Friday, 26 June 2026

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੌਰੇ ’ਤੇ ਪਹੁੰਚੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਨੇ ਅਹਿਮਦਾਬਾਦ ਵਿਚ ਅੰਤਰਰਾਸ਼ਟਰੀ ਪਤੰਗ ਮੇਲੇ ਵਿਚ ਭਾਗ ਲਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਭਾਰਤੀ ਰੀਤੀ-ਰਿਵਾਜ਼ਾਂ ਦਾ ਆਨੰਦ ਮਾਣਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਜਰਮਨੀ ਦੇ ਚਾਂਸਲਰ ਨੂੰ ਪਤੰਗ ਉਡਾਉਣ ਦੇ ਤਰੀਕੇ ਵੀ ਦੱਸੇ। ਇਸ ਮੇਲੇ ਦੌਰਾਨ ਅਸਮਾਨ ਵਿਚ ਉਡ ਰਹੇ ਪਤੰਗ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹਨ, ਸਗੋਂ ਭਾਰਤੀ ਫੌਜ ਅਤੇ ਕੌਮੀ ਤਾਕਤ ਦਾ ਪ੍ਰਤੀਕ ਵੀ ਹੈ। ਭਾਜਪਾ ਨੇ ਇਸ ਮੇਲੇ ਨੂੰ ਉਭਰਦੇ ਹੋਏ ਭਾਰਤ ਦਾ ਪ੍ਰਤੀਕ ਕਰਾਰ ਦਿੱਤਾ ਹੈ। ਭਾਜਪਾ ਆਗੂ ਅਮਿਤ ਮਾਲਵੀਆ ਨੇ ਕਿਹਾ ਹੈ ਕਿ ਅਹਿਮਦਾਬਾਦ ਵਿਚ ਹੋਇਆ ਇਹ ਪਤੰਗ ਮੇਲਾ ਭਾਰਤ ਦੀ ਸੰਸਕ੍ਰਿਤੀ, ਆਤਮ ਵਿਸ਼ਵਾਸ ਅਤੇ ਵਿਸ਼ਵ ਨਾਲ ਤਾਲਮੇਲ ਨੂੰ ਦਰਸਾਉਂਦਾ ਹੈ। ਜਰਮਨੀ ਦੇ ਚਾਂਸਲਰ ਫਰੈਡਰਿਕ ਦੀ ਭਾਰਤ ਦੀ ਇਹ ਪਹਿਲੀ ਅਧਿਕਾਰਕ ਯਾਤਰਾ ਹੈ। 

ਸ਼ਿਮਲਾ/ਬਿਊਰੋ ਨਿਊਜ਼

ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੇ ਨਾਮ ਨਾਲ ਜੁੜਿਆ ਤੀਜਾ ਸ਼ਹਿਰ ਵੀ ਵਸਣ ਜਾ ਰਿਹਾ ਹੈ। ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿਚ ਇਹ ਸ਼ਹਿਰ ਕਰੀਬ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਸਾਇਆ ਜਾਵੇਗਾ। ਹਿਮਾਚਲ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਮਨਜੂਰੀ ਵੀ ਦੇ ਦਿੱਤੀ ਹੈ। ਸਰਕਾਰ ਇਸ ਨੂੰ ਪਲਾਂਟ ਰੈਜੀਡੈਨਸ਼ੀਅਲ ਸਿਟੀ ਦੇ ਨਾਲ ਕਮਰਸ਼ੀਅਲ ਹੱਬ ਦੇ ਰੂਪ ਵਿਚ ਡਿਵੈਲਪ ਕਰੇਗੀ। ਇਹ ਸ਼ਹਿਰ ਚੰਡੀਗੜ੍ਹ ਦੇ ਨੇੜੇ ਬੱਦੀ ਰੋਡ ’ਤੇ ਵਸਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਿਚ 30 ਦਸੰਬਰ 2025 ਨੂੰ ਹੋਈ ਕੈਬਨਿਟ ਬੈਠਕ ਵਿਚ ਇਸ ਯੋਜਨਾ ਨੂੰ ਪਹਿਲਾਂ ਹੀ ਮਨਜੂਰੀ ਮਿਲ ਚੁੱਕੀ ਹੈ। ਸਰਕਾਰ ਦਾ ਦਾਅਵਾ ਹੈ ਕਿ ਬੱਦੀ-ਚੰਡੀਗੜ੍ਹ ਰੋਡ ’ਤੇ ਸ਼ੀਤਲਪੁਰ ਨੂੰ ਵਰਲਡ ਕਲਾਸ ਟਾਊਨਸ਼ਿਪ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ। ਇਸਦੇ ਨੇੜਲੇ ਪੇਂਡੂ ਖੇਤਰਾਂ ਨੂੰ ਵੀ ਵਿਕਾਸ ਨਾਲ ਜੋੜਿਆ ਜਾਵੇਗਾ। ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਤਰਜ਼ ’ਤੇ ਪੰਜਾਬ ਦੇ ਮੁਹਾਲੀ ਵਿਚ ਨਿਊ ਚੰਡੀਗੜ੍ਹ ਵਸਾਇਆ ਜਾ ਚੁੱਕਾ ਹੈ। 

ਅਦਾਲਤ ਨੇ ਕਿਹਾ :  ਲਾਲੂ ਪ੍ਰਸਾਦ ਦੇ ਪਰਿਵਾਰ ਨੇ ਅਪਰਾਧਿਕ ਗਿਰੋਹ ਵਾਂਗ ਕੰਮ ਕੀਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਧੀ ਮੀਸਾ ਭਾਰਤੀ, ਪੁੱਤਰ ਤੇਜਸਵੀ ਯਾਦਵ ਅਤੇ ਹੋਰ ਦੋਸ਼ੀਆਂ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਹੈ। ਨੌਕਰੀਆਂ ਬਦਲੇ ਜ਼ਮੀਨ ਘੁਟਾਲਾ ਮਾਮਲੇ ਵਿਚ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਲੰਘੀ 19 ਦਸੰਬਰ ਨੂੰ ਹੋਈ ਸੁਣਵਾਈ ਵਿਚ ਮਾਨਯੋਗ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ ਸੀ ਕਿ ਦੋਸ਼ ਤੈਅ ਕਰਨ ਨਾਲ ਸੰਬੰਧਿਤ ਹੁਕਮ 9 ਜਨਵਰੀ ਨੂੰ ਸਵੇਰੇ ਸਾਢੇ 10 ਵਜੇ ਸੁਣਾਇਆ ਜਾਵੇਗਾ। ਅਦਾਲਤ ਦਾ ਕਹਿਣਾ ਸੀ ਕਿ  ਲਾਲੂ ਪ੍ਰਸਾਦ ਦਾ ਪਰਿਵਾਰ ਅਪਰਾਧਿਕ ਗਿਰੋਹ ਵਾਂਗ ਕੰਮ ਕਰ ਰਿਹਾ ਸੀ। ਅਦਾਲਤ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਨੇ ਆਪਣੀਆਂ ਧੀਆਂ, ਪਤਨੀ ਅਤੇ ਪੁੱਤਰਾਂ ਦੇ ਲਈ ਅਚੱਲ ਸੰਪਤੀਆਂ ਹਾਸਲ ਕਰਨ ਦੇ ਲਈ ਸਰਕਾਰੀ ਨੌਕਰੀ ਨੂੰ ਸੌਦੇਬਾਜ਼ੀ ਦੇ ਹਥਿਆਰ ਦੇ ਰੂਪ ਵਿਚ ਇਸਤੇਮਾਲ ਕਰਨ ਦੀ ਇਕ ਵਿਆਪਕ ਸਾਜਿਸ਼ ਰਚੀ ਸੀ। 

ਅਮਰੀਕਾ ’ਚ ਸਕੀਟਿੰਗ ਕਰਦੇ ਸਮੇਂ ਜ਼ਖ਼ਮੀ ਹੋ ਗਿਆ ਸੀ ਅਗਨੀਵੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਇਕਲੌਤੇ ਪੁੱਤਰ ਅਗਨੀਵੇਸ਼ ਅਗਰਵਾਲ ਦਾ 49 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਅਗਨੀਵੇਸ਼ ਅਮਰੀਕਾ ਵਿਚ ਸਕੀਟਿੰਗ ਕਰਕੇ ਸਮੇਂ ਜ਼ਖ਼ਮੀ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇਲਾਜ ਲਈ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅਗਨੀਵੇਸ਼ ਨੂੰ ਲੰਘੇ ਕੱਲ੍ਹ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਅਗਨੀਵੇਸ਼ ਦੇ ਪਿਤਾ ਅਨਿਲ ਅਗਰਵਾਲ ਵਲੋਂ ਸ਼ੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ। ਅਨਿਲ ਅਗਰਵਾਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਅਤੇ ਕਾਲਾ ਦਿਨ ਸੀ। ਅਗਰਵਾਲ ਨੇ ਕਿਹਾ ਕਿ ਉਹ ਆਪਣੇ ਪੁੱਤਰ ਨਾਲ ਕੀਤਾ ਵਾਅਦਾ ਪੂਰਾ ਕਰਨਗੇ ਅਤੇ ਆਪਣੀ ਨਿੱਜੀ ਕਮਾਈ ਦਾ 75 ਫੀਸਦੀ ਹਿੱਸਾ ਦਾਨ ਕਰਨਗੇ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.