Friday, 26 June 2026

ਕਿਹਾ : ਪੁਰਾਣੇ ਵਿਅਕਤੀਆਂ ਨੂੰ ਸਿਆਸਤ ’ਚੋਂ ਹੋਣਾ ਚਾਹੀਦੈ ਰਿਟਾਇਰ

ਨਵੀਂ ਦਿੱਲੀ/ਬਿਊਰੋ ਨਿਊਜ਼ 

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਲਾਹ ਦਿੱਤੀ ਹੈ ਕਿ ਪੁਰਾਣੀ ਜਨਰੇਸ਼ਨ ਦੇ ਵਿਅਕਤੀਆਂ ਨੂੰ ਸਿਆਸਤ ਵਿਚੋਂ ਹੌਲੀ-ਹੌਲੀ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਜਨਰੇਸ਼ਨ ਨੂੰ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ। ਗਡਕਰੀ ਨੇ ਨਾਗਪੁਰ ਵਿਚ ਇਕ ਸਮਾਗਮ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਨਵੇਂ ਵਿਅਕਤੀ ਠੀਕ ਢੰਗ ਨਾਲ ਗੱਡੀ ਚਲਾਉਣ ਲੱਗ ਪੈਣ ਤਾਂ ਸੀਨੀਅਰ ਲੋਕਾਂ ਨੂੰ ਦੂਜਾ ਕੰਮ ਕਰਨਾ ਚਾਹੀਦਾ ਹੈ। ਜ਼ਿਕਰਯੋਗ ਕਿ ਭਲਕੇ 20 ਜਨਵਰੀ ਨੂੰ ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਚੋਣ ਹੋਣੀ ਹੈ ਅਤੇ ਨਿਤਿਨ ਨਬੀਨ ਦਾ ਪਾਰਟੀ ਪ੍ਰਧਾਨ ਬਣਨਾ ਯਕੀਨੀ ਹੈ। 

20 ਜਨਵਰੀ ਨੂੰ ਹੋ ਜਾਵੇਗੀ ਨਵੇਂ ਪ੍ਰਧਾਨ ਦੀ ਚੋਣ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਜਨਤਾ ਪਾਰਟੀ ਨੇ ਆਪਣੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪਾਰਟੀ ਵਲੋਂ ਜਾਰੀ ਜਾਣਕਾਰੀ ਅਨੁਸਾਰ ਨਵੇਂ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਪੱਤਰ 19 ਜਨਵਰੀ ਨੂੰ ਦਾਖਲ ਕੀਤੇ ਜਾਣਗੇ ਅਤੇ ਅਗਲੇ ਹੀ ਦਿਨ 20 ਜਨਵਰੀ ਨੂੰ ਨਵੇਂ ਪਾਰਟੀ ਪ੍ਰਧਾਨ ਦੇ ਨਾਂ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਭਾਜਪਾ ਦੇ ਰਿਟਰਨਿੰਗ ਅਫਸਰ ਕੇ. ਲਕਸ਼ਮਣ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 19 ਜਨਵਰੀ ਨੂੰ ਦੁਪਹਿਰ 2 ਤੋਂ ਸ਼ਾਮ 4 ਵਜੇ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ ਅਤੇ ਉਸੇ ਦਿਨ ਸ਼ਾਮ 4 ਤੋਂ 5 ਵਜੇ ਤੱਕ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਾਮ 5 ਤੋਂ 6 ਵਜੇ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ। ਜੇਕਰ ਲੋੜ ਪਈ ਤਾਂ 20 ਜਨਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਉਸੇ ਦਿਨ ਹੀ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ। ਇਹ ਸਾਰੀ ਪ੍ਰਕਿਰਿਆ ਭਾਜਪਾ ਦੇ ਨਵੀਂ ਦਿੱਲੀ ’ਚ ਮੁੱਖ ਦਫਤਰ ਵਿਖੇ ਹੋਵੇਗੀ। 

ਜਲੰਧਰ/ਬਿਊਰੋ ਨਿਊਜ਼ 

ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਅੱਜ ਜਲੰਧਰ ਦੌਰਾ ਰੱਦ ਹੋ ਗਿਆ। ਖਰਾਬ ਮੌਸਮ ਦੇ ਚੱਲਦਿਆਂ ਰਾਸ਼ਟਰਪਤੀ ਦੀ ਫਲਾਈਟ ਅੰਮਿ੍ਰਤਸਰ ਤੋਂ ਟੇਕ ਆਫ ਨਹੀਂ ਕਰ ਸਕੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਜਲੰਧਰ ਵਿਖੇ ਕਾਨਵੋਕੇਸ਼ਨ ਸਮਾਰੋਹ ਵਿਚ ਸ਼ਾਮਲ ਹੋਣਾ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ’ਚ ਵੀ ਰਾਸ਼ਟਰਪਤੀ ਮੂਰਮੂ ਨੇ ਕਾਨਵੋਕੇਸ਼ਨ ਵਿਚ ਸ਼ਮੂਲੀਅਤ ਕੀਤੀ ਸੀ। ਪੰਜਾਬ, ਚੰਡੀਗੜ੍ਹ ਅਤੇ ਨੇੜਲੇ ਖੇਤਰਾਂ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਮੌਸਮ ਵਿਭਾਗ ਵਲੋਂ ਵੀ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿਚ ਇਸ ਠੰਡ ਦੇ ਸੀਜਨ ਦੌਰਾਨ ਦੂਜੀ ਵਾਰ ਤਾਪਮਾਨ ਇਕ ਵਾਰ ਫਿਰ ਜ਼ੀਰੋ ਡਿਗਰੀ ਦੇ ਕਰੀਬ ਪਹੁੰਚ ਗਿਆ ਹੈ। ਇਸਦੇ ਚੱਲਦਿਆਂ ਪੰਜਾਬ ਵਿਚ ਸਕੂਲਾਂ ਦਾ ਸਮਾਂ ਵੀ ਬਦਲਿਆ ਗਿਆ ਹੈ ਅਤੇ ਹੁਣ ਸਕੂਲ ਸਵੇਰੇ 9 ਵਜੇ ਦੀ ਬਜਾਏ ਸਵੇਰੇ 10 ਵਜੇ ਖੁੱਲ੍ਹ ਰਹੇ ਹਨ।  

ਮਨਜਿੰਦਰ ਸਿਰਸਾ ਨੇ ਵੀ ਪੰਜਾਬ ਪੁਲਿਸ ਦੀ ਕਾਰਵਾਈ ’ਤੇ ਚੁੱਕੇ ਸਵਾਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਵਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੂੰ ਨੋਟਿਸ ਭੇਜਿਆ ਗਿਆ ਹੈ। ਵਿਜੇਂਦਰ ਗੁਪਤਾ ਨੇ ਪੈ੍ਰਸ ਕਾਨਫਰੰਸ ਦੌਰਾਨ ਸਦਨ ਦੀ ਕਾਰਵਾਈ ਅਤੇ ਫੋਰੈਂਸਿਕ ਜਾਂਚ ਨਾਲ ਜੁੜੇ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਲੰਘੀ 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਦੇ ਇਜਲਾਸ ਦੌਰਾਨ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਵਲੋਂ ਵਰਤੇ ਗਏ ਸ਼ਬਦਾਂ ਬਾਰੇ ਅਜੇ ਤੱਕ ਕੋਈ ਸਪੱਸ਼ਟੀਕਰਨ ਪ੍ਰਾਪਤ ਨਹੀਂ ਹੋਇਆ ਹੈ। ਇਸ ਮਾਮਲੇ ਵਿਚ ਵਿਸ਼ੇਸ਼ ਅਧਿਕਾਰ ਕਮੇਟੀ ਨੇ ਆਤਿਸ਼ੀ ਨੂੰ ਨੋਟਿਸ ਭੇਜ ਕੇ 19 ਜਨਵਰੀ ਤੱਕ ਜਵਾਬ ਮੰਗਿਆ ਹੈ। ਇਸਦੇ ਚੱਲਦਿਆਂ ਆਤਿਸ਼ੀ ’ਤੇ ਲੱਗੇ ਸਿੱਖ ਗੁਰੂਆਂ ਦੇ ਅਪਮਾਨ ਸਬੰਧੀ ਇਲਜ਼ਾਮਾਂ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ। ਜਲੰਧਰ ਦੀ ਅਦਾਲਤ ਵਿਚੋਂ ਆਏ ਵੀਡੀਓ ਹਟਾਉਣ ਦੇ ਫੈਸਲੇ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ। ਸਿਰਸਾ ਨੇ ਕਿਹਾ ਕਿ ਆਤਿਸ਼ੀ ਨੂੰ ਬਚਾਉਣ ਲਈ ਕੇਸ ਦਿੱਲੀ ਬਨਾਮ ਪੰਜਾਬ ਸਰਕਾਰ ਹੋ ਗਿਆ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.