Thursday, 18 June 2026

30 ਅਪ੍ਰੈਲ ਤੱਕ ਵਿਦਿਆਰਥੀ ਪੁਰਸਕਾਰ ਲਈ ਭੇਜ ਸਕਦੇ ਹਨ ਅਰਜ਼ੀਆਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਪਦਮਸ੍ਰੀ ਕਵਿ ਅਤੇ ਸਾਹਿਤਕਾਰ ਡਾ. ਸੁਰਜੀਤ ਪਾਤਰ ਦੇ ਨਾਂ ’ਤੇ ਸਾਹਿਤਕ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ। ਇਸ ਪੁਰਸਕਾਰ ਨੂੰ ‘ਡਾ. ਸੁਰਜੀਤ ਪਾਤਰ ਨੌਜਵਾਨ ਸਾਹਿਤਕਾਰ ਐਵਾਰਡ’ ਦਾ ਨਾਂ ਦਿੱਤਾ ਗਿਆ ਹੈ। ਇਹ ਪੁਰਸਕਾਰ ਸਾਹਿਤਕ ਖੇਤਰ ’ਚ ਚੰਗਾ ਯੋਗਦਾਨ ਪਾਉਣ ਵਾਲੇ ਨੌਜਵਾਨ ਲੇਖਕਾਂ ਨੂੰ ਦਿੱਤਾ ਜਾਇਆ ਕਰੇਗਾ ਅਤੇ ਇਸ ਸਨਮਾਨ ਤਹਿਤ ਇਕ ਲੱਖ ਰੁਪਏ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਪੁਰਸਕਾਰ ਲਈ 30 ਅਪ੍ਰੈਲ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਦੁਨੀਆ ਦੇ ਕਿਸੇ ਵੀ ਕੋਨੇ ’ਚ ਰਹਿਣ ਵਾਲਾ ਜਾਂ ਪੜ੍ਹਨ ਵਿਦਿਆਰਥੀ ਅਰਜ਼ੀ ਭੇਜ ਸਕਦਾ ਹੈ ਅਤੇ ਇਹ ਪੁਰਸਕਾਰ 25 ਸਾਲ ਉਮਰ ਤੱਕ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਾ. ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਸਮੇਂ ਕੀਤਾ ਗਿਆ ਸੀ।

ਦੇਸ਼ ’ਚ ਸੈਟੇਲਾਈਟ ਰਾਹੀਂ ਮਿਲੇਗੀ ਉਪਭੋਗਤਾਵਾਂ ਨੂੰ ਇੰਟਰਨੈਟ ਦੀ ਸਹੂਲਤ

ਮੁੰਬਈ/ਬਿਊਰੋ ਨਿਊਜ਼ : ਏਅਰਟੈਲ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਸਰਵਿਸ ਕੰਪਨੀ ਰਿਲਾਂਇੰਸ ਨੇ ਵੀ ਐਲਨ ਮਸਕ ਦੀ ਕੰਪਨੀ ਸਟਾਰ ਲਿੰਕ ਦੇ ਨਾਲ ਸੈਟੇਲਾਈਟ ਇੰਟਰਨੈਟ ਪ੍ਰੋਵਾਈਡ ਕਰਨ ਲਈ ਕਰਾਰ ਕੀਤਾ ਹੈ। ਲੰਘੇ ਦਿਨੀਂ ਟੈਲੀਕਾਮ ਕੰਪਨੀ ਭਾਰਤੀ ਏਅਰਟੈਲ ਵੱਲੋਂ ਵੀ ਅਮਰੀਕੀ ਕੰਪਨੀ ਦੇ ਨਾਲ ਕਰਾਰ ਕੀਤਾ ਗਿਆ ਸੀ। ਸਮਝੌਤੇ ਤਹਿਤ ਸਪੇਸ ਐਕਸ ਅਤੇ ਏਅਰਟੈਲ ਬਿਜਨਸ, ਸਿੱਖਿਆ ਸੰਸਥਾਵਾਂ, ਸਿਹਤ ਸੇਵਾ ਕੇਂਦਰ ਅਤੇ ਦੂਰ-ਦਰਾਜ ਦੇ ਖੇਤਰਾਂ ’ਚ ਸਟਾਰਲਿੰਕ ਸੇਵਾਵਾਂ ਦੇਣ ਲਈ ਮਿਲ ਕੇ ਕੰਮ ਕਰਨਗੇ। ਏਅਰਟੈਲ ਦੇ ਮੌਜੂਦਾ ਨੈਟਵਰਕ ਢਾਂਚੇ ’ਚ ਸਟਾਰਲਿੰਕ ਟੈਕਨਾਲੋਜੀ ਇੰਟੀਗ੍ਰੇਟ ਕਰਨ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ। ਧਿਆਨ ਰਹੇ ਕਿ ਜਿਓ ਅਤੇ ਏਅਰਟੈਲ ਵਰਗੀਆਂ ਕੰਪਨੀਆਂ ਫਾਈਬਰ ਔਪਟੀਕਸ ਅਤੇ ਮੋਬਾਇਲ ਟਾਵਰ ਰਾਹੀਂ ਉਪਭੋਗਤਾਵਾਂ ਨੂੰ ਇੰਟਰਨੈਟ ਦਿੰਦੀ ਹੈ। ਜਦਕਿ ਸਟਾਰਲਿੰਕ ਸੈਟੇਲਾਈਟ ਨੈਟਵਰਕ ’ਤੇ ਆਧਾਰਤ ਹੈ।

ਦਿੱਲੀ-ਕਟੜਾ ਐਕਸਪ੍ਰੈਸ ਵੇਅ ਦਾ ਹੈ ਮਾਮਲਾ, 7 ਕਿਸਾਨ ਹੋਏ ਜ਼ਖਮੀ

ਗੁਰਦਾਸਪੁਰ/ਬਿਊਰੋ ਨਿਊਜ਼ : ਦਿੱਲੀ-ਕਟੜਾ ਐਕਸਪ੍ਰੈਸ ਵੇਅ ਲਈ ਜਮੀਨ ਐਕਵਾਇਰ ਕਰਨ ਨੂੰ ਲੈ ਕੇ ਅੱਜ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ’ਚ ਕਿਸਾਨਾਂ ਅਤੇ ਪੰਜਾਬ ਪੁਲਿਸ ਦਰਮਿਆਨ ਟਕਰਾਅ ਹੋ ਗਿਆ। ਇਸ ਟਕਰਾਅ ਦੌਰਾਨ 7 ਕਿਸਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੰਜਾਬ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨਾਲ ਕਿਸਾਨਾਂ ਤੋਂ ਜ਼ਮੀਨ ਖਾਲੀ ਕਰਵਾਉਣ ਲਈ ਪਹੁੰਚੀ ਸੀ ਅਤੇ ਪੁਲਿਸ ਨੇ ਕਿਸਾਨਾਂ ਦੀ ਖੜ੍ਹੀ ਫਸਲ ’ਤੇ ਮਸ਼ੀਨ ਚਲਾ ਦਿੱਤੀ। ਜਿਸ ਨਾਲ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ, ਜਦੋਂ ਕਿਸਾਨ ਆਪਣੀ ਫਸਲ ਨੂੰ ਬਚਾਉਣ ਲਈ ਅੱਗੇ ਆਏ ਤਾਂ ਉਨ੍ਹਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਦਿੱਤਾ। ਕਿਸਾਨਾਂ ਦਾ ਆਰੋਪ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜ਼ਮੀਨ ਦਾ ਉਚਿਤ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਸ ਦੇ ਚਲਦਿਆਂ ਕਿਸਾਨ ਆਪਣੀ ਜ਼ਮੀਨ ’ਤੇ ਖੇਤੀ ਕਰ ਰਹੇ ਹਨ। ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿਸਾਨਾਂ ਨੂੰ ਜ਼ਮੀਨਾਂ ਦਾ ਮੁਆਵਜ਼ਾ ਮਿਲ ਗਿਆ ਹੈ ਅਤੇ ਇਹ ਜ਼ਮੀਨ ਹੁਣ ਸਰਕਾਰ ਦੀ ਹੈ।

ਕਿਹਾ : ਨਸ਼ਿਆਂ ਖਿਲਾਫ਼ ਛੇੜੀ ਜੰਗ ਦੇ ਚੰਗੇ ਨਤੀਜੇ ਆ ਰਹੇ ਨੇ ਸਾਹਮਣੇ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਰੋਕੂ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 24 ਘੰਟੇ ਨਸ਼ਿਆਂ ਨੂੰ ਪੰਜਾਬ ਵਿਚੋਂ ਖਾਤਮ ਕਰਨ ਲਈ ਪੂਰੀ ਦਿ੍ਰੜਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਪੰਜਾਬ ਦੀ ਜਨਤਾ ਦਾ ਵੀ ਭਰਪੂਰ ਸਹਿਯੋਗ ਵੀ ਮਿਲ ਰਿਹਾ ਹੈ। ਹਰਪਾਲ ਚੀਮਾ ਵੱਲੋਂ ਇਨ੍ਹਾਂ ਗੱਲ ਦਾ ਪ੍ਰਗਟਾਵਾ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਜਿਹੜੇ ਵੀ ਵਿਅਕਤੀ ਨਸ਼ਾ ਤਸਕਰੀ ਵਿਚ ਸ਼ਾਮਿਲ ਪਾਏ ਜਾ ਰਹੇ ਹਨ, ਉਹਨਾਂ ਦੇ ਘਰਾਂ ’ਤੇ ਸਰਕਾਰ ਵੱਲੋਂ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੰਘੀ 24 ਫਰਵਰੀ ਤੋਂ ਨਸ਼ਿਆਂ ਖਿਲਾਫ਼ ਛੇੜੀ ਗਈ ਜੰਗ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਧਰ ਅੱਜ ਨਸ਼ਾ ਰੋਕੂ ਮੁਹਿੰਮ ਤਹਿਤ ਸੁਨਾਮ ਵਿਖੇ ਨਸ਼ਾਂ ਤਸਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਇਆ ਗਿਆ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.