾਨਾਂ ਦਾ ਕਾਫੀ ਸਮਾਨ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਲੰਘੇ ਦੋ ਦਿਨਾਂ ਤੋਂ ਕਿਸਾਨ ਲਗਾਤਾਰ ਮੋਰਚੇ ਵਾਲੀ ਜਗ੍ਹਾ ਤੇ ਪੁੱਜ ਕੇ ਆਪੋ ਆਪਣਾ ਸਮਾਨ ਲੱਭ ਰਹੇ ਹਨ। ਇਸੇ ਦੌਰਾਨ ਹੀ ਕੁਝ ਟਰਾਲੀਆਂ ਘਨੌਰ ਨੇੜੇ ਪਿੰਡ ਲੋਹ ਸਿੰਬਲੀ ਦੇ ਇੱਕ ਘਰ ਵਿੱਚ ਖੜ੍ਹੀਆਂ ਮਿਲੀਆਂ ਹਨ। ਟਰਾਲੀਆਂ ਬਰਾਮਦ ਹੋਣ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਹਲਕਾ ਘਨੌਰ ਦੇ ਵਿਧਾਇਕ ’ਤੇ ਵੀ ਗੰਭੀਰ ਦੋਸ਼ ਲਗਾਉਂਦਿਆਂ ਵੀਡੀਓ ਵਾਇਰਲ ਕੀਤੀ ਗਈ। ਜਿਸ ਦਾ ਖੰਡਨ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ ਬਦਨਾਮ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਜਦੋਂ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਵੀ ਸੰਬੰਧ ਨਹੀਂ ਹੈ। 

  

ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਐਸਐਸਪੀ ਨੂੰ ਦਿੱਤਾ ਗਿਆ ਮੰਗ ਪੱਤਰ

ਪਟਿਆਲਾ/ਬਿਊਰੋ ਨਿਊਜ਼ :  ਪਟਿਆਲਾ ਵਿਚ ਲੰਘੇ ਦਿਨੀਂ ਪੁਲੀਸ ਅਫ਼ਸਰਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਇੱਥੇ ਡੀਸੀ ਦਫਤਰ ਮੂਹਰੇ ਧਰਨਾ ਦਿੱਤਾ ਗਿਆ ਅਤੇ ਧਰਨੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਵੱਡੇ ਗਿਣਤੀ ਸ਼ਾਮਿਲ ਹੋਏ ਹਨ। ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਰੀਤੂ ਬਾਠ ਸਮੇਤ ਸਾਬਕਾ ਸੈਨਿਕ ਜਥੇਬੰਦੀਆਂ ਨਾਲ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨੇ ਤੇ ਬੈਠ ਗਏ ਹਨ। ਇਸ ਦੌਰਾਨ ਕਰਨਲ ਦੀ ਪਤਨੀ ਨੇ ਪੁਲਿਸ ਵਲੋਂ ਕੁੱਟਮਾਰ ਅਤੇ ਢਿੱਲੀ ਕਾਰਵਾਈ ਦੇ ਦੋਸ਼ ਲਗਾਏ ਹਨ। ਕਰਨਲ ਦੀ ਪਤਨੀ ਨੇ ਕਿਹਾ ਕਿ ਇਕ ਫੌਜੀ ਦੀ ਪਤਨੀ ਹਾਂ ਕਦੇ ਵੀ ਪਿੱਛੇ ਨਹੀਂ ਹਟਾਂਗੀ। ਉਹਨਾਂ ਕਿਹਾ ਕਿ ਹਜੇ ਵੀ ਐੱਸ ਐੱਸ ਪੀ ਆਪਣੇ ਅਧਿਕਾਰੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬ ਪੁਲਸ ਖਿਲਾਫ ਨਾਅਰੇਬਾਜੀ ਕਰਦਿਆਂ ਐੱਸ ਐੱਸ ਪੀ ਦਾ ਤਬਾਦਲਾ ਕਰਨ ਤੇ ਹਮਲੇ ਵਿੱਚ ਸ਼ਾਮਿਲ ਪੁਲਿਸ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਰਨਲ ਨੂੰ ਆਪਣਾ ਪਰਚਾ ਦਰਜ ਕਰਵਾਉਣ ਲਈ ਗਵਰਨਰ ਕੋਲ ਜਾਣਾ ਪਿਆ ਹੈ , ਇਹ ਵੀ ਪੁਲਸ ਦੀ ਕਾਰਗੁਜਾਰੀ ਸਪਸ਼ਟ ਕਰਦੀ ਹੈ। ਇਸ ਧਰਨੇ ਦੌਰਾਨ ਭਾਜਪਾ ਆਗੂ ਜੈਇੰਦਰ ਕੌਰ ਵਲੋਂ ਪੁਸ਼ਪਿੰਦਰ ਸਿੰਘ ਬਾਠ ਦੇ ਮਾਮਲੇ ਚ ਸਖਤ ਕਾਰਵਾਈ ਸਬੰਧੀ ਐੱਸ ਐੱਸ ਪੀ ਨੂੰ ਮੰਗ ਪੱਤਰ ਦਿੱਤਾ ਗਿਆ।   

  

ਕਿਹਾ : ਸਰਕਾਰ ਨੌਜਵਾਨ ਨੂੰ ਨਸ਼ਿਆਂ ਤੋਂ ਰੋਕਣ ’ਚ ਰਹੀ ਨਕਾਮ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ’ਚ ਵਧਦੇ ਨਸ਼ਿਆਂ ’ਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਕੋਰਟ ਨੇ ਕਿਹਾ ਕਿ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਪੰਜਾਬ ਦੇ ਨੌਜਵਾਨ ਚੋਰੀਆਂ ਅਤੇ ਹੋਰ ਵਾਰਦਾਤਾਂ ਵਿਚ ਸ਼ਾਮਲ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਇਸ ਸਮੱਸਿਆ ਨਾਲ ਨਿਪਟਣ ’ਚ ਫੇਲ ਸਾਬਤ ਹੋਈ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਦੇ ਜਸਟਿਸ ਸੰਦੀਪ ਗਿੱਲ 290 ਗ੍ਰਾਮ ਹੈਰੋਇਨ ਦੀ ਬਰਾਮਦੀ ਦੇ ਮਾਮਲੇ ’ਚ ਆਰੋਪੀ ਦੀ ਜ਼ਮਾਨਤ ’ਤੇ ਸੁਣਵਾਈ ਕਰ ਰਹੀ ਹੀ ਸੀ ਅਤੇ ਇਸ ਮਾਮਲੇ ’ਚ ਫੈਸਲਾ ਸੁਣਾਉਂਦੇ ਹੋਏ ਕੋਰਟ ਵੱਲੋਂ ਇਹ ਟਿੱਪਣੀ ਕੀਤੀ ਗਈ। ਕੋਰਟ ਨੇ ਅੱਗੇ ਕਿਹਾ ਕਿ ਵਧ ਰਹੀ ਨਸ਼ੇ ਦੀ ਆਦਤ ਦੇਸ਼ ਦੇ ਭਵਿੱਖ ਨੂੰ ਗੰਭੀਰ ਰੂਪ ’ਚ ਨੁਕਸਾਨ ਪਹੁੰਚਾ ਰਹੀ ਹੈ ਅਤੇ ਨੌਜਵਾਨਾਂ ਘੁਣ ਵਾਂਗ ਖਾ ਰਹੀ ਹੈ। ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕੋਰਟ ਨੇ ਕਿਹਾ ਕਿ ਨੌਜਵਾਨਾਂ ਨੂੰ ਅਪਰਾਧ ਵੱਲ ਵਧਣ ਤੋਂ ਰੋਕਣ ਦੇ ਮਾਮਲੇ ’ਚ ਪੰਜਾਬ ਸਰਕਾਰ ਫੇਲ੍ਹ ਸਾਬਦ ਹੋਈ ਹੈ। ਕੋਰਟ ਨੇ ਕਿਹਾ ਕਿ ਪੰਜਾਬ ਦੇ ਨਸ਼ਿਆਂ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਹੈ।

  

ਵਿਦੇਸ਼ ਰਾਜ ਮੰਤਰੀ ਨੇ ਲੋਕ ਸਭਾ ’ਚ ਪ੍ਰਸ਼ਨ ਦਾ ਦਿੱਤਾ ਜਵਾਬ

ਨਵੀਂ ਦਿੱਲੀ/ਬਿਊਰੋ ਨਿਊਜ਼  : ਕੇਂਦਰ ਸਰਕਾਰ ਨੇ ਸੰਸਦ ’ਚ ਦੱਸਿਆ ਕਿ ਭਾਰਤ ਨੂੰ ਚੀਨ ਦੇ ਦੋ ਨਵੇਂ ਕਸਬੇ ਬਣਾਉਣ ਸਬੰਧੀ ਜਾਣਕਾਰੀ ਮਿਲੀ ਹੈ, ਜਿਸ ਦਾ ਕੁੱਝ ਹਿੱਸਾ ਲੱਦਾਖ ’ਚ ਆਉਂਦਾ ਹੈ। ਭਾਰਤ ਸਰਕਾਰ ਨੇ ਕਿਹਾ ਕਿ ਇਸ ਦਾ ਡਿਪਲੋਮੈਟਿਕ ਤਰੀਕੇ ਨਾਲ ਸਖਤ ਵਿਰੋਧ ਦਰਜ ਕਰਵਾ ਦਿੱਤਾ ਗਿਆ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ’ਚ ਕਿਹਾ ਕਿ ਭਾਰਤੀ ਜ਼ਮੀਨ ’ਤੇ ਚੀਨ ਦੇ ਗੈਰਕਾਨੂੰਨੀ ਕਬਜ਼ੇ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਗਿਆ। ਨਵੇਂ ਕਸਬੇ ਬਣਾਉਣ ਨਾਲ ਨਾ ਤਾਂ ਇਸ ਇਲਾਕੇ ’ਤੇ ਭਾਰਤ ਦੀ ਸਥਿਤੀ ’ਤੇ ਕੋਈ ਅਸਰ ਪਵੇਗਾ ਅਤੇ ਨਾ ਇਸ ਨਾਲ ਚੀਨ ਦੇ ਗੈਰਕਾਨੂੰਨੀ ਕਬਜ਼ੇ ਨੂੰ ਕੋਈ ਮਾਨਤਾ ਮਿਲੇਗੀ। ਧਿਆਨ ਰਹੇ ਕਿ ਚੀਨ ਨੇ ਪਿਛਲੇ ਸਾਲ ਦਸੰਬਰ ’ਚ ਹੇਤਾਨ ਪ੍ਰਾਂਤ ’ਚ ਦੋ ਨਵੇਂ ਕਸਬੇ ਹੇਆਨ ਅਤੇ ਹੇਕਾਂਗ ਬਣਾਉਣ ਦਾ ਐਲਾਨ ਕੀਤਾ ਸੀ। ਉਦੋਂ ਭਾਰਤ ਨੇ ਸਾਫ਼-ਸਾਫ਼ ਕਿਹਾ ਸੀ ਕਿ ਇਨ੍ਹਾਂ ਕਸਬੇ ’ਚ ਮੌਜੂਦ ਕੁੱਝ ਇਲਾਕੇ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹਨ ਅਤੇ ਚੀਨ ਦਾ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਗੈਰਕਾਨੂੰਨੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.