Thursday, 18 June 2026

ਅਹੁਦੇ ਦੀ ਦੁਰਵਰਤੋਂ ਕਰਕੇ ਧੋਖਾਧੜੀ ਕਰਨ ਦਾ ਹੈ ਮਾਮਲਾ

ਜਲੰਧਰ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਡਿਪਟੀ ਪੋਸਟਮਾਸਟਰ (ਦੱਖਣੀ ਗੇਟ ਨਕੋਦਰ ਸਬ ਆਫਿਸ) ਸੰਜੀਵ ਕੁਮਾਰ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦੀ 42 ਲੱਖ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਸੰਜੀਵ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਧੋਖਾਧੜੀ ਕਰਨ ਦਾ ਦੋਸ਼ ਹੈ। ਉਕਤ ਸ਼ਿਕਾਇਤ ਕਪੂਰਥਲਾ ਡਾਕਘਰ ਦੇ ਸੁਪਰਡੈਂਟ ਦਿਲਬਾਗ ਸਿੰਘ ਸੂਰੀ ਦੁਆਰਾ ਕੀਤੀ ਗਈ ਸੀ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਕੀਤੀ ਗਈ ਸੀ। ਇਹ ਖੁਲਾਸਾ ਹੋਇਆ ਹੈ ਕਿ 2014-2017 ਦੌਰਾਨ ਨਕੋਦਰ ਅਤੇ ਰੁੜਕਾ ਕਲਾਂ ਵਿਖੇ ਸਬ ਪੋਸਟਮਾਸਟਰ ਵਜੋਂ ਆਪਣੀ ਤਾਇਨਾਤੀ ਦੌਰਾਨ, ਸੰਜੀਵ ਕੁਮਾਰ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਸੀ ਅਤੇ ਸਰਕਾਰੀ ਫੰਡਾਂ ਦੀ ਜਾਅਲਸਾਜ਼ੀ ਅਤੇ ਗਬਨ ਕੀਤਾ ਸੀ। 8.50 ਕਰੋੜ ਰੁਪਏ ਦੇ ਗਬਨ ਦੇ ਦੋਸ਼ੀ ਸਾਬਕਾ ਸਬ-ਪੋਸਟਮਾਸਟਰ ਨੂੰ ਸੀ.ਬੀ.ਆਈ. ਦੀ ਮੋਹਾਲੀ ਅਦਾਲਤ ਨੇ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਲੰਧਰ ਦੇ ਰਹਿਣ ਵਾਲੇ ਸੰਜੀਵ ਨੂੰ ਵੀ 15.40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।  

 

ਕਿਹਾ : ਸੱਤਾ ਦੇ ਨਸ਼ੇ ’ਚ ਚੂਰ ‘ਆਪ’ ਅਤੇ ਭਾਜਪਾ ਕਿਸਾਨਾਂ ਖਿਲਾਫ਼ ਹੋਈਆਂ ਇਕਜੁੱਟ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾਉਣ ਖਿਲਾਫ ਭਾਜਪਾ ਅਤੇ ਆਮ ਆਦਮੀ ਪਾਰਟੀ ’ਤੇ ਸਿਆਸੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੋ ਕਿਸਾਨ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਖਿਲਾਫ ਆਪਸ ਵਿਚ ਹੱਥ ਮਿਲਾ ਲਿਆ। ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵੇਂ ਸੱਤਾ ਦੇ ਨਸ਼ੇ ਵਿੱਚ ਡੁੱਬੀਆਂ ਹੋਈਆਂ ਹਨ ਅਤੇ ਉਹ ਕਿਸਾਨਾਂ ਖਿਲਾਫ ਕੀਤੀ ਕਾਰਵਾਈ ਲਈ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਹਾਲੇ ਲਖੀਮਪੁਰ ਖੀਰੀ ਕਾਂਡ ਨੂੰ ਨਹੀਂ ਭੁੱਲੇ ਸਨ ਕਿ ਕਿਸ ਤਰ੍ਹਾਂ ਇਕ ਭਾਜਪਾਈ ਮੰਤਰੀ ਦੇ ਮੁੰਡੇ ਨੇ ਕਿਸਾਨਾਂ ਨੂੰ ਆਪਣੀ ਜੀਪ ਨਾਲ ਕੁਚਲ ਦਿੱਤਾ ਸੀ। ਖੜਗੇ ਨੇ ਅੱਗੇ ਕਿਹਾ ਕਿ ਭਾਜਪਾ ਅਤੇ ‘ਆਪ’ ਦੋਵੇਂ ਪਾਰਟੀਆਂ ਨੇ ਸਾਡੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਦੇਸ਼ ਦੇ 62 ਕਰੋੜ ਕਿਸਾਨ ਇਨ੍ਹਾਂ ਕਿਸਾਨ ਵਿਰੋਧੀ ਪਾਰਟੀਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।

ਸੁਪਰੀਮ ਕੋਰਟ ਕਾਲੇਜੀਅਮ ਨੇ ਮੀਟਿੰਗ ਦੌਰਾਨ ਮਤੇ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਸੁਪਰੀਮ ਕੋਰਟ ਕਾਲੇਜੀਅਮ ਨੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਤਿੰਨ ਵਾਧੂ ਜੱਜਾਂ ਨੂੰ ਸਥਾਈ ਜਸਟਿਸ ਦੇ ਰੂਪ ’ਚ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ’ਚ ਦੋ ਮਹਿਲਾ ਜਸਟਿਸ ਵੀ ਸ਼ਾਮਲ ਹਨ। ਕਾਲੇਜੀਅਮ ਦੀ 19 ਮਾਰਚ ਨੂੰ ਹੋਈ ਮੀਟਿੰਗ ਦੌਰਾਨ ਇਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕਾਲੇਜੀਅਮ ਵੱਲੋਂ ਸਥਾਈ ਜਸਟਿਸ ਦੇ ਰੂਪ ’ਚ ਨਿਯੁਕਤ ਕੀਤੇ ਜਾਣ ਵਾਲਿਆਂ ’ਚ ਜਸਟਿਸ ਸੁਮਿਤ ਗੋਇਲ, ਜਸਟਿਸ ਸੁਦੀਪਿਤ ਸ਼ਰਮਾ ਅਤੇ ਜਸਟਿਸ ਕੀਰਤੀ ਸਿੰਘ ਦਾ ਨਾਮ ਸ਼ਾਮਲ ਹੈ। ਜਸਟਿਸ ਸੁਦੀਪਿਤ ਅਤੇ ਜਸਟਿਸ ਕੀਰਤੀ ਸਿੰਘ ਨੂੰ ਸਥਾਈ ਜਸਟਿਸ ਬਣਾਏ ਜਾਣ ਨਾਲ ਮਹਿਲਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਇਨ੍ਹਾਂ ਜੱਜਾਂ ਦੀ ਅਧਿਕਾਰਤ ਤੌਰ ’ਤੇ ਨਿਯੁਕਤੀ ਕੀਤੀ ਜਾਵੇਗੀ।

ਕਿਹਾ : ਕਿਸਾਨਾਂ ਦਾ ਇਹ ਮੋਰਚਾ ਪੰਜਾਬ ਸਰਕਾਰ ਨੇ ਹੀ ਲਗਵਾਇਆ ਸੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਵੱਡਾ ਆਰੋਪ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਖਿਲਾਫ ਉਕਸਾਇਆ ਅਤੇ ਚੋਣਾਂ ਦੌਰਾਨ ਪੰਜਾਬ ਦੇ ਕਿਸਾਨਾਂ ਦਾ ਆਮ ਆਦਮੀ ਪਾਰਟੀ ਨੇ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸਾਨਾਂ ਦੀ ਨਹੀਂ, ਸਗੋਂ ਅਖੌਤੀ ਕਿਸਾਨ ਲੀਡਰਾਂ ਦੀ ਲੜਾਈ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਮੋਰਚਾ ਵੀ ਪੰਜਾਬ ਸਰਕਾਰ ਨੇ ਹੀ ਲਗਵਾਇਆ ਸੀ ਤੇ ਹੁਣ ਪੰਜਾਬ ਸਰਕਾਰ ਨੇ ਹੀ ਇਸ ਨੂੰ ਹਟਵਾਇਆ ਹੈ। ਜਾਖੜ ਨੇ ਅੱਗੇ ਕਿਹਾ ਹੁਣ ਜਦੋਂ ਲੁਧਿਆਣਾ ਪੱਛਮੀ ਦੀ ਉਪ ਚੋਣ ਹੋਣ ਵਾਲੀ ਹੈ ਤਾਂ ਪੰਜਾਬ ਸਰਕਾਰ ਨੂੰ ਸਨਅਤੀ ਖੇਤਰ ਦਾ ਫਿਕਰ ਪੈ ਗਿਆ। ਜਦਕਿ ਹੁਣ ਤੋਂ ਪਹਿਲਾਂ ਕਿਸੇ ਨੇ ਸਨਅਤਕਾਰਾਂ ਨੂੰ ਪੁੱਛਿਆ ਤੱਕ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਵਿਰੁੱਧ ਮਾਹੌਲ ਬਣਾਉਣ ਲਈ ਮਾਨ ਸਰਕਾਰ ਨੇ ਇਨ੍ਹਾਂ ਕਿਸਾਨਾਂ ਦੀ ਵਰਤੋਂ ਕੀਤੀ ਤੇ ਅਖੌਤੀ ਕਿਸਾਨ ਲੀਡਰਾਂ ਨੇ ਆਮ ਕਿਸਾਨਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਭੜਕਾਇਆ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.