Thursday, 18 June 2026

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ਾ ’ਤੇ ਲਿਆ ਜਾ ਸਕਦਾ ਹੈ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਆਉਂਦੀ 17 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਮੀਟਿੰਗ ’ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ। ਕਮੇਟੀ ਦੇ ਉਪ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ੋ੍ਰਮਣੀ ਕਮੇਟੀ ਨਾਲ ਸਬੰਧਤ ਮਸਲਿਆਂ ’ਤੇ ਚਰਚਾ ਕੀਤੀ ਜਾਵੇਗੀ। ਧਿਆਨ ਰਹੇ ਕਿ ਸ਼ੋ੍ਰਮਣੀ ਕਮੇਟੀ ਦੇ ਚਾਰ ਵਾਰ ਪ੍ਰਧਾਨ ਰਹਿ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਘੇ ਦਿਨੀਂ ਨੈਤਿਕਤਾ ਦੇ ਆਧਾਰ ’ਤੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦਰਮਿਆਨ ਉਨ੍ਹਾਂ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਆਪਣਾ ਅਸਤੀਫ਼ਾ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਉਡਾਣ ਸਮੇਂ ਰਾਕੇਟ ਲਾਂਚਿੰਗ ਸਿਸਟਮ ’ਚ ਆਈ ਖਰਾਬੀ

ਬੰਗਲੁਰੂ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਵਾਪਸੀ ਇਕ ਵਾਰ ਫਿਰ ਟਲ ਗਈ ਹੈ। ਨਾਸਾ ਨੇ ਤਕਨੀਕੀ ਖਰਾਬੀ ਦੇ ਚਲਦਿਆ ਸਪੇਸ ਸਟੇਸ਼ਨ ਦੇ ਲਈ ਨਵੇਂ ਕਰੂ ਨੂੰ ਲੈ ਕੇ ਜਾਣ ਵਾਲੇ ਮਿਸ਼ਨ ਕਰੂ-10 ਨੂੰ ਟਾਲ ਦਿੱਤਾ ਹੈ। ਮਿਸ਼ਨ ਨੂੰ 12 ਮਾਰਚ ਨੂੰ ਸਪੇਸ ਐਕਸ ਦੇ ਰਾਕਟ ਫਾਲਕਨ 9 ਤੋਂ ਲਾਂਚ ਕੀਤਾ ਜਾਣਾ ਸੀ ਅਤੇ ਇਸ ’ਚ ਚਾਰ ਪੁਲਾੜ ਯਾਤਰੀ ਸਪੇਸ ਲਈ ਰਵਾਨਾ ਹੋਣੇ ਸਨ। ਜਿਨ੍ਹਾਂ ’ਚ ਦੋ ਅਮਰੀਕੀ, ਇਕ ਜਪਾਨੀ ਅਤੇ ਇਕ ਰੂਸੀ ਪੁਲਾੜ ਯਾਤਰੀ ਸ਼ਾਮਲ ਸਨ। ਕਰੂ 10 ਮਿਸ਼ਨ ਨੂੰ ਟਾਲਣ ਦਾ ਕਾਰਨ ਹਾਈਡਰੋਲਿਕ ਸਿਸਟਮ ’ਚ ਆਈ ਖਰਾਬੀ ਦੱਸਿਆ ਜਾ ਰਿਹਾ ਹੈ। ਧਿਆਨ ਰਹੇ ਕਿ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਅਤੇ ਬੁਚ ਵਿਲਮੋਰ ਪਿਛਲੇ 9 ਮਹੀਨੇ ਤੋਂ ਸਪੇਸ ਸਟੇਸ਼ਨ ’ਚ ਫਸੇ ਹੋਏ ਹਨ।

2024 ’ਚ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਡਿਗਰੀਆਂ ਕੀਤੀਆਂ ਪ੍ਰਦਾਨ

ਚੰਡੀਗੜ੍ਹ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 72ਵੇਂ ਡਿਗਰੀ ਵੰਡ ਸਮਾਰੋਹ ਵਿਚ ਸ਼ਾਮਲ ਹੋਏ। ਉਨ੍ਹਾਂ ਵੱਲੋਂ ਸਾਲ 2024 ’ਚ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ, ਪੁਰਸਕਾਰ ਅਤੇ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਉਲੰਪਿਕ ਮੈਡਲ ਜੇਤੂ ਨਿਸ਼ਾਨੇਬਾਜ਼ ਮਨੂੰ ਭਾਕਰ ਨੂੰ ਵੀ ਸਨਮਾਨਿਤ ਕੀਤਾ। ਭਾਕਰ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਕਰ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਦੇਸ਼ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨਾ ਕਰਨਾ ਚਾਹੀਦਾ ਹੈ। ਡਿਗਰੀ ਵੰਡ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਰੇਅ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਗਰੀ ਵੰਡ ਸਮਾਰੋਹ ਦੌਰਾਨ ਭਾਸ਼ਣ ਦੇਣ ਵਾਲੀ ਦਰੋਪਦੀ ਮੁਰਮੂ ਛੇਵੀਂ ਰਾਸ਼ਟਰਪਤੀ ਬਣ ਗਏ ਹਨ। ਇਸ ਤੋਂ ਪਹਿਲਾਂ ਪ੍ਰਣਬ ਮੁਖਰਜੀ, ਡਾ. ਏਪੀਜੇ ਅਬਦੁੱਲ ਕਲਾਮ, ਗਿਆਨੀ ਜੈਲ ਸਿੰਘ, ਨੀਲਮ ਸੰਜੀਵਾ ਰੈਡ ਅਤੇ ਡਾ. ਰਜਿੰਦਰ ਪ੍ਰਸਾਦ ਵੀ ਪੰਜਾਬ ਯੂਨੀਵਰਸਿਟੀ ਵਿਖੇ ਭਾਸ਼ਣ ਦੇ ਚੁੱਕੇ ਹਨ।

 

ਕਿਹਾ : ਮੈਂ ਸ਼ੋ੍ਰਮਣੀ ਅਕਾਲੀ ਦਲ ਦਾ ਨਹੀਂ ਪੰਥ ਦਾ ਨੁਮਾਇੰਦਾ ਹਾਂ

ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ :  ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਉਨ੍ਹਾਂ ਆਪਣੀ ਨਿਯੁਕਤੀ ਦੇ ਵਿਰੋਧ ਮੱਦੇਨਜ਼ਰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ ਵਿਚ ਕਮੀਆਂ ਹਨ, ਮੈਂ ਉਸ ਦਿਨ ਹੀ ਹੱਥ ਜੋੜ ਕੇ ਜਥੇਦਾਰੀ ਦੀ ਸੇਵਾ ਛੱਡ ਦਿਆਂਗਾ ਅਤੇ ਜਿਹੜਾ ਵੀ ਬਾਅਦ ਵਿਚ ਨਵਾਂ ਜਥੇਦਾਰ ਆਵੇਗਾ, ਮੈਂ ਉਸ ਨੂੰ ਖੁਦ ਦਸਤਾਰ ਦੇ ਕੇ ਆਵਾਂਗਾ। ਜਥੇਦਾਰ ਗੜਗੱਜ ਨੇ ਅੱਗੇ ਕਿਹਾ ਕਿ ਮੈਂ ਸ਼ੋ੍ਰਮਣੀ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਹਾਂ ਸਗੋਂ ਮੈਂ ਪੰਥ ਦਾ ਨੁਮਾਇੰਦਾ ਹਾਂ। ਦਮਦਮੀ ਟਕਸਾਲ ਦੇ ਵਿਰੋਧ ’ਤੇ ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦਾ ਬਹੁਤ ਵੱਡਾ ਇਤਿਹਾਸ ਹੈ ਅਤੇ ਇਹ ਟਕਸਾਲਾਂ ਕੌਮ ਦੀ ਸ਼ਾਨ ਹਨ। ਉਨ੍ਹਾਂ ਕਿਹਾ ਕਿ ਪੰਥ ਦੀ ਏਕਤਾ ਲਈ ਸਭ ਦੇ ਯਤਨਾਂ ਦੀ ਲੋੜ ਹੈ ਅਤੇ ਸਾਰੀਆਂ ਹਸਤੀਆਂ ਹੀ ਸਤਿਕਾਰਤ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਅਤੇ ਸਰਵਉੱਚ ਹੀ ਰਹੇਗਾ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.